ਕਿਸਾਨਾਂ ਦੇ ਹੱਕ 'ਚ ਰਿਹਾਨਾ ਦੇ ਟਵੀਟ 'ਤੇ ਕੰਗਨਾ ਨੇ ਉਗਲਿਆ ਜ਼ਹਿਰ, ਕਿਹਾ-'ਕਿਸਾਨ ਅੱਤਵਾਦੀ ਨੇ'
Wednesday, Feb 03, 2021 - 05:59 PM (IST)
ਮੁੰਬਈ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 70 ਦਿਨਾਂ ਤੋਂ ਜਾਰੀ ਹੈ। ਹਾਲ ਹੀ 'ਚ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ 'ਚ ਹਿੰਸਾ ਵੀ ਹੋਈ। ਜਿੱਥੇ ਇਕ ਪਾਸੇ ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। ਉੱਥੇ ਹੀ ਸਰਕਾਰ ਵੀ ਹੁਣ ਕਿਸਾਨਾਂ ਦੇ ਇਸ ਅੰਦੋਲਨ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾ ਰਹੀ ਹੈ। ਇਸ ਵਿਚ ਹਾਲ ਹੀ 'ਚ ਮਸ਼ਹੂਰ ਸਿੰਗਰ ਅਤੇ ਪਰਫਾਰਮਰ ਰਿਹਾਨਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ। ਰਿਹਾਨਾ ਨੇ ਇਕ ਨਿਊਜ਼ ਦਾ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ,''ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ ਹਾਂ?'' ਹੁਣ ਜਦੋਂ ਸਰਕਾਰ ਦੀ ਗੱਲ ਹੋਵੇ ਅਤੇ ਕੰਗਨਾ ