ਜਦੋਂ ਸ਼ਰਾਬ ਪੀ ਕੇ ਰਿਸ਼ੀਕੇਸ਼ ਮੁਖਰਜੀ ਨੂੰ ਧਰਮਿੰਦਰ ਨੇ ਪੂਰੀ ਰਾਤ ਕੀਤਾ ਸੀ ਪਰੇਸ਼ਾਨ, ਪੜ੍ਹੋ ਇਹ ਖ਼ਾਸ ਕਿੱਸਾ
Wednesday, Dec 08, 2021 - 10:08 AM (IST)
![ਜਦੋਂ ਸ਼ਰਾਬ ਪੀ ਕੇ ਰਿਸ਼ੀਕੇਸ਼ ਮੁਖਰਜੀ ਨੂੰ ਧਰਮਿੰਦਰ ਨੇ ਪੂਰੀ ਰਾਤ ਕੀਤਾ ਸੀ ਪਰੇਸ਼ਾਨ, ਪੜ੍ਹੋ ਇਹ ਖ਼ਾਸ ਕਿੱਸਾ](https://static.jagbani.com/multimedia/2021_12image_10_03_218482515dharmendra.jpg)
ਨਵੀਂ ਦਿੱਲੀ (ਬਿਊਰੋ) : ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਧਰਮਿੰਦਰ ਉਨ੍ਹਾਂ ਅਦਾਕਾਰਾਂ 'ਚੋਂ ਇੱਕ ਹਨ, ਜਿਨ੍ਹਾਂ ਨੇ ਹਮੇਸ਼ਾ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਧਰਮਿੰਦਰ ਨੇ ਆਪਣੇ ਕਰੀਅਰ 'ਚ ਹੁਣ ਤੱਕ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਨੇ ਲਗਪਗ ਹਰ ਕਿਰਦਾਰ ਨਾਲ ਵੱਡੇ ਪਰਦੇ 'ਤੇ ਅਮਿੱਟ ਛਾਪ ਛੱਡੀ ਹੈ। ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਫਗਵਾੜਾ, ਪੰਜਾਬ 'ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਧਰਮ ਸਿੰਘ ਦਿਓਲ ਹੈ।
ਧਰਮਿੰਦਰ ਨੇ ਆਪਣੀ ਸਾਰੀ ਸਿੱਖਿਆ ਫਗਵਾੜਾ ਦੇ ਆਰੀਆ ਹਾਈ ਸਕੂਲ ਅਤੇ ਰਾਮਗੜ੍ਹੀਆ ਸਕੂਲ 'ਚ ਕੀਤੀ ਪਰ ਉਹ ਸਿਰਫ਼ 10ਵੀਂ ਤੱਕ ਹੀ ਪੜ੍ਹ ਸਕੇ। ਉਦੋਂ ਧਰਮਿੰਦਰ ਨੇ ਫਿਲਮਾਂ 'ਚ ਜਾਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੀ ਮਾਸੀ ਦਾ ਪੁੱਤਰ ਵਰਿੰਦਰ ਪੰਜਾਬੀ ਫ਼ਿਲਮਾਂ ਦਾ ਸੁਪਰਸਟਾਰ ਅਤੇ ਨਿਰਦੇਸ਼ਕ ਸੀ ਪਰ ਧਰਮਿੰਦਰ ਨੂੰ ਟੈਲੇਂਟ ਹੰਟ ਰਾਹੀਂ ਬਾਲੀਵੁੱਡ ਫ਼ਿਲਮਾਂ 'ਚ ਮੌਕਾ ਮਿਲਿਆ। 1958 'ਚ ਧਰਮਿੰਦਰ ਨੇ ਫਿਲਮਫੇਅਰ ਦੁਆਰਾ ਆਯੋਜਿਤ ਇੱਕ ਪ੍ਰਤਿਭਾ ਖੋਜ ਮੁਕਾਬਲੇ 'ਚ ਹਿੱਸਾ ਲਿਆ।
