‘ਰਾਮ ਮੰਦਰ ਟਰੱਸਟ ਨੂੰ ਪਹਿਲਾਂ ਹੀ ਦਾਨ ਕਰ ਦਿੱਤੇ 14 ਲੱਖ ਰੁਪਏ’, ‘ਹਨੂੰਮਾਨ’ ਦੇ ਨਿਰਦੇਸ਼ਕ ਪ੍ਰਸ਼ਾਤ ਵਰਮਾ ਦਾ ਖ਼ੁਲਾਸਾ

Monday, Jan 15, 2024 - 02:35 PM (IST)

‘ਰਾਮ ਮੰਦਰ ਟਰੱਸਟ ਨੂੰ ਪਹਿਲਾਂ ਹੀ ਦਾਨ ਕਰ ਦਿੱਤੇ 14 ਲੱਖ ਰੁਪਏ’, ‘ਹਨੂੰਮਾਨ’ ਦੇ ਨਿਰਦੇਸ਼ਕ ਪ੍ਰਸ਼ਾਤ ਵਰਮਾ ਦਾ ਖ਼ੁਲਾਸਾ

ਮੁੰਬਈ (ਬਿਊਰੋ)– ਪ੍ਰਸ਼ਾਂਤ ਵਰਮਾ ਦੇ ਨਿਰਦੇਸ਼ਨ ’ਚ ਬਣੀ ਤੇਜਾ ਸੱਜਾ ਦੀ ਫ਼ਿਲਮ ‘ਹਨੂੰਮਾਨ’ ਬਾਕਸ ਆਫਿਸ ’ਤੇ ਧਮਾਲ ਮਚਾ ਰਹੀ ਹੈ ਤੇ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਸਕਾਰਾਤਮਕ ਹੁੰਗਾਰਾ ਵੀ ਮਿਲ ਰਿਹਾ ਹੈ। ਭਗਵਾਨ ਹਨੂੰਮਾਨ ਦੇ ਆਲੇ-ਦੁਆਲੇ ਘੁੰਮਦੀ ਸੁਪਰਹੀਰੋ ਥੀਮ ਵਾਲੀ ਫ਼ਿਲਮ ਨੂੰ ਸੋਸ਼ਲ ਮੀਡੀਆ ’ਤੇ ਚੰਗੀਆਂ ਸਮੀਖਿਆਵਾਂ ਤੇ ਚਰਚਾ ਮਿਲੀ ਹੈ। ‘ਹਨੂੰਮਾਨ’ ਵਿਜੇ ਸੇਤੂਪਤੀ ਤੇ ਕੈਟਰੀਨਾ ਕੈਫ ਦੀ ‘ਮੈਰੀ ਕ੍ਰਿਸਮਸ’ ਤੇ ਮਹੇਸ਼ ਬਾਬੂ ਦੀ ‘ਗੁੰਟੂਰ ਕਰਮ’ ਵਰਗੀਆਂ ਫ਼ਿਲਮਾਂ ਦੇ ਨਾਲ ਸਿਨੇਮਾਘਰਾਂ ’ਚ ਆਪਣੀ ਪਕੜ ਬਣਾਈ ਰੱਖ ਰਹੀ ਹੈ। ਨਿਰਮਾਤਾਵਾਂ ਨੇ ਪਹਿਲਾਂ ਕਿਹਾ ਸੀ ਕਿ ਫ਼ਿਲਮ ਲਈ ਵੇਚੀ ਜਾ ਰਹੀ ਹਰੇਕ ਟਿਕਟ ਤੋਂ 5 ਰੁਪਏ ਅਯੁੱਧਿਆ ਰਾਮ ਮੰਦਰ ਦੇ ਨਿਰਮਾਣ ਲਈ ਦਾਨ ਕੀਤੇ ਜਾਣਗੇ। ਹੁਣ ਪ੍ਰਸ਼ਾਂਤ ਵਰਮਾ ਨੇ ਰਾਮ ਮੰਦਰ ’ਚ ਦਾਨ ਦੇਣ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ।

