ਹਾਸੇ-ਮਜਾਕ ਦੇ ਨਾਲ ਡਿਪਰੈਸ਼ਨ ਦੀ ਗੱਲ ਕਰਦੀ ਹੈ ਹਰਸਿਮਰਨ ਤੇ ਮੈਂਡੀ ਦੀ ਫ਼ਿਲਮ 'ਮਿਸਟਰ ਸ਼ੁਦਾਈ'

06/18/2024 9:13:57 AM

ਜਲੰਧਰ- ਪੰਜਾਬੀ ਫ਼ਿਲਮ 'ਮਿਸਟਰ ਸ਼ੁਦਾਈ' 21 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਹਰਸਿਮਰਨ ਤੇ ਮੈਂਡੀ ਤੱਖੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਹਰਜੋਤ ਸਿੰਘ ਨੇ ਡਾਇਰੈਕਟ ਕੀਤੀ ਹੈ, ਜਿਸ ਦੀ ਕਹਾਣੀ ਕੁਰਾਨ ਢਿੱਲੋਂ ਤੇ ਹਰਜੋਤ ਸਿੰਘ ਵਲੋਂ ਲਿਖੀ ਗਈ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਹਰਸਿਮਰਨ ਤੇ ਮੈਂਡੀ ਤੱਖੜ ਨਾਲ ਖ਼ਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸਵਾਲ– ਫ਼ਿਲਮ ਦੌਰਾਨ ਤੁਸੀਂ ਆਪਣੀ ਬਾਡੀ ਟ੍ਰਾਂਸਫਾਰਮੇਸ਼ਨ 'ਤੇ ਸੀ। ਇਸ ਦੌਰਾਨ ਫ਼ਿਲਮ ਦਾ ਸਬੱਬ ਕਿਵੇਂ ਬਣਿਆ?

ਮੈਂਡੀ ਤੱਖੜ– ਫ਼ਿਲਮ ਦੇ ਕਿਰਦਾਰ ਲਈ ਉਨ੍ਹਾਂ ਨੂੰ ਅਸਲ 'ਚ ਮੇਰੇ ਵਰਗੀ ਹੀ ਕੁੜੀ ਚਾਹੀਦੀ ਸੀ। ਮੈਂ ਪੁਲਸ ਅਫ਼ਸਰ ਦਾ ਕਿਰਦਾਰ ਨਿਭਾਅ ਰਹੀ ਹਾਂ ਤੇ ਸ਼ਾਇਦ ਉਨ੍ਹਾਂ ਨੇ ਦੇਖਿਆ ਕਿ ਮੈਂ ਆਪਣੇ ਵਧੇ ਭਾਰ 'ਚ ਪੁਲਸ ਅਫ਼ਸਰ ਦੇ ਕਿਰਦਾਰ ਲਈ ਪਰਫੈਕਟ ਹਾਂ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਫ਼ਿਲਮ ਲਈ ਪਤਲੀਆਂ ਕੁੜੀਆਂ ਹੀ ਵਧੀਆ ਲੱਗਦੀਆਂ ਹਨ ਪਰ ਮੈਂ ਸ਼ੁਕਰਗੁਜ਼ਾਰ ਹਾਂ ਫ਼ਿਲਮ ਦੀ ਟੀਮ ਦੀ, ਜਿਨ੍ਹਾਂ ਨੇ ਇਸ ਗੱਲ ਨੂੰ ਗਲਤ ਸਾਬਿਤ ਕੀਤਾ।

ਸਵਾਲ– ਤੁਸੀਂ ਫ਼ਿਲਮ 'ਚ ਇਕੱਠਿਆਂ 5 ਕਿਰਦਾਰ ਨਿਭਾਏ ਹਨ। ਕਿੰਨਾ ਚੈਲੰਜ ਮਹਿਸੂਸ ਕੀਤਾ?