ਇਸ ਮੁਕਾਬਲੇ 'ਚ ਧਰਮਿੰਦਰ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਹੋਏ ਮੁਕਾਬਲਾ ਜਿੱਤ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਾਲੀਵੁੱਡ 'ਚ ਕੰਮ ਕਰਨ ਦਾ ਮੌਕਾ ਮਿਲਿਆ। ਧਰਮਿੰਦਰ ਨੇ 1960 'ਚ ਫ਼ਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਪਰ ਉਨ੍ਹਾਂ ਨੂੰ ਅਸਲ ਪਛਾਣ ਫ਼ਿਲਮ 'ਫੂਲ ਔਰ ਪੱਥਰ' ਤੋਂ ਮਿਲੀ। ਇਸ ਤੋਂ ਬਾਅਦ ਧਰਮਿੰਦਰ ਨੇ 'ਸ਼ੋਅਲੇ', 'ਵਿਦਰੋਹ', 'ਪ੍ਰਤਿਗਿਆ', 'ਧਰਮਵੀਰ', 'ਹੁਕੂਮਤ', 'ਚੁਪਕੇ-ਚੁਪਕੇ', 'ਸੀਤਾ ਔਰ ਗੀਤਾ', 'ਆਂਖੇਂ' ਅਤੇ 'ਦਿ ਬਰਨਿੰਗ ਟਰੇਨ' ਸਮੇਤ ਕਈ ਸ਼ਾਨਦਾਰ ਫ਼ਿਲਮਾਂ 'ਚ ਕੰਮ ਕੀਤਾ।
ਧਰਮਿੰਦਰ ਸ਼ੁਰੂ ਤੋਂ ਹੀ ਹਮੇਸ਼ਾ ਇੱਕ ਜ਼ਿੰਦਾ ਦਿਲ ਇਨਸਾਨ ਰਹੇ ਹਨ। ਇੱਕ ਵਾਰ ਉਸ ਨੇ ਆਨੰਦ ਫ਼ਿਲਮ ਦੇ ਨਿਰਦੇਸ਼ਕ ਰਿਸ਼ੀਕੇਸ਼ ਮੁਖਰਜੀ ਨੂੰ ਆਪਣੀ ਫ਼ਿਲਮ ਵਿੱਚ ਕੰਮ ਨਾ ਦੇਣ ਲਈ ਸਾਰੀ ਰਾਤ ਫ਼ੋਨ ਕਰਕੇ ਪ੍ਰੇਸ਼ਾਨ ਕੀਤਾ। ਦਰਅਸਲ ਧਰਮਿੰਦਰ ਅਤੇ ਰਿਸ਼ੀਕੇਸ਼ ਮੁਖਰਜੀ ਬੈਂਗਲੁਰੂ ਤੋਂ ਮੁੰਬਈ ਜਾ ਰਹੇ ਸਨ। ਇਸ ਦੌਰਾਨ ਰਿਸ਼ੀਕੇਸ਼ ਮੁਖਰਜੀ ਨੇ ਉਨ੍ਹਾਂ ਨੂੰ ਫ਼ਿਲਮ ਆਨੰਦ ਦੀ ਕਹਾਣੀ ਸੁਣਾਈ।
ਧਰਮਿੰਦਰ ਨੂੰ ਫ਼ਿਲਮ ਦੀ ਕਹਾਣੀ ਪਸੰਦ ਆਈ ਅਤੇ ਉਨ੍ਹਾਂ ਨੇ ਇਸ ਫ਼ਿਲਮ 'ਚ ਕੰਮ ਕਰਨ ਦਾ ਮਨ ਬਣਾ ਲਿਆ ਪਰ ਬਾਅਦ 'ਚ ਰਿਸ਼ੀਕੇਸ਼ ਮੁਖਰਜੀ ਨੇ ਫ਼ਿਲਮ 'ਆਨੰਦ' ਲਈ ਰਾਜੇਸ਼ ਖੰਨਾ ਅਤੇ ਅਮਿਤਾਭ ਬੱਚਨ ਨੂੰ ਚੁਣਿਆ।
ਉਨ੍ਹਾਂ ਦੇ ਇਸ ਫੈਸਲੇ ਤੋਂ ਧਰਮਿੰਦਰ ਨਾਰਾਜ਼ ਹੋ ਗਏ, ਜਿਸ ਦਿਨ ਧਰਮਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਉਸ ਰਾਤ ਸ਼ਰਾਬ ਪੀ ਕੇ ਸਾਰੀ ਰਾਤ ਰਿਸ਼ੀਕੇਸ਼ ਮੁਖਰਜੀ ਨੂੰ ਫ਼ੋਨ ਕਰਕੇ ਪਰੇਸ਼ਾਨ ਕੀਤਾ, ਜਿਸ ਤੋਂ ਬਾਅਦ ਬਾਅਦ 'ਚ ਰਿਸ਼ੀਕੇਸ਼ ਮੁਖਰਜੀ ਨੇ ਧਰਮਿੰਦਰ ਨੂੰ ਲੈ ਕੇ 'ਸੱਤਿਕਾਮ' ਫ਼ਿਲਮ ਕੀਤੀ, ਜੋ ਕਾਫ਼ੀ ਹਿੱਟ ਸਾਬਤ ਹੋਈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।