ਦਰਅਸਲ ਇਕ ਇਵੈਂਟ ਦੌਰਾਨ ਸਾਊਥ ਦੇ ਸੁਪਰਸਟਾਰ ਚਿਰੰਜੀਵੀ ਨੇ ਟੀਮ ਦੀ ਯੋਜਨਾ ਸਾਂਝੀ ਕੀਤੀ ਸੀ ਕਿ ਅਯੁੱਧਿਆ ਰਾਮ ਮੰਦਰ ਦੇ ਨਿਰਮਾਣ ਲਈ ਹਰ ਟਿਕਟ ਤੋਂ 5 ਰੁਪਏ ਦਾਨ ਕੀਤੇ ਜਾਣਗੇ। ਇਸ ਦੇ ਪਿੱਛੇ ਆਇਡੀਆ ਸ਼ੇਅਰ ਕਰਦਿਆਂ ਨਿਰਦੇਸ਼ਕ ਪ੍ਰਸ਼ਾਂਤ ਵਰਮਾ ਨੇ ਹਾਲ ਹੀ ’ਚ ਇਸ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, ‘‘ਸਾਡਾ ਨਿਰਮਾਤਾ ਬਹੁਤ ਧਾਰਮਿਕ ਵਿਅਕਤੀ ਹੈ। ਇਕ ਭਾਈਚਾਰੇ ਦੇ ਤੌਰ ’ਤੇ ਵੀ ਅਸੀਂ ਤੇਲਗੂ ਲੋਕ ਜਾਂ ਤੁਸੀਂ ਦੱਖਣ ਭਾਰਤੀ ਕਹਿ ਸਕਦੇ ਹੋ, ਇਕ ਤਰ੍ਹਾਂ ਨਾਲ ਬਹੁਤ ਸਮਰਪਿਤ ਤੇ ਅੰਧਵਿਸ਼ਵਾਸੀ ਹਾਂ, ਇਸ ਲਈ ਅਸੀਂ ਸੋਚਦੇ ਹਾਂ ਕਿ ਜੇਕਰ ਅਸੀਂ ਜੋ ਕੁਝ ਮੰਗਿਆ ਹੈ, ਉਹ ਵਾਪਰਦਾ ਹੈ ਤਾਂ ਸਾਨੂੰ ਅੱਗੇ ਵਧਣਾ ਹੋਵੇਗਾ ਤੇ ਕੁਝ ਪੂਰਾ ਕਰਨਾ ਹੋਵੇਗਾ।’’

ਇਹ ਖ਼ਬਰ ਵੀ ਪੜ੍ਹੋ : ਅਯੁੱਧਿਆ : ਰਾਮ ਮੰਦਰ ਤੋਂ 15 ਮਿੰਟ ਦੀ ਦੂਰੀ ’ਤੇ ਅਮਿਤਾਭ ਬੱਚਨ ਨੇ ਖ਼ਰੀਦਿਆ ਪਲਾਟ, ਕੀਮਤ ਜਾਣ ਲੱਗੇਗਾ ਝਟਕਾ

