ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਈ ਫ਼ਿਲਮ ''ਅਰਦਾਸ ਸਰਬੱਤ ਦੇ ਭਲੇ ਦੀ'' ਦੀ ਸਟਾਰ ਕਾਸਟ
Tuesday, Sep 10, 2024 - 01:16 PM (IST)
ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਸਣੇ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੀ ਸਮੁੱਚੀ ਸਟਾਰ ਕਾਸਟ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਫ਼ਿਲਮ ਦੀ ਸਾਰੀ ਟੀਮ ਨੇ ਗੁਰੂਘਰ 'ਚ ਮੱਥਾ ਟੇਕਿਆ ਤੇ ਸਮੁੱਚੀ ਮਨੁਖਤਾ ਦੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮਗਰੋਂ ਉਨ੍ਹਾਂ ਨੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ।
ਇਸ ਮੌਕੇ ਗੱਲ ਕਰਦੇ ਦੋਵੇਂ ਅਦਾਕਾਰਾਂ ਨੇ ਕਿਹਾ ਕਿ ਇਹ ਫ਼ਿਲਮ ਬਹੁਤ ਮਿਹਨਤ ਤੋਂ ਬਾਅਦ ਬਣਾਈ ਗਈ ਤੇ ਇੱਕ ਵੱਖਰੇ ਵਿਸ਼ੇ 'ਤੇ ਬਣਾਈ ਗਈ ਇਸ ਫ਼ਿਲਮ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ। ਗਿੱਪੀ ਗਰੇਵਾਲ ਨੇ ਕਿਹਾ ਕਿ ਖ਼ਾਸ ਤੌਰ 'ਤੇ ਇਸ ਫ਼ਿਲਮ ਨੂੰ ਬਣਾਉਣ ਤੋਂ ਪਹਿਲਾਂ ਜਿੱਥੇ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ, ਉੱਥੇ ਹੀ ਫ਼ਿਲਮ ਬਣਾਉਣ ਤੋਂ ਬਾਅਦ ਬਹੁਤ ਸਾਰੇ ਸਿਆਣੇ ਲੋਕਾਂ ਨੂੰ ਇਹ ਫ਼ਿਲਮ ਦਿਖਾਈ ਗਈ ਤਾਂ ਜੋ ਲੋਕਾਂ ਦੇ ਸੁਝਾਅ ਅਤੇ ਰਾਵਾਂ ਨੂੰ ਜਾਣਨ ਤੋਂ ਬਾਅਦ ਹੀ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਫ਼ਿਲਮ ਨੂੰ ਦੇਖਣ ਵਾਲੇ ਲੋਕਾਂ ਨੇ ਇਸ ਫ਼ਿਲਮ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਹੈ ਤੇ ਉਨ੍ਹਾਂ ਨੂੰ ਭਰਪੂਰ ਉਮੀਦ ਹੈ ਕਿ ਲੋਕ ਇਸ ਫ਼ਿਲਮ ਨੂੰ ਭਰਮਾ ਹੁੰਗਾਰਾ ਦੇਣਗੇ।
ਗਿੱਪੀ ਗਰੇਵਾਲ ਨੇ ਕਿਹਾ ਕਿ, ''ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋ ਰਹੀ। ਉਨ੍ਹਾਂ ਕਿਹਾ ਕਿ ਉਹ ਬਚਪਨ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਟਰਾਲੀ 'ਚ ਬੈਠ ਕੇ ਆਉਂਦੇ ਸਨ ਅਤੇ ਉਨ੍ਹਾਂ ਦੀਆਂ ਕਈ ਪੁਰਾਣੀਆਂ ਯਾਦਾਂ ਇਸ ਪਵਿੱਤਰ ਨਗਰੀ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ ਬਚਪਨ 'ਚ ਪਹਿਲੀ ਵਾਰ ਅਨੰਦਪੁਰ ਸਾਹਿਬ ਵਿਖੇ ਆਇਆ ਤਾਂ ਟਰਾਲੀ ਦੇ ਡਾਲੇ ਤੇ ਬੈਠ ਕੇ ਆਇਆ ਤੇ ਉਸ ਸਮੇਂ ਮੇਰੇ ਸੱਟ ਲੱਗੀ ਤੇ ਮੇਰਾ ਦੰਦ ਵੀ ਟੁੱਟ ਗਿਆ। ਉਨ੍ਹਾਂ ਨੇ ਕਿਹਾ ਪਰ ਉਹ ਬਹੁਤ ਪੁਰਾਣੀਆਂ ਗੱਲਾਂ ਨੇ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਸਿੱਖ ਪੰਥ ਦੇ ਸਾਰੇ ਤਖ਼ਤ ਸਾਹਿਬਾਨ ਦੀ ਯਾਤਰਾ ਕੀਤੀ ਤੇ ਅੱਜ ਮੁੜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ ਤੇ ਉਹ ਬੇਹਦ ਖੁਸ਼ ਹਨ।''
ਇਹ ਖ਼ਬਰ ਵੀ ਪੜ੍ਹੋ - ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼
ਗੁਰਪ੍ਰੀਤ ਘੁੱਗੀ ਨੇ ਵੀ ਕਿਹਾ ਕਿ, ''ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਾਹਿਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਅਤੇ ਇਸ ਸਥਾਨ 'ਤੇ ਪਹੁੰਚ ਕੇ ਹਰ ਕਿਸੇ ਦੀ ਅਰਦਾਸ ਪੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਅਰਦਾਸ ਬਣ ਚੁੱਕੀ ਹੈ ਤੇ ਉਸ ਦੀ ਪ੍ਰਮੋਸ਼ਨ ਵੀ ਖ਼ਤਮ ਹੋ ਚੁੱਕੀ ਹੈ ਤੇ ਸਾਡੇ ਮਨ 'ਚ ਸੀ ਕਿ ਖਾਲਸਾ ਪੰਥ ਦੀ ਇਸ ਪਵਿੱਤਰ ਨਗਰੀ ਤੇ ਪੁੱਜ ਕੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਜਾਵੇ ਤੇ ਅੱਜ ਅਸੀਂ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਬੇਹਦ ਖੁਸ਼ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਸਾਰੇ ਲੋਕ ਇਸ ਫ਼ਿਲਮ ਨੂੰ ਦੇਖਣ। ਉਨ੍ਹਾਂ ਕਿਹਾ ਕਿ ਉਹ ਹਰ ਇੱਕ ਵਿਅਕਤੀ ਦੇ ਲਈ ਵੀ ਅਰਦਾਸ ਕਰਦੇ ਹਨ ਕੇ ਪਰਮਾਤਮਾ ਹਰ ਕਿਸੇ ਨੂੰ ਚੜ੍ਹਦੀ ਕਲਾ ਬਖਸ਼ੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।