ਹਰਸਿਮਰਨ– ਮੇਰੇ ਨਾਲ ਟੀਮ ਇੰਨੀ ਵਧੀਆ ਸੀ ਮੈਨੂੰ ਇਹ ਚੀਜ਼ ਕਦੇ ਮਹਿਸੂਸ ਹੀ ਨਹੀਂ ਹੋਈ। ਹਾਲਾਂਕਿ ਉਨ੍ਹਾਂ ਦੀ ਐਕਟਿੰਗ ਕਰਨੀ, ਜਿਹੜੇ ਆਪ ਬਾਕਮਾਲ ਕਲਾਕਾਰ ਹਨ, ਇਹ ਚੀਜ਼ ਔਖੀ ਜ਼ਰੂਰ ਸੀ ਪਰ ਇਨ੍ਹਾਂ ਨੇ ਸਾਥ ਬੜਾ ਦਿੱਤਾ।

ਸਵਾਲ– ਕਿਹੜੇ ਕਲਾਕਾਰ ਦਾ ਕਿਰਦਾਰ ਨਿਭਾਅ ਕੇ ਸਭ ਤੋਂ ਵੱਧ ਮਜ਼ਾ ਆਉਂਦਾ ਸੀ?

ਹਰਸਿਮਰਨ– ਨਿਸ਼ਾ ਜੀ ਦਾ ਕਿਰਦਾਰ ਨਿਭਾਉਣਾ ਔਖਾ ਸੀ ਕਿਉਂਕਿ ਮੈਂ ਕਦੇ ਵੀ ਆਪਣੀ ਜ਼ਿੰਦਗੀ ’ਚ ਇਕ ਅੌਰਤ ਦੀ ਅਦਾਕਾਰੀ ਨਹੀਂ ਕੀਤੀ ਹੈ। ਸੁਖਵਿੰਦਰ ਚਾਹਲ ਦੀ ਅਦਾਕਾਰੀ ਕਰਕੇ ਸਭ ਤੋਂ ਵੱਧ ਮਜ਼ਾ ਆਉਂਦਾ ਸੀ। ਇਨ੍ਹਾਂ ਤੋਂ ਇਲਾਵਾ ਬੱਚੇ ਵਾਲਾ ਵੀ ਵਧੀਆ ਕਿਰਦਾਰ ਸੀ ਪਰ ਰੀਟੇਕ ਦੌਰਾਨ ਮੈਨੂੰ ਕਈ ਵਾਰ ਡੋਨਟਸ ਤੇ ਚਾਕਲੇਟਾਂ ਬੜੀਆਂ ਖਾਣੀਆਂ ਪੈਂਦੀਆਂ ਸਨ ਕਿਉਂਕਿ ਬੱਚਾ ਉਨ੍ਹਾਂ ਨੂੰ ਫ਼ਿਲਮ 'ਚ ਲਗਾਤਾਰ ਖਾਂਦਾ ਹੈ।

ਸਵਾਲ– ਫ਼ਿਲਮ ਲਈ ਐਕਟਿੰਗ ਕਲਾਸਾਂ ਵੀ ਲਗਾਈਆਂ ਜਾਂ ਨਹੀਂ?

ਹਰਸਿਮਰਨ– ਜੀ ਨਹੀਂ! ਕਿਉਂਕਿ ਸਕੂਲ ਤਾਂ ਸਾਰਾ ਮੇਰੇ ਨਾਲ ਹੀ ਸੀ। ਇੰਨੇ ਸ਼ਾਨਦਾਰ ਕਲਾਕਾਰ ਮੇਰੇ ਨਾਲ ਸਨ ਕਿ ਕਿਤੇ ਜਾਣ ਦੀ ਲੋੜ ਨਹੀਂ ਪਈ। ਵਧੀਆ ਟੀਮ ਨਾਲ ਹੋਵੇ ਤਾਂ ਕਿਰਦਾਰ ਨਿਭਾਉਣੇ ਸੌਖੇ ਹੋ ਜਾਂਦੇ ਹਨ ਤੇ ਇਨ੍ਹਾਂ ਨਾਲ ਮੇਰੀ ਕੈਮਿਸਟਰੀ ਵੀ ਸ਼ਾਨਦਾਰ ਰਹੀ ਹੈ।

ਸਵਾਲ– ਪਹਿਲੀ ਵਾਰ ਤੁਸੀਂ ਪੁਲਸ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ। ਤਜਰਬਾ ਕਿਵੇਂ ਦਾ ਰਿਹਾ?

