FAT TO FIT: 10 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਕਰਨ ਜਾ ਰਹੀ ਇਹ ਅਦਾਕਾਰਾ, ਘਟਾਇਆ 15 ਕਿਲੋ ਭਾਰ
Tuesday, Nov 10, 2020 - 04:57 PM (IST)

ਮੁੰਬਈ: ਮਸ਼ਹੂਰ ਅਦਾਕਾਰਾ ਤਨੁਸ਼੍ਰੀ ਦੱਤਾ ਦੁਬਾਰਾ ਬਾਲੀਵੁੱਡ ਇੰਡਸਟਰੀ 'ਚ ਐਂਟਰੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜੀ ਹਾਂ, ਅਦਾਕਾਰਾ ਬਹੁਤ ਜਲਦ ਫ਼ਿਲਮ ਇੰਡਸਟਰੀ 'ਚ ਕਮਬੈਕ ਕਰਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਖ਼ੁਦ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਸ਼ੰਸਕਾਂ ਨੂੰ ਸ਼ੇਅਰ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਤਨੁਸ਼੍ਰੀ ਨੇ ਇਕ ਲੰਬੀ ਚੌੜੀ ਪੋਸਟ ਸ਼ੇਅਰ ਕੀਤੀ ਹੈ।
ਤਨੁਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, ਕੁਝ ਪੁਰਾਣੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੈਂ ਲਾਸ ਏਂਜਲਸ 'ਚ ਆਈ.ਟੀ. ਦੀ ਨੌਕਰੀ ਕਰ ਰਹੀ ਹਾਂ। ਹਾਲਾਂਕਿ ਮੈਂ ਆਈ.ਟੀ. ਦੀ ਟ੍ਰੇਨਿੰਗ ਕਰ ਰਹੀ ਸੀ ਅਤੇ ਇਥੇ ਯੂ.ਐੱਸ. ਦੀ ਸਰਕਾਰ ਦੇ ਡਿਫੈਂਸ ਸੈਕਟਰ 'ਚ ਚੰਗੀ ਨੌਕਰੀ ਦਾ ਮੌਕਾ ਵੀ ਸੀ ਪਰ ਮੈਂ ਕਲਾਕਾਰ ਦੇ ਤੌਰ 'ਤੇ ਆਪਣਾ ਕੈਰੀਅਰ ਵਾਪਸ ਸ਼ੁਰੂ ਕਰਨਾ ਚਾਹੁੰਦੀ ਹਾਂ। ਇਸ ਨੌਕਰੀ ਦੇ ਨਾਲ 3 ਸਾਲ ਦਾ ਜਾਬ ਕਾਨਟ੍ਰੈਕਟ ਸੀ। ਮੈਂ ਦਿਲ ਤੋਂ ਆਰਟੀਸਟ ਹਾਂ ਅਤੇ ਮੈਂ ਕੁਝ ਬੁਰੇ ਲੋਕਾਂ ਦੀ ਵਜ੍ਹਾ ਨਾਲ ਆਪਣਾ ਐਕਟਿੰਗ ਕੈਰੀਅਰ ਨਹੀਂ ਛੱਡ ਸਕਦੀ। ਮੈਨੂੰ ਬਾਲੀਵੁੱਡ ਅਤੇ ਮੁੰਬਈ 'ਚ ਕੁਝ ਬਹੁਤ ਚੰਗੇ ਲੋਕ ਮਿਲੇ ਹਨ ਇਸ ਲਈ ਮੈਂ ਭਾਰਤ ਵਾਪਸ ਆ ਰਹੀ ਹਾਂ। ਮੈਂ ਇਥੇ ਕੁਝ ਸਮਾਂ ਰਹਾਂਗੀ ਅਤੇ ਕੁਝ ਬਿਹਤਰੀਨ ਪ੍ਰਾਜੈਕਟਸ 'ਤੇ ਕੰਮ ਕਰਾਂਗੀ। ਬਾਲੀਵੁੱਡ ਤੋਂ ਮੈਨੂੰ ਫ਼ਿਲਮ ਅਤੇ ਵੈੱਬ ਸੀਰੀਜ਼ 'ਚ ਕੰਮ ਕਰਨ ਦੇ ਆਫਰ ਆ ਰਹੇ ਹਨ।
