ਰਿਤਿਕ ਰੌਸ਼ਨ ਨੂੰ ਪਸੰਦ ਆਈ ''ਧੁਰੰਧਰ'', ਬੋਲੇ- "ਇਸਦੀ ''ਰਾਜਨੀਤੀ'' ਨਾਲ ਸਹਿਮਤ ਨਹੀਂ ਹਾਂ"

Thursday, Dec 11, 2025 - 12:37 PM (IST)

ਰਿਤਿਕ ਰੌਸ਼ਨ ਨੂੰ ਪਸੰਦ ਆਈ ''ਧੁਰੰਧਰ'', ਬੋਲੇ- "ਇਸਦੀ ''ਰਾਜਨੀਤੀ'' ਨਾਲ ਸਹਿਮਤ ਨਹੀਂ ਹਾਂ"

ਮੁੰਬਈ- ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਅਦਾਕਾਰ ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਬਾਕਸ ਆਫਿਸ 'ਤੇ ਤਹਿਲਕਾ ਮਚਾ ਰਹੀ ਹੈ। ਮਹਿਜ਼ 5 ਦਿਨਾਂ ਵਿੱਚ ਫਿਲਮ ਨੇ ਲਗਭਗ 160 ਕਰੋੜ ਰੁਪਏ ਦਾ ਕੁਲ ਕਲੈਕਸ਼ਨ ਕਰ ਲਿਆ ਹੈ। ਹੁਣ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸੁਪਰਸਟਾਰ ਰਿਤਿਕ ਰੋਸ਼ਨ ਨੇ ਆਪਣਾ ਰਿਵਿਊ ਦਿੱਤਾ ਹੈ ਅਤੇ ਇੰਸਟਾਗ੍ਰਾਮ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਰਿਤਿਕ ਰੌਸ਼ਨ ਨੇ 'ਧੁਰੰਧਰ' ਦੀ ਸਿਨੇਮੈਟਿਕ ਪੇਸ਼ਕਾਰੀ ਦੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ ਹੈ, ਪਰ ਨਾਲ ਹੀ ਇਸਦੇ 'ਰਾਜਨੀਤੀ' ਵਾਲੇ ਪੱਖ 'ਤੇ ਆਪਣੀ ਅਸਹਿਮਤੀ ਵੀ ਜ਼ਾਹਰ ਕੀਤੀ ਹੈ।
'ਇਹ ਸਿਨੇਮਾ ਹੈ': ਰਿਤਿਕ ਰੌਸ਼ਨ
ਰਿਤਿਕ ਰੌਸ਼ਨ ਨੇ ਆਪਣੇ ਰਿਵਿਊ ਵਿੱਚ ਫਿਲਮ ਦੀ ਕਹਾਣੀ ਸੁਣਾਉਣ ਦੇ ਢੰਗ ਨੂੰ ਬਹੁਤ ਪਸੰਦ ਕੀਤਾ। ਉਨ੍ਹਾਂ ਲਿਖਿਆ, "ਮੈਨੂੰ ਸਿਨੇਮਾ ਪਸੰਦ ਹੈ, ਅਜਿਹੇ ਲੋਕ ਪਸੰਦ ਹਨ ਜੋ ਇੱਕ ਭੰਵਰ ਵਿੱਚ ਫਸਦੇ ਹਨ ਅਤੇ ਕਹਾਣੀ ਨੂੰ ਕੰਟਰੋਲ ਕਰਨ ਦਿੰਦੇ ਹਨ"। ਉਨ੍ਹਾਂ ਨੇ ਅੱਗੇ ਕਿਹਾ ਕਿ 'ਧੁਰੰਧਰ' ਇਸ ਦੀ ਇੱਕ ਉਦਾਹਰਣ ਹੈ। ਉਨ੍ਹਾਂ ਨੇ ਕਿਹਾ, "ਕਹਾਣੀ ਦੱਸਣ ਦਾ ਤਰੀਕਾ ਬਹੁਤ ਪਸੰਦ ਆਇਆ, ਇਹ ਸਿਨੇਮਾ ਹੈ"।
'ਪਰ ਮੈਂ ਇਸਦੀ ਪਾਲਿਟਿਕਸ ਨਾਲ ਸਹਿਮਤ ਨਹੀਂ'