ਮੈਂਡੀ– ਮੈਨੂੰ ਖ਼ੁਸ਼ੀ ਹੈ ਕਿ ਮੈਂ ਬਾਹਰਲੀ ਪੁਲਸ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ ਕਿਉਂਕਿ ਇਹ ਨਿਭਾਉਣਾ ਮੇਰੇ ਲਈ ਜ਼ਿਆਦਾ ਆਸਾਨ ਸੀ। ਇਸ ਨੂੰ ਨਿਭਾਅ ਕੇ ਬਹੁਤ ਮਜ਼ਾ ਆਇਆ, ਇੰਝ ਲੱਗਦਾ ਸੀ ਕਿ ਜਿਵੇਂ ਮੈਂ ਅਸਲ 'ਚ ਹੀ ਪੁਲਸ ਅਫ਼ਸਰ ਹਾਂ।

ਸਵਾਲ– ਤੁਸੀਂ ਆਸਟਰੇਲੀਆ 'ਚ ਹੀ ਰਹਿੰਦੇ ਹੋ ਤੇ ਇਸ ਫ਼ਿਲਮ ਦੀ ਸਾਰੀ ਸ਼ੂਟਿੰਗ ਆਸਟਰੇਲੀਆ ’ਚ ਹੋਈ ਹੈ। ਇਸ ਨੂੰ ਕਿਵੇਂ ਦੇਖਦੇ ਹੋ?

ਹਰਸਿਮਰਨ– ਫ਼ਿਲਮ ਦੀ ਲਗਭਗ ਸਾਰੀ ਟੀਮ ਹੀ ਆਸਟਰੇਲੀਆ ਦੀ ਸੀ। ਭਾਵੇਂ ਕਲਾਕਾਰ ਹੋਣ ਜਾਂ ਕਰਿਊ ਮੈਂਬਰ, ਇਹ ਸਭ ਆਸਟਰੇਲੀਆ ਤੋਂ ਹੀ ਲਏ ਗਏ ਹਨ। ਮੈਨੂੰ ਇੰਝ ਮਹਿਸੂਸ ਹੁੰਦਾ ਸੀ ਕਿ ਜਿਵੇਂ ਆਪਣੇ ਘਰ ਹੀ ਸ਼ੂਟ ਕਰ ਰਹੇ ਹਾਂ। ਉਥੋਂ ਦਾ ਮੌਸਮ ਵੀ ਬੜਾ ਵਧੀਆ ਸੀ।

ਸਵਾਲ– ਫ਼ਿਲਮ 'ਚ ਡਿਪਰੈਸ਼ਨ ਦਾ ਮੁੱਦਾ ਚੁੱਕਿਆ ਗਿਆ ਹੈ। ਤੁਸੀਂ ਇਸ ਦੇ ਕੀ ਕਾਰਨ ਮੰਨਦੇ ਹੋ?

ਮੈਂਡੀ– ਮੈਨੂੰ ਲੱਗਦਾ ਹੈ ਕਿ ਵਧੇਰੇ ਸੋਚਣਾ ਡਿਪਰੈਸ਼ਨ ਦਾ ਇਕ ਵੱਡਾ ਕਾਰਨ ਹੈ। ਜੋ ਤੁਹਾਡੇ ਕੋਲ ਹੁਣ ਹੈ, ਉਸ 'ਚ ਜਿਊਣਾ ਥੋੜ੍ਹਾ ਮੁਸ਼ਕਿਲ ਹੈ ਪਰ ਬਿਨਾਂ ਟੈਂਸ਼ਨ-ਪ੍ਰੇਸ਼ਾਨੀ ਦੇ ਤੁਸੀਂ ਇਸ ਤਰ੍ਹਾਂ ਹੀ ਰਹਿ ਸਕਦੇ ਹੋ। ਮੇਰੇ ਚੱਲ ਰਹੇ ਸਮੇਂ ਨੂੰ ਸਿਰਫ਼ ਕੋਈ ਸੋਚ ਖ਼ਰਾਬ ਕਰ ਸਕਦੀ ਹੈ। ਜੇ ਮੈਂ ਭਵਿੱਖ ਜਾਂ ਪਿਛੋਕੜ ਬਾਰੇ ਕੁਝ ਸੋਚ ਲਵਾਂ ਤਾਂ ਮੇਰੇ ਦਿਮਾਗ ਅੰਦਰ ਇਕ ਜੱਦੋ-ਜਹਿਦ ਚੱਲਣ ਲੱਗਦੀ ਹੈ। ਇਸ ਕਰਕੇ ਆਪਣੇ ਵਰਤਮਾਨ 'ਚ ਜਿਊਣਾ ਸਿੱਖੋ।

ਸਵਾਲ– ਇੰਨੀ ਠੰਡ 'ਚ ਪਾਣੀ 'ਚ ਛਾਲ ਮਾਰਨ ਵਾਲਾ ਸੀਨ ਕਿਵੇਂ ਪਲਾਨ ਹੋਇਆ?

