B''DAY : ਡਿੰਪਲ ਗਰਲ ਪ੍ਰਿਟੀ ਜ਼ਿੰਟਾ ਨੇ ਚੁਲਬੁਲੀਆਂ ਅਦਾਵਾਂ ਨਾਲ ਬਣਾਇਆ ਸਭ ਨੂੰ ਦੀਵਾਨੇ, Unseen Pics

01/31/2016 11:36:59 AM

ਮੁੰਬਈ : ਬਾਲੀਵੁੱਡ ''ਚ ਪ੍ਰਿਟੀ ਜ਼ਿੰਟਾ ਇਕ ਅਜਿਹੀ ਅਦਾਕਾਰਾ ਹੈ, ਜਿਸ ਨੇ ਆਪਣੀਆਂ ਚੁਲਬੁਲੀਆਂ ਅਦਾਵਾਂ ਨਾਲ ਲੱਗਭਗ ਦੋ ਦਹਾਕਿਆਂ ਤੋਂ ਸਿਨੇਮਾ ਪ੍ਰੇਮੀਆਂ ਨੂੰ ਆਪਣੇ ਦੀਵਾਨੇ ਬਣਾਇਆ ਹੈ। 31 ਜਨਵਰੀ 1975 ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ''ਚ ਪੈਦਾ ਹੋਈ ਪ੍ਰਿਟੀ ਨੇ ਕਰੀਅਰ ਦੇ ਸ਼ੁਰੂਆਤੀ ਦੌਰ ''ਚ ਵਿਗਿਆਪਨਾਂ ''ਚ ਕੰਮ ਕੀਤਾ। ਪ੍ਰਿਟੀ ਨੇ ਬਾਲੀਵੁੱਡ ''ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1998 ''ਚ ਆਈ ਮਣੀਰਤਨਮ ਦੀ ਫਿਲਮ ''ਦਿਲ ਸੇ'' ਨਾਲ ਕੀਤੀ। ਇਸ ਫਿਲਮ ਲਈ ਪ੍ਰਿਟੀ ਨੂੰ ਫਿਲਮ ਫੇਅਰ ਵਲੋਂ ਸਰਵੋਤਮ ਡੈਬਿਊ ਅਦਾਕਾਰਾ ਦਾ ਅਵਾਰਡ ਦਿੱਤਾ ਗਿਆ।
ਸਾਲ 1998 ''ਚ ਪ੍ਰਿਟੀ ਦੀ ਇਕ ਹੋਰ ਫਿਲਮ ''ਸੋਲਜ਼ਰ'' ਰਿਲੀਜ਼ ਹੋਈ। ਇਸ ਫਿਲਮ ਵਿਚ ਪ੍ਰਿਟੀ ਦੇ ਆਪੋਜ਼ਿਟ ਬੌਬੀ ਦਿਓਲ ਸਨ। ਸਸਪੈਂਸ ਥ੍ਰਿਲਰ ''ਤੇ ਅਧਾਰਿਤ ਇਸ ਫਿਲਮ ''ਚ ਪ੍ਰਿਟੀ ਅਤੇ ਬੌਬੀ ਦਿਓਲ ਦੀ ਜੋੜੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ''ਸੋਲਜ਼ਰ'' ਟਿਕਟ ਖਿੜਕੀ ''ਤੇ ਸੁਪਰਹਿੱਟ ਸਿੱਧ ਹੋਈ। ਸਾਲ 2000 ''ਚ ਆਈ ਫਿਲਮ ''ਕਿਆ ਕਹਿਨਾ'' ਪ੍ਰਿਟੀ ਜ਼ਿੰਟਾ ਦੇ ਕਰੀਅਰ ਲਈ ਅਹਿਮ ਸਿੱਧ ਹੋਈ। ਇਸ ਫਿਲਮ ਤੋਂ ਪਹਿਲਾਂ ਲੋਕਾਂ ਦੀ ਧਾਰਨਾ ਸੀ ਕਿ ਪ੍ਰਿਟੀ ਸਿਰਫ ਚੁਲਬੁਲੇ ਕਿਰਦਾਰ ਹੀ ਨਿਭਾਅ ਸਕਦੀ ਹੈ ਪਰ ਇਸ ਫਿਲਮ ''ਚ ਉਸ ਦੀ ਸੰਜੀਦਾ ਅਦਾਕਾਰੀ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਗਈ। ਇਸ ਫਿਲਮ ਲਈ ਪ੍ਰਿਟੀ  ਨੂੰ ਸਰਵੋਤਮ ਅਦਾਕਾਰਾ ਦੇ ਫਿਲਮ ਫੇਅਰ ਅਵਾਰਡ ਲਈ ਨਾਮਜ਼ਦ ਕੀਤਾ ਗਿਆ।