ਉਸ ਨੇ ਅੱਗੇ ਕਿਹਾ ਕਿ ਇਸੇ ਲਈ ਜਦੋਂ ਸਾਡੇ ਨਿਰਮਾਤਾ ਨੇ ਰਾਮ ਮੰਦਰ ਬਣਨ ਬਾਰੇ ਸੁਣਿਆ, ਭਾਵੇਂ ਇਹ ਫ਼ਿਲਮ ਵੱਡੀ ਹਿੱਟ ਹੋਵੇਗੀ ਤੇ ਪੈਸਾ ਕਮਾਏਗੀ ਜਾਂ ਨਹੀਂ, ਉਸ ਨੇ ਫ਼ਿਲਮ ਲਈ ਵੇਚੀ ਜਾ ਰਹੀ ਹਰੇਕ ਟਿਕਟ ਤੋਂ ਪੰਜ ਰੁਪਏ ਦਾਨ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਇਹ ਗੱਲ ਚਿਰੰਜੀਵੀ ਸਰ ਨੂੰ ਦੱਸੀ, ਜਿਨ੍ਹਾਂ ਨੇ ਸਟੇਜ ’ਤੇ ਇਸ ਦਾ ਐਲਾਨ ਕੀਤਾ, ਇਸ ਲਈ ਪਹਿਲੇ ਦਿਨ ਦੀ ਕਲੈਕਸ਼ਨ ਤੋਂ ਹੀ ਅਸੀਂ ਮੰਦਰ ਨੂੰ ਲਗਭਗ 14 ਲੱਖ ਰੁਪਏ ਦਾਨ ਕੀਤੇ ਹਨ। ਜਿਸ ਤਰ੍ਹਾਂ ਫ਼ਿਲਮ ਅੱਗੇ ਵੱਧ ਰਹੀ ਹੈ, ਭਵਿੱਖ ’ਚ ਅਸੀਂ ਕੁਝ ਕਰੋੜ ਰੁਪਏ ਕਮਾ ਸਕਦੇ ਹਾਂ, ਜੋ ਅਸੀਂ ਰਾਮ ਮੰਦਰ ਲਈ ਦਾਨ ਕਰਾਂਗੇ।

‘ਹਨੂੰਮਾਨ’ ਦੇ ਸ਼ੁਰੂਆਤੀ ਨੰਬਰਾਂ ’ਤੇ ਵਿਸ਼ਵਾਸ ਦੇ ਨਾਲ ਨਿਰਦੇਸ਼ਕ ਪਹਿਲਾਂ ਹੀ ਸਿਨੇਮੈਟਿਕ ਯੂਨੀਵਰਸ ’ਚ ‘ਜੈ ਹਨੂੰਮਾਨ’ ਸਿਰਲੇਖ ਵਾਲੀ ਦੂਜੀ ਫ਼ਿਲਮ ਦੀ ਯੋਜਨਾ ਬਣਾ ਚੁੱਕੇ ਹਨ। ਪ੍ਰਸ਼ਾਂਤ ਨੇ ਖ਼ੁਲਾਸਾ ਕੀਤਾ, ‘‘ਮੈਂ ਇਹ ਦੇਖਣ ਲਈ ਇੰਤਜ਼ਾਰ ਕਰ ਰਿਹਾ ਸੀ ਕਿ ਦਰਸ਼ਕਾਂ ਨੇ ਪਹਿਲੀ ਫ਼ਿਲਮ ਨੂੰ ਸਵੀਕਾਰ ਕੀਤਾ ਜਾਂ ਨਹੀਂ ਤੇ ਹੁਣ ਹੁੰਗਾਰੇ ਨੂੰ ਦੇਖਦਿਆਂ ਮੈਨੂੰ ਜਲਦ ਹੀ ‘ਜੈ ਹਨੂੰਮਾਨ’ ’ਤੇ ਆਪਣੇ ਕੰਮ ’ਤੇ ਵਾਪਸ ਆਉਣਾ ਹੋਵੇਗਾ।’’

‘ਹਨੂੰਮਾਨ’ 12 ਜਨਵਰੀ ਨੂੰ ਸੰਕ੍ਰਾਂਤੀ ਦੇ ਮੌਕੇ ’ਤੇ ਰਿਲੀਜ਼ ਹੋਈ ਸੀ। ਫ਼ਿਲਮ ’ਚ ਅੰਮ੍ਰਿਤਾ ਅਈਅਰ, ਵਰਲਕਸ਼ਮੀ ਸਾਰਥਕੁਮਾਰ ਤੇ ਰਾਜ ਦੀਪਕ ਸ਼ੈੱਟੀ ਦੇ ਨਾਲ ਤੇਜਾ ਸੱਜਾ ਵੀ ਅਹਿਮ ਭੂਮਿਕਾਵਾਂ ’ਚ ਹਨ। ਕਲੈਕਸ਼ਨ ਦੀ ਗੱਲ ਕਰੀਏ ਤਾਂ ‘ਹਨੂੰਮਾਨ’ ਨੇ ਬਾਕਸ ਆਫਿਸ ’ਤੇ ਹੁਣ ਤੱਕ 27.8 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News