ਹਰਸਿਮਰਨ– ਜਦੋਂ ਪਾਣੀ 'ਚ ਛਾਲ ਮਾਰਨ ਵਾਲਾ ਸੀਨ ਸ਼ੂਟ ਕਰਨਾ ਸੀ, ਉਦੋਂ ਉਥੇ ਤਾਪਮਾਨ 2 ਡਿਗਰੀ ਸੀ। ਸਵੇਰ ਸਮੇਂ ਦਾ ਸ਼ੂਟ ਸੀ, ਡਾਇਰੈਕਟਰ ਨੇ ਆਪਣੇ ਵਲੋਂ ਪੂਰਾ ਜ਼ੋਰ ਲਗਾ ਇਅਾ ਹੋਇਅਾ ਸੀ, ਹਰ ਤਰ੍ਹਾਂ ਦੀ ਵ੍ਹਿਸਕੀ ਉਥੇ ਮੌਜੂਦ ਸੀ, ਜਿਸ ਨਾਲ ਠੰਡ ਤੋਂ ਬਚਿਆ ਜਾ ਸਕੇ। ਮੈਂ ਕਾਫ਼ੀ ਕਿਹਾ ਕਿ ਚੀਟ ਕਰ ਲੈਂਦੇ ਹਾਂ ਇਸ ਸੀਨ ਨੂੰ ਪਰ ਉਨ੍ਹਾਂ ਦਾ ਮਨ ਸੀ ਕਿ ਇਸ ਨੂੰ ਅਸਲ ਰੱਖਿਆ ਜਾਵੇ। ਹੁਣ ਜਦੋਂ ਫ਼ਿਲਮ ਬਣ ਚੁੱਕੀ ਹੈ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਕਿਉਂ ਉਹ ਛਾਲ ਅਸਲ ’ਚ ਮਰਵਾਈ।

ਸਵਾਲ– 'ਜੋੜੀ' ਫ਼ਿਲਮ ਆਉਣ ਤੋਂ ਬਾਅਦ ਇਹ ਫ਼ਿਲਮ ਆਫਰ ਹੋਈ ਜਾਂ ਉਸ ਤੋਂ ਪਹਿਲਾਂ?

ਹਰਸਿਮਰਨ– ਦੇਖੋ 'ਮਿਸਟਰ ਸ਼ੁਦਾਈ' ਦੀ ਟੀਮ 'ਚ ਲਗਭਗ ਸਾਰੇ ਮੇਰੇ ਦੋਸਤ ਹੀ ਹਨ ਪਰ 'ਜੋੜੀ' ਫ਼ਿਲਮ ਆਉਣ ਤੋਂ ਪਹਿਲਾਂ ਇਨ੍ਹਾਂ ਨੂੰ ਵੀ ਭਰੋਸਾ ਨਹੀਂ ਸੀ। ਡਾਇਰੈਕਟਰ ਤੇ ਪ੍ਰੋਡਿਊਸਰ ਨੂੰ 'ਜੋੜੀ' ਫ਼ਿਲਮ ਦੇਖਣ ਤੋਂ ਬਾਅਦ ਥੋੜ੍ਹਾ ਹੌਸਲਾ ਮਿਲਿਆ। 'ਜੋੜੀ' ਫ਼ਿਲਮ ਤੋਂ ਬਾਅਦ ਬਹੁਤ ਸਾਰੀਆਂ ਆਫਰਾਂ ਮਿਲੀਆਂ ਪਰ ਮੈਨੂੰ ਸੀ ਕਿ ਮੈਂ ਆਪਣੀ ਟੀਮ ਨਾਲ ਹੀ ਕੰਮ ਕਰਾਂ, ਜਿਨ੍ਹਾਂ ਨਾਲ ਅਸੀਂ ਇਕੱਠੇ ਸੁਪਨੇ ਲੈ ਕੇ ਤੁਰੇ ਹਾਂ।


DILSHER

Content Editor

Related News