ਬੱਬੂ ਮਾਨ ਨੇ PM ਮੋਦੀ ਨੂੰ ਲਿਆ ਲੰਬੇ ਹੱਥੀਂ, ਸੋਸ਼ਲ ਮੀਡੀਆ 'ਤੇ ਆਖੀ ਇਹ ਗੱਲ

12/29/2020 12:07:47 PM

ਚੰਡੀਗੜ੍ਹ (ਬਿਊਰੋ) : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦਾ 34ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਉਥੇ ਹੀ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ। ਹਾਲ ਹੀ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਪੋਸਟ 'ਚ ਬੱਬੂ ਮਾਨ ਨੇ ਕੋਰੇ ਕਾਗਜ਼ 'ਤੇ ਕੁਝ ਲਿਖ ਕੇ ਪੋਸਟ ਕੀਤਾ ਹੈ। ਦੱਸ ਦਈਏ ਕਿ ਬੱਬੂ ਮਾਨ ਨੇ ਪੀ. ਐੱਮ ਮੋਦੀ ਨੂੰ ਲੰਬੇ ਹੱਥੀਂ ਲੈਂਦਿਆਂ ਆਪਣੀ ਪੋਸਟ 'ਚ ਲਿਖਿਆ ਹੈ 'ਦੇਖ ਲਓ ਮਿੱਤਰੋਂ ਸ਼ਾਸ਼ਕ ਬਣ ਗਿਆ, ਬੰਦਾ ਦੁਆਨੀ ਦਾ। ਇਸ ਕਮਲੇ ਨੂੰ ਕੀ ਪਤਾ ਏ, ਮੁੱਲ ਕਿਸਾਨੀ ਦਾ।' ਇਸ ਪੋਸਟ 'ਤੇ ਲੋਕੀਂ ਵੀ ਪੀ. ਐੱਮ. ਮੋਦੀ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ। 

PunjabKesari

ਵੱਖ-ਵੱਖ ਧਰਨਿਆਂ 'ਚ ਪਹੁੰਚ ਬੱਬੂ ਮਾਨ ਕਰ ਰਹੇ ਨੇ ਕਿਸਾਨਾਂ ਦਾ ਸਮਰਥਨ
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਬੱਬੂ ਮਾਨ ਕਦੇ ਸਿੰਘੂ ਬਾਰਡਰ ਤੇ ਕਦੇ ਕੁੰਡਲੀ ਬਾਰਡਰ 'ਤੇ ਲੱਗੇ ਧਰਨਿਆਂ 'ਚ ਪਹੁੰਚ ਰਹੇ ਹਨ। ਇਸ ਦੌਰਾਨ ਬੱਬੂ ਮਾਨ ਨੇ ਮੰਚ 'ਤੇ ਬੋਲਦਿਆਂ ਕਿਹਾ ਸੀ 'ਕਿਸਾਨ ਅੰਦੋਲਨ ਬਹੁਤ ਵੱਡਾ ਅੰਦੋਲਨ ਬਣ ਚੁੱਕਿਆ ਹੈ। ਹੁਣ ਸ਼ਾਇਦ ਇਸ ਅੰਦੋਲਨ ਦਾ ਨਾਂ ਵੀ 'ਗਿੰਨੀ ਬੁੱਕ ਵਰਲਡ ਰਿਕਾਰਡਜ਼' ਆਵੇਗਾ। ਜਦੋਂ ਤੱਕ ਅਸੀਂ ਅਗਵਾਹੀ 'ਚ ਨਹੀਂ ਚੱਲਾਂਗੇ, ਉਦੋਂ ਤੱਕ ਕੋਈ ਵੀ ਅੰਦੋਲਨ ਸਿਖ਼ਰ 'ਤੇ ਨਹੀਂ ਪਹੁੰਚਦਾ। ਹੁਣ ਸਿਆਸੀ ਲੋਕਾਂ ਪਿੱਛੇ ਸਿਆਸੀ ਛੱਡਣੀ ਪੈਣੀ। ਇਸ ਅੰਦੋਲਨ ਨੇ ਆਉਣ ਵਾਲੇ ਸਮੇਂ ਬਹੁਤ ਕੁਝ ਬਦਲਣਾ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਹੁਣ ਇਕੋ ਮੰਚ ਹੀ ਬਣਾ ਲਓ ਸਾਰੇ ਗੱਭਰੂ ਤੁਹਾਡੇ ਨਾਲ ਦਰਿਆਵਾਂ ਦੇ ਪਾਣੀ ਵਾਂਗੂ ਚੱਲਣਗੇ। ਇਹ ਲੜਾਈ ਕਿਸੇ ਇਕ ਫਿਰਕੇ ਦੀ ਨਹੀਂ ਹੈ। ਸਾਨੂੰ ਸਾਰੀਆਂ ਮਾੜੀਆਂ ਅਦਾਤਾਂ ਛੱਡਣੀਆਂ ਪੈਣਗੀਆਂ। ਆਪਸੀ ਫੁੱਟਬਾਜ਼ੀਆਂ ਛੱਡਣੀਆਂ ਚਾਹੀਦੀਆਂ ਹਨ। ਕਾਫ਼ਲਾ ਇਕ ਵਾਰ ਸ਼ੁਰੂ ਹੁੰਦਾ ਹੈ ਅਤੇ ਹੌਲੀ-ਹੌਲੀ ਇਹ ਵਿਸ਼ਾਲ ਹੁੰਦਾ ਜਾ ਰਿਹਾ ਹੈ।'

