ਹੁਣ ''ਮਿਰਜ਼ਾਪੁਰ'' ਖ਼ਿਲਾਫ਼ ਮਾਮਲਾ ਦਰਜ, ਲੱਗੇ ਗੰਭੀਰ ਇਲਜ਼ਾਮ

Tuesday, Jan 19, 2021 - 01:27 PM (IST)

ਹੁਣ ''ਮਿਰਜ਼ਾਪੁਰ'' ਖ਼ਿਲਾਫ਼ ਮਾਮਲਾ ਦਰਜ, ਲੱਗੇ ਗੰਭੀਰ ਇਲਜ਼ਾਮ

ਨਵੀਂ ਦਿੱਲੀ : ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਨਵੀਂ ਵੈੱਬ ਸੀਰੀਜ਼ 'ਤਾਂਡਵ' ਲਗਾਤਾਰ ਵਿਵਾਦਾਂ 'ਚ ਘਿਰ ਰਹੀ ਹੈ। ਇਸ ਵੈੱਬ ਸੀਰੀਜ਼ ਦੇ ਨਿਰਮਾਤਾਵਾਂ 'ਤੇ ਭਗਵਾਨ ਰਾਮ, ਨਾਰਦ ਤੇ ਸ਼ਿਵ ਦਾ ਅਪਮਾਣ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ। 'ਤਾਂਡਵ' 'ਤੇ ਭਗਵਾਨ ਸ਼ਿਵ ਤੇ ਭਗਵਾਨ ਰਾਮ ਦਾ ਮਜ਼ਾਕ ਉਡਾਉਣ ਦਾ ਦੋਸ਼ ਹੈ, ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਤੋਂ ਬਾਅਦ ਇਸ ਦੇ ਨਿਰਮਾਤਾ-ਨਿਰਦੇਸ਼ਕ, ਲੇਖਕ ਤੇ ਹੋਰਨਾਂ ਖ਼ਿਲਾਫ਼ ਲਖਨਾਉ ਦੇ ਹਜ਼ਰਤਗੰਜ ਕੋਤਵਾਲੀ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਉਧਰ 'ਤਾਂਡਵ' ਤੋਂ ਬਾਅਦ ਹੁਣ ਵੈੱਬ ਸੀਰੀਜ਼ 'ਮਿਰਜ਼ਾਪੁਰ' ਦੇ ਕਾਰਜਕਾਰੀ ਨਿਰਮਾਤਾ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ, ਭੌਮਿਕ ਗੌਂਡਲਿਆ ਅਤੇ ਐਮਾਜ਼ਾਨ ਪ੍ਰਾਈਮ ਵੀਡੀਓ ਖ਼ਿਲਾਫ਼ ਮਿਰਜ਼ਾਪੁਰ ਦੀ ਪੁਲਸ ਨੇ ਸ਼ਿਕਾਇਤ ਦਰਜ ਕੀਤੀ ਹੈ। 'ਮਿਰਜ਼ਾਪੁਰ' 'ਤੇ ਧਾਰਾ 295-ਏ, 504, 505, 34 ਤੇ 67 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸ਼ਿਕਾਇਤ 'ਚ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਵੈੱਬ ਸੀਰੀਜ਼ ਨੇ ਲੋਕਾਂ ਦੀਆਂ ਧਾਰਮਿਕ, ਸਮਾਜਿਕ ਤੇ ਖ਼ੇਤਰੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਇਸ ਤੋਂ ਇਲਾਵਾ ਮਿਰਜ਼ਾਪੁਰ 'ਚ ਅਪਮਾਨਜਨਕ ਤੇ ਗੈਰਕਾਨੂੰਨੀ ਸੰਬੰਧ ਦਰਸਾਏ ਗਏ ਹਨ, ਜੋ ਸਮਾਜ ਨੂੰ ਸਹੀ ਸੰਦੇਸ਼ ਨਹੀਂ ਦਿੰਦੇ। ਇਸ ਤੋਂ ਇਲਾਵਾ ਵੈੱਬ ਸੀਰੀਜ਼ 'ਤੇ 'ਮਿਰਜ਼ਾਪੁਰ' ਦੇ ਅਕਸ ਨੂੰ ਵਿਗਾੜਨ ਦਾ ਵੀ ਦੋਸ਼ ਲਾਇਆ ਗਿਆ ਹੈ।

ਹਾਲਾਂਕਿ, ਇਸ ਤੋਂ ਪਹਿਲਾਂ ਵੀ 'ਮਿਰਜ਼ਾਪੁਰ' ਆਪਣੀ ਕੰਨਟੈਂਟ ਨੂੰ ਲੈ ਕੇ ਵਿਵਾਦਾਂ 'ਚ ਰਿਹਾ ਹੈ। ਕੁਝ ਸਮਾਂ ਪਹਿਲਾਂ 'ਮਿਰਜ਼ਾਪੁਰ' ਦੇ ਇਕ ਨੌਜਵਾਨ ਨੇ ਇਸ ਵੈੱਬ ਸੀਰੀਜ਼ ਵਿਰੁੱਧ ਪੁਲਸ ਸ਼ਿਕਾਇਤ ਕੀਤੀ ਸੀ। ਨੌਜਵਾਨ ਨੇ ਇਲਜ਼ਾਮ ਲਾਇਆ ਸੀ ਕਿ ਇੱਕ ਇੰਟਰਵਿਊ ਦੌਰਾਨ ਜਦੋਂ ਉਸ ਨੇ ਦੱਸਿਆ ਕਿ ਉਹ ਮਿਰਜ਼ਾਪੁਰ ਦਾ ਵਸਨੀਕ ਹੈ ਤਾਂ ਉਸ ਨੂੰ ਉਥੋਂ ਧੱਕਾ ਦੇ ਦਿੱਤਾ ਗਿਆ। ਭਾਜਪਾ ਦੇ ਵਿਧਾਇਕ ਰਾਮ ਕਦਮ ਨੇ ਵੀ ਤਾਂਡਵ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News