ਸਾਲ 2001 ''ਚ ਆਈ ਫਿਲਮ ''ਦਿਲ ਚਾਹਤਾ ਹੈ'' ਪ੍ਰਿਟੀ ਦੇ ਕਰੀਅਰ ਦੀਆਂ ਮਹੱਤਵਪੂਰਨ ਫਿਲਮਾਂ ''ਚੋਂ ਇਕ ਰਹੀ। ਇਸ ''ਚ ਫਰਹਾਨ ਅਖ਼ਤਰ ਨੇ ਬਾਲੀਵੁੱਡ ''ਚ ਬਤੌਰ ਨਿਰਦੇਸ਼ਕ ਆਪਣੀ ਸ਼ੁਰੂਆਤ ਕੀਤੀ ਸੀ। ਤਿੰਨ ਦੋਸਤਾਂ ''ਤੇ ਅਧਾਰਿਤ ਇਸ ਫਿਲਮ ''ਚ ਪ੍ਰਿਟੀ ਦੇ ਆਪੋਜ਼ਿਟ ਆਮਿਰ ਖਾਨ ਸਨ। ਇਸ ਫਿਲਮ ''ਚ ਪ੍ਰਿਟੀ ਅਤੇ ਆਮਿਰ ਖਾਨ ਦੀ ਜੋੜੀ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ।
ਸਾਲ 2003 ਪ੍ਰਿਟੀ ਦੇ ਕਰੀਅਰ ਲਈ ਅਹਿਮ ਵਰ੍ਹਾ ਸਿੱਧ ਹੋਇਆ। ਇਸ ਸਾਲ ਉਸ ਦੀਆਂ ਫਿਲਮਾਂ ''ਕਲ ਹੋ ਨ ਹੋ'' ਅਤੇ ''ਕੋਈ ਮਿਲ ਗਿਆ'' ਰਿਲੀਜ਼ ਹੋਈਆਂ। ''ਕਲ ਹੋ ਨਾ ਹੋ'' ਲਈ ਉਸ ਨੂੰ ਸਰਵੋਤਮ ਅਦਾਕਾਰਾ ਦੇ ਫਿਲਮ ਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਉਥੇ ਹੀ ''ਕੋਈ ਮਿਲ ਗਿਆ'' ਲਈ ਉਹ ਸਰਵੋਤਮ ਫਿਲਮ ਫੇਅਰ ਅਵਾਰਡ ਲਈ ਨਾਮਜ਼ਦ ਕੀਤੀ ਗਈ। ਸਾਲ 2004 ''ਚ ਰਿਲੀਜ਼ ਹੋਈ ਫਿਲਮ ''ਵੀਰ ਜ਼ਾਰਾ'' ਪ੍ਰਿਟੀ  ਦੇ ਕਰੀਅਰ ਦੀਆਂ ਜ਼ਿਕਰਯੋਗ ਫਿਲਮਾਂ ''ਚ ਸ਼ਾਮਲ ਕੀਤੀ ਜਾਂਦੀ ਹੈ। ਯਸ਼ ਚੋਪੜਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ''ਚ ਪ੍ਰਿਟੀ ਜ਼ਿੰਟਾ ਅਤੇ ਸ਼ਾਹਰੁਖ ਖਾਨ ਦੀ ਜੋੜੀ ਇਕ ਵਾਰ ਫਿਰ ਪਸੰਦ ਕੀਤੀ ਗਈ। ਸਾਲ 2005 ''ਚ ਆਈ ਅਤੇ ਲਿਵ ਇਨ ਰਿਲੇਸ਼ਨਸ਼ਿਪ ''ਤੇ ਅਧਾਰਿਤ ਫਿਲਮ ''ਸਲਾਮ ਨਮਸਤੇ'' ਰਾਹੀਂ ਪ੍ਰਿਟੀ ਨੇ ਇਕ ਵਾਰ ਫਿਰ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਦੀਵਾਨੇ ਬਣਾਇਆ।
ਸਾਲ 2006 ''ਚ ਆਈ ਫਿਲਮ ''ਕਭੀ ਅਲਵਿਦਾ ਨਾ ਕਹਿਨਾ'' ਪ੍ਰਿਟੀ ਦੇ ਕਰੀਅਰ ਦੀ ਆਖਰੀ ਸੁਪਰਹਿੱਟ ਫਿਲਮ ਸਿੱਧ ਹੋਈ। ਸਾਲ 2009 ''ਚ ਆਈ ਫਿਲਮ ''ਮੈਂ ਔਰ ਮਿਸਿਜ਼  ਖੰਨਾ'' ਵਿਚ ਪ੍ਰਿਟੀ ਨੇ ਕੈਮੀਓ ਕੀਤਾ। ਇਸ ਤੋਂ ਬਾਅਦ ਉਸ ਨੇ ਫਿਲਮ ਇੰਡਸਟਰੀ ਤੋਂ ਕਿਨਾਰਾ ਕਰ ਲਿਆ। ਸਾਲ 2013 ''ਚ ਰਿਲੀਜ਼ ਆਪਣੇ ਨਿਰਮਾਣ ਤਹਿਤ ਬਣੀ ਫਿਲਮ ''ਇਸ਼ਕ ਇਨ ਪੈਰਿਸ'' ਰਾਹੀਂ ਪ੍ਰਿਟੀ ਨੇ ਵਾਪਸੀ ਕੀਤੀ ਪਰ ਇਹ ਫਿਲਮ ਸਫਲ ਨਾ ਹੋ ਸਕੀ। ਸਾਲ 2014 ''ਚ ਉਸ ਨੇ ਫਿਲਮ ''ਹੈਪੀ ਐਂਡਿੰਗ'' ਵਿਚ ਕੈਮੀਓ ਕੀਤਾ।


Related News