ਕਿਸਾਨ ਅੰਦੋਲਨ 'ਤੇ ਸਾਂਝੀ ਕੀਤੀ ਇਹ ਪੋਸਟ
ਚਿਰਾਂ ਤੋਂ ਸਾਨੂੰ ਸਿਆਸਤ ਨੇ ਵੰਡਿਆ ਹੋਇਆ ਸੀ। ਧਰਮਾਂ, ਜਾਤਾਂ, ਆਸਤਿਕ, ਨਾਸਤਿਕ ਅਲੱਗ-ਅਲੱਗ ਖ਼ੇਮਿਆਂ ’ਚ ਸਾਨੂੰ ਵੰਡ ਦਿੱਤਾ ਹੈ।
ਨੌਜਵਾਨ ਜਾਗ ਗਏ, ਬਾਬੇ ਕਾਇਮ ਹੋ ਗਏ,
ਜਿਹੜੇ ਮੇਰੇ ਵੀਰ ਦਿੱਲੀ ਨਹੀਂ ਜਾ ਸਕਦੇ ਉਹ ਆਪਣੀ-ਆਪਣੀ ਕਾਰ,
ਸਕੂਟਰ, ਮੋਟਰਸਾਈਕਲ, ਸਾਈਕਲ, ਟਰੈਕਟਰ ਅਤੇ ਘਰਾਂ ਦੇ ਉੱਪਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਝੰਡੇ ਲਾ ਦਿਓ।
ਇਹ ਵਕਤ ਹੁਣ ਸਿਆਸਤਦਾਨਾ ਪਿੱਛੇ ਜ਼ਿੰਦਗੀ ਗਵਾਉਣ ਦਾ ਨਹੀਂ,
ਇਹ ਵਕਤ ਹੈ ਹੁਣ ਇਕੱਠੇ ਹੋਣ ਦਾ।
ਜਰਮਨ ਜੇ ਕੰਧ ਢਾਹ ਸਕਦਾ ਹੈ ਤੇ ਅਸੀਂ ਆਪਣੀ ਇਗੋ (ਆਕੜ) ਕਿਉਂ ਨਹੀਂ ਢਾਹ ਸਕਦੇ,
ਜੇ ਪੂਰਾ ਯੂਰੋਪ ਇਕੱਠਾ ਹੋ ਸਕਦਾ ਹੈ ਤਾਂ ਸਾਰਾ ਏਸ਼ੀਆ ਇਕੱਠਾ ਕਿਉਂ ਨਹੀਂ ਹੋ ਸਕਦਾ।

ਗੁਰਪ੍ਰੀਤ ਘੁੱਗੀ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ
ਉਥੇ ਹੀ ਪੰਜਾਬੀ ਕਾਮੇਡੀਅਨ ਗੁਰਪ੍ਰੀਤ ਘੁੱਗੀ ਆਏ ਦਿਨ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਕਿਸਾਨ ਅੰਦੋਲਨ ਲਈ ਜਾਗਰੂਕ ਅਤੇ ਉਤਸ਼ਾਹਿਤ ਕਰ ਰਹੇ ਹਨ। ਗੁਰਪ੍ਰੀਤ ਘੁੱਗੀ ਨੇ ਆਪਣੀ ਨਵੀਂ ਵੀਡੀਓ 'ਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਤੇ ਕਿਸਾਨੀ ਸੰਘਰਸ਼ ਦੇ ਸਮਰਥਨ 'ਚ ਝੰਡੇ ਤੇ ਸਟਿੱਕਰ ਜ਼ਰੂਰ ਲਾਉਣ, ਜਿਸ ਨਾਲ ਕਿਸਾਨ ਅੰਦੋਲਨ ਦੀ ਵਿਜ਼ੀਬਿਲਿਟੀ ਵਧੇ।
ਦੱਸ ਦੇਈਏ ਕਿ ਕਿਸਾਨ ਇਕ ਮਹੀਨੇ ਤੋਂ ਦਿੱਲੀ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ। ਗੁਰਪ੍ਰੀਤ ਘੁੱਗੀ ਨੇ ਕਿਹਾ ਜੇ ਲਹਿਰ ਲੈ ਕੇ ਆਉਣੀ ਹੈ ਤਾਂ ਝੰਡੇ ਲਹਿਰਾ ਦਿਓ। ਇਸ ਤੋਂ ਪਹਿਲਾ ਗੁਰਪ੍ਰੀਤ ਘੁੱਗੀ ਕਿਸਾਨ ਅੰਦੋਲਨ ਦੇ ਸਮਰਥਨ 'ਚ ਦਿੱਲੀ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਕਿਸਾਨਾਂ ਦੀ ਗੱਲ ਕਰਦੇ ਹੋਏ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਸੀ ਪਰ ਇਸ ਤੋਂ ਇਲਾਵਾ ਵੀ ਗੁਰਪ੍ਰੀਤ ਘੁੱਗੀ ਤੇ ਹੋਰ ਬਾਕੀ ਕਲਾਕਾਰ ਸੋਸ਼ਲ ਮੀਡੀਆ ਤੇ ਮੂਵਮੈਂਟ ਨੂੰ ਤਾਜ਼ਾ ਰੱਖ ਰਹੇ ਹਨ।