ਤਾਰੀਫ਼ ਦੇ ਨਾਲ ਹੀ, ਰਿਤਿਕ ਰੌਸ਼ਨ ਨੇ ਇੱਕ ਵੱਡਾ ਬਿਆਨ ਵੀ ਦਿੱਤਾ। ਉਨ੍ਹਾਂ ਨੇ ਲਿਖਿਆ, "ਮੈਂ ਇਸਦੀ ਪਾਲਿਟਿਕਸ ਨਾਲ ਸਹਿਮਤ ਨਹੀਂ ਹੋ ਸਕਦਾ",। ਰਿਤਿਕ ਨੇ ਅੱਗੇ ਕਿਹਾ ਕਿ ਉਹ ਇਸ ਗੱਲ 'ਤੇ ਬਹਿਸ ਕਰ ਸਕਦੇ ਹਨ ਕਿ ਦੁਨੀਆ ਦੇ ਨਾਗਰਿਕ ਹੋਣ ਦੇ ਨਾਤੇ ਫਿਲਮਮੇਕਰਜ਼ ਨੂੰ ਕੀ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ। ਪਰ ਇਸਦੇ ਬਾਵਜੂਦ, ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਸਿਨੇਮਾ ਦੇ ਇੱਕ ਵਿਦਿਆਰਥੀ ਵਜੋਂ ਉਨ੍ਹਾਂ ਨੂੰ ਇਹ ਫਿਲਮ ਕਿੰਨੀ ਪਸੰਦ ਆਈ ਅਤੇ ਉਨ੍ਹਾਂ ਨੇ ਇਸ ਤੋਂ ਕਿੰਨਾ ਕੁਝ ਸਿੱਖਿਆ,। ਉਨ੍ਹਾਂ ਨੇ ਫਿਲਮ ਨੂੰ "ਕਮਾਲ" ਦੱਸਿਆ।
ਫਿਲਮ 'ਧੁਰੰਧਰ' ਬਾਰੇ
'ਧੁਰੰਧਰ' ਹਮਜ਼ਾ ਅਲੀ ਮਜ਼ਾਰੀ (ਇੱਕ ਭਾਰਤੀ ਜਾਸੂਸ) ਦੀ ਕਹਾਣੀ ਹੈ, ਜੋ ਪਾਕਿਸਤਾਨ ਵਿੱਚ ਦਾਖਲ ਹੁੰਦਾ ਹੈ ਅਤੇ ਉੱਥੇ ਰਹਿਮਾਨ ਡਾਕੂ ਦੀ ਗੈਂਗ ਵਿੱਚ ਸ਼ਾਮਲ ਹੋ ਜਾਂਦਾ ਹੈ। ਫਿਲਮ ਵਿੱਚ ਇਹ ਦਿਖਾਇਆ ਗਿਆ ਹੈ ਕਿ ਉਹ ਅੰਡਰਵਰਲਡ ਦੀਆਂ ਗਤੀਵਿਧੀਆਂ ਦੇ ਵੇਰਵੇ ਭਾਰਤ ਨੂੰ ਲੀਕ ਕਰਦਾ ਹੈ। ਇਸ ਫਿਲਮ ਵਿੱਚ ਰਣਵੀਰ ਸਿੰਘ ਤੋਂ ਇਲਾਵਾ ਸੰਜੇ ਦੱਤ, ਅਰਜੁਨ ਰਾਮਪਾਲ, ਆਰ ਮਾਧਵਨ ਅਤੇ ਅਕਸ਼ੈ ਖੰਨਾ ਵਰਗੇ ਅਦਾਕਾਰ ਹਨ। ਇਹ ਫਿਲਮ 5 ਦਸੰਬਰ ਨੂੰ ਰਿਲੀਜ਼ ਹੋਈ ਸੀ ਅਤੇ ਇਸਦਾ ਦੂਜਾ ਹਿੱਸਾ 19 ਮਾਰਚ 2026 ਨੂੰ ਰਿਲੀਜ਼ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, 'ਵਾਰ' (2019) ਦੇ ਡਾਇਰੈਕਟਰ ਸਿਧਾਰਥ ਆਨੰਦ ਨੇ ਵੀ 'ਧੁਰੰਧਰ' ਦੀ ਤਾਰੀਫ਼ ਕਰਦਿਆਂ ਇਸਨੂੰ "ਨਸ਼ਾ" ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਇਸਨੂੰ ਦੁਬਾਰਾ ਦੇਖਣ ਜਾ ਰਹੇ ਹਨ।
 


author

Aarti dhillon

Content Editor

Related News