ਆਪਣੇ ਸੁਰਾਂ ਨਾਲ ਪੰਜਾਬੀ ਇੰਡਸਟਰੀ ''ਚ ''ਪੰਜ ਤਾਰੇ'' ਚਮਕਾਉਣ ਵਾਲਾ ਦਿਲਜੀਤ : Happy Birthday
Wednesday, Jan 06, 2016 - 03:14 PM (IST)

ਮੁੰਬਈ : 6 ਜਨਵਰੀ 1984 ਨੂੰ ਜਲੰਧਰ ਦੇ ਦੋਸਾਂਝ ਕਲਾਂ ''ਚ ਪੈਦਾ ਹੋਇਆ ਦਿਲਜੀਤ ਦੋਸਾਂਝ ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਿਹਾ ਹੈ। ਦਿਲਜੀਤ ਪੰਜਾਬੀ ਫਿਲਮ ਇੰਡਸਟਰੀ ਦਾ ਸੁਪਰ ਸਟਾਰ ਅਤੇ ਮਸ਼ਹੂਰ ਗਾਇਕ ਹੈ। ਉਸ ਨੂੰ ਮੁਖ ਤੌਰ ''ਤੇ ਉਸ ਦੇ ਨਾਂ ਦਿਲਜੀਤ ਨਾਲ ਹੀ ਜਾਣਿਆ ਜਾਂਦਾ ਹੈ। ਬਲਾਕ ਬਸਟਰ ਪੰਜਾਬੀ ਫਿਲਮ ''ਜੱਟ ਐਂਡ ਜੂਲੀਏਟ'', ''ਪੰਜਾਬ 1984'', ''ਜਿਹਨੇ ਮੇਰਾ ਦਿਲ ਲੁੱਟਿਆ'' ਅਤੇ ''ਡਿਸਕੋ ਸਿੰਘ'' ਵਰਗੀਆਂ ਫਿਲਮਾਂ ''ਚ ਉਸ ਦੀ ਅਦਾਕਾਰੀ ਅਤੇ ਕਾਮੇਡੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਉਸ ਨੇ ਕਈ ਸੰਗੀਤ ਐਲਬਮਸ ਅਤੇ ਫਿਲਮਾਂ ''ਚ ਗੀਤ ਗਾਏ। ਉਸ ਦੀ ''ਬੈਕ ਟੂ ਬੇਸਿਕਸ'' ਐਲਬਮ ਕਾਫੀ ਮਕਬੂਲ ਹੋਈ। ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਦੇਸ਼ਮੁਖ ਸਟਾਰਰ ਹਿੰਦੀ ਫਿਲਮ ''ਤੇਰੇ ਨਾਲ ਲਵ ਹੋ ਗਿਆ'' ਤੋਂ ਇਲਾਵਾ ਉਸ ਨੇ ਗੀਤ ''ਪੀਪਾ ਪੀਪਾ'', ''ਮੇਰੇ ਡੈਡ ਕੀ ਮਾਰੂਤੀ'' ਅਤੇ ''ਯਮਲਾ ਪਗਲਾ ਦੀਵਾਨਾ-2'' ਆਦਿ ਹਿੰਦੀ ਫਿਲਮਾਂ ''ਚ ਗੀਤ ਗਾਏ।
ਨਿਰਦੇਸ਼ਕ ਅਭਿਸ਼ੇਕ ਚੌਬੇ ਦੀ ਆਉਣ ਵਾਲੀ ਹਿੰਦੀ ਫਿਲਮ ''ਉੜਤਾ ਪੰਜਾਬ'' ''ਚ ਵੀ ਮੁਖ ਕਿਰਦਾਰ ਰਾਹੀਂ ਦਿਲਜੀਤ ਬਾਲੀਵੁੱਡ ''ਚ ਕਦਮ ਰੱਖਣ ਵਾਲਾ ਹੈ। ਇਸ ਫਿਲਮ ''ਚ ਉਸ ਨਾਲ ਕਰੀਨਾ ਕਪੂਰ, ਸ਼ਾਹਿਦ ਕਪੂਰ ਅਤੇ ਆਲੀਆ ਭੱਟ ਅਦਾਕਾਰੀ ਕਰਦੇ ਨਜ਼ਰ ਆਉਣਗੇ। ਦਿਲਜੀਤ ਦੇ ਜਨਮ ਦਿਨ ਮੌਕੇ ਪੰਜਾਬ ਕੇਸਰੀ ਗਰੁੱਪ ਵਲੋਂ ਉਸ ਨੂੰ ਬਹੁਤ ਸਾਰੀਆਂ ਮੁਬਾਰਕਾਂ।