ਤਨੁਸ਼੍ਰੀ ਨੇ ਅੱਗੇ ਲਿਖਿਆ ਹੈ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਇੰਡਸਟਰੀ ਦੇ ਲੋਕ ਉਨ੍ਹਾਂ ਦੇ ਦੁਸ਼ਮਣਾਂ ਦੀ ਬਜਾਏ ਉਨ੍ਹਾਂ ਨੂੰ ਫ਼ਿਲਮਾਂ 'ਚ ਲੈਣਾ ਚਾਹੁੰਦੇ ਹਨ। ਇਹ ਉਹ ਲੋਕ ਹਨ ਜੋ ਸੱਚ ਜਾਣਦੇ ਹਨ ਅਤੇ ਅੰਦਰ ਹੀ ਅੰਦਰ ਮੇਰੇ ਨਾਲ ਹਨ। ਇਹ ਮੇਰੇ ਸ਼ੁਭਚਿੰਤਕ ਹਨ। ਕੁਝ ਵੱਡੇ ਪ੍ਰਾਡੈਕਸ਼ਨ ਹਾਊਸ ਵੀ ਹਨ ਜਿਨ੍ਹਾਂ ਨਾਲ ਲੀਡ ਰੋਲ ਲਈ ਗੱਲ ਚੱਲ ਰਹੀ ਹੈ। ਉਹ ਸਾਊਥ ਦੇ 3 ਵੱਡੇ ਫ਼ਿਲਮ ਮੈਨੇਜਰਾਂ ਅਤੇ ਮੁੰਬਈ ਦੇ 12 ਵੱਡੇ ਕਾਸਟਿੰਗ ਦਫ਼ਤਰਾਂ ਨਾਲ ਸੰਪਰਕ 'ਚ ਹੈ।
ਅੰਤ 'ਚ ਅਦਾਕਾਰਾ ਨੇ ਲਿਖਿਆ ਹੈ ਕਿ ਕੋਰੋਨਾ ਦੀ ਵਜ੍ਹਾ ਨਾਲ ਸ਼ੂਟਿੰਗ ਦੀਆਂ ਤਾਰੀਕਾਂ ਪੱਕੀਆਂ ਨਹੀਂ ਹੋ ਪਾ ਰਹੀਆਂ ਹਨ ਜਿਸ ਦੀ ਵਜ੍ਹਾ ਨਾਲ ਮੈਂ ਕੋਈ ਘੋਸ਼ਣਾ ਨਹੀਂ ਕਰ ਸਕਦੀ। ਅਜੇ ਹਾਲ ਹੀ 'ਚ ਮੈਂ ਇਕ ਬਿਊਟੀ ਕਮਰਸ਼ੀਅਲ ਸ਼ੂਟ ਕੀਤਾ ਹੈ ਅਤੇ ਘੋਸ਼ਣਾ ਕੀਤੀ ਹੈ ਕਿ ਮੈਂ ਵਾਪਸ ਆ ਚੁੱਕੀ ਹਾਂ। 15 ਕਿਲੋ ਭਾਰ ਘਟਾ ਕੇ ਮੈਂ ਚੰਗੀ ਨਜ਼ਰ ਆ ਰਹੀ ਹਾਂ। ਇੰਡਸਟਰੀ ਦੇ ਲੋਕਾਂ 'ਚ ਮੇਰੀ ਵਾਪਸੀ ਦੀਆਂ ਚਰਚਾ ਜ਼ੋਰਾਂ 'ਤੇ ਹੋ ਰਹੀ ਹੈ। ਦੱਸ ਦੇਈਏ ਕਿ ਤਨੁਸ਼੍ਰੀ ਦੱਤਾ ਨੂੰ ਆਖਰੀ ਵਾਰ ਸਾਲ 2010 'ਚ ਫ਼ਿਲਮ 'ਡਿਪਾਰਟਮੈਂਟ' ਅਤੇ 'ਰਾਮਾ:ਦਿ ਸਰਵਾਈਵਰ' 'ਚ ਦੇਖਿਆ ਗਿਆ ਸੀ। ਇਸ ਤਰ੍ਹਾਂ ਅਦਾਕਾਰਾ ਪੂਰੇ 10 ਸਾਲ ਬਾਅਦ ਫ਼ਿਲਮ ਇੰਡਸਟਰੀ 'ਚ ਕਮਬੈਕ ਕਰਨ ਜਾ ਰਹੀ ਹੈ।