30 ਦਸੰਬਰ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ
ਸਰਕਾਰ ਨੇ ਕਿਸਾਨਾਂ ਨੂੰ 30 ਦਸੰਬਰ ਯਾਨੀ ਕਿ ਭਲਕੇ ਗੱਲਬਾਤ ਕਰਨ ਦਾ ਰਸਮੀ ਸੱਦਾ ਭੇਜਿਆ ਹੈ। ਕਿਸਾਨਾਂ ਨੇ ਇਸ ਪ੍ਰਸਤਾਵ ਨੂੰ ਮੰਨ ਲਿਆ ਹੈ ਪਰ ਨਾਲ ਹੀ ਅੰਦੋਲਨ ਨੂੰ ਹੋਰ ਵੱਡਾ ਕਰਨ ਦੀ ਤਿਆਰੀ  ਵੀ ਕਿਸਾਨ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਨੇ 30 ਦਸਬੰਰ ਨੂੰ ਗੱਲਬਾਤ ਮਗਰੋਂ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਜਥੇਬੰਦੀਆਂ ਨੇ 30 ਦਸੰਬਰ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੋਇਆ ਹੈ ਪਰ ਸੂਤਰਾਂ ਮੁਤਾਬਕ ਸਰਕਾਰ ਨਾਲ ਗੱਲਬਾਤ ਦੀ ਵਜ੍ਹਾ ਤੋਂ ਇਹ ਮਾਰਚ 31 ਦਸੰਬਰ ਨੂੰ ਹੋਵੇਗਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਕਿਸਾਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ 30 ਦਸੰਬਰ ਨੂੰ ਹੋਣ ਜਾ ਰਹੀ ਗੱਲਬਾਤ ’ਚ ਜੇਕਰ ਕੋਈ ਸਿੱਟਾ ਨਹੀਂ ਨਿਕਲੇਗਾ ਤਾਂ ਅਜਿਹੇ ਵਿਚ ਅੰਦੋਲਨ ਲੰਬਾ ਚੱਲ ਸਕਦਾ ਹੈ।

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਕਿਸਾਨਾਂ ਨੇ ਕੱਢਿਆ ਨਵਾਂ ਤਰੀਕਾ 
ਪੰਜਾਬ ਦੇ ਕਿਸਾਨ ਧਰਨੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਹਨ। ਇਸੇ ਲਈ ਹੁਣ ਉਨ੍ਹਾਂ ਇਸ ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਨਵਾਂ ਤਰੀਕਾ ਕੱਢਿਆ ਹੈ। ਅੰਦੋਲਨ ਲੰਮਾ ਖਿੱਚਦਾ ਵੇਖ ਕੇ ਹੁਣ ਕਿਸਾਨ ਵਾਰੀ-ਸਿਰ ਇੱਥੇ ਰਿਹਾ ਕਰਨਗੇ ਭਾਵ ਉਨ੍ਹਾਂ ਨੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀਆਂ ਬੰਨ੍ਹ ਲਈਆਂ ਹਨ। ਜਿਹੜੇ ਕਿਸਾਨ ਪਹਿਲੇ ਦਿਨ ਤੋਂ ਗਏ ਹੋਏ ਹਨ, ਉਹ ਹੁਣ ਟ੍ਰਾਲੀਆਂ 'ਚ ਪਰਤ ਰਹੇ ਹਨ ਤੇ ਉਨ੍ਹਾਂ ਹੀ ਟ੍ਰਾਲੀਆਂ 'ਚ ਦੂਜੇ ਨਵੇਂ ਕਿਸਾਨ ਧਰਨੇ ਵਾਲੀ ਥਾਂ 'ਤੇ ਪੁੱਜ ਰਹੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor

Related News