ਪਾਕਿਸਤਾਨੀ ਫਿਲਮ ਡਾਇਰੈਕਟਰ ਨੇ ‘ਬੇਗੁਨਾਹ’ ਫਿਲਮ ਬਣਾ ਕੇ ਪਹਿਲਗਾਮ ਹਮਲੇ ਨੂੰ ਗਲਤ ਢੰਗ ਨਾਲ ਕੀਤਾ ਪੇਸ਼
Saturday, Oct 04, 2025 - 11:18 AM (IST)

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)-ਇਕ ਪਾਕਿਸਤਾਨੀ ਫਿਲਮ ਡਾਇਰੈਕਟਰ ਨੇ ਪਹਿਲਗਾਮ ਹਮਲੇ ਨੂੰ ਇਕ ਭਾਰਤੀ ਸਾਜ਼ਿਸ਼ ਸਾਬਿਤ ਕਰਨ ਲਈ ‘ਬੇਗੁਨਾਹ’ ਫਿਲਮ ਬਣਾਈ ਹੈ। ਫਿਲਮ ਵਿਚ ਭਾਰਤੀ ਤਿਰੰਗੇ ਅਤੇ ਭਾਜਪਾ ਦੇ ਝੰਡੇ ਦੀ ਦੁਰਵਰਤੋਂ ਕੀਤੀ ਗਈ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਨਿਰਦੇਸ਼ਕ ਸ਼ਮੂਨ ਅੱਬਾਸੀ ਦੁਆਰਾ ਨਿਰਦੇਸ਼ਤ ਟੈਲੀਫਿਲਮ ‘ਬੇਗੁਨਾਹ’ ਦਾ ਟ੍ਰੇਲਰ ਅੱਜ ਰਿਲੀਜ਼ ਕੀਤਾ ਗਿਆ। ਇਹ ਫਿਲਮ ਪਹਿਲਗਾਮ ਅੱਤਵਾਦੀ ਹਮਲੇ ਨੂੰ ਭਾਰਤ ਦੁਆਰਾ ਇਕ ਰਾਜਨੀਤਕ ਸਾਜ਼ਿਸ਼ ਵਜੋਂ ਦਰਸਾਉਣ ਦੀ ਅਸਫਲ ਕੋਸ਼ਿਸ਼ ਹੈ। ਇਹ ਫਿਲਮ ਭਾਰਤ ਨੂੰ ਆਪਣੀ ਰਾਜਨੀਤਕ ਇੱਛਾ ਸ਼ਕਤੀ ਨੂੰ ਪੂਰਾ ਕਰਨ ਲਈ ਵੱਡੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਵਾਲੇ ਵਜੋਂ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ।
ਬੇਗੁਨਾਹ ਦੀ ਕਹਾਣੀ ਇਹ ਵੀ ਦਰਸਾਉਂਦੀ ਹੈ ਕਿ ਕਿਵੇਂ ਭਾਰਤ ਸਰਕਾਰ ਨੇ ਰਾਜਨੀਤਿਕ ਲਾਭ ਲਈ ਆਪਣੇ ਹੀ ਸੈਲਾਨੀਆਂ ਦੀ ਬਲੀ ਦਿੱਤੀ ਅਤੇ ਫਿਰ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਪਾਕਿਸਤਾਨ ’ਤੇ ਦੋਸ਼ ਲਗਾਇਆ। ਆਪ੍ਰੇਸ਼ਨ ਸੰਦੂਰ ਨੂੰ ਭਾਰਤ ਦੁਆਰਾ ਇੱਕ ਅਸਫਲ ਆਪ੍ਰੇਸ਼ਨ ਵਜੋਂ ਵੀ ਦਰਸਾਇਆ ਗਿਆ ਹੈ।
ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਫਿਲਮ ਨਿਰਦੇਸ਼ਕ ਸ਼ਮੂਨ ਅੱਬਾਸੀ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਹਰ ਪੱਧਰ ’ਤੇ ਭਾਰਤ ਨਾਲ ਮੁਕਾਬਲਾ ਕਰੇ, ਭਾਵੇਂ ਇਸ ਲਈ ਮਨਘੜਤ ਕਹਾਣੀਆਂ ਬਣਾਉਣ ਦੀ ਲੋੜ ਪਵੇ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਮੀਡੀਆ ਦੀ ਦੁਨੀਆ ਭਰ ਵਿੱਚ ਮਜ਼ਬੂਤ ਮੌਜੂਦਗੀ ਹੈ ਅਤੇ ਪਾਕਿਸਤਾਨੀ ਸਰਕਾਰ ਨੂੰ ਵੀ ਇਸ ਦਾ ਮੁਕਾਬਲਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਬੇਗੁਨਾਹ ਵਰਗੀਆਂ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਇੱਕ ਵਿਸ਼ੇਸ਼ ਪੈਕੇਜ ਦੇ ਹੱਕਦਾਰ ਹਨ। ਇਸ ਝੂਠੀ ਅਤੇ ਗੁੰਮਰਾਹਕੁੰਨ ਫਿਲਮ ਵਿੱਚ ਕਲਾਕਾਰਾਂ ’ਚ ਸ਼ਮੂਨ ਅੱਬਾਸੀ ਖੁਦ, ਨਾਜ਼ਿਸ਼ ਜਹਾਂਗੀ, ਕਾਮਰਾਨ ਜਿਲਾਨੀ, ਹਸਨ ਨਿਆਜ਼ੀ, ਹਮਦ ਫਾਰੂਕੀ ਅਤੇ ਸਲੀਮ ਸ਼ੇਖ ਦੇ ਨਾਲ ਹਨ। ਕਹਾਣੀ ਅਲੀ ਮੋਇਨ ਅਤੇ ਇਰਫਾਨ ਚਾਂਦੀਓ ਦੁਆਰਾ ਲਿਖੀ ਗਈ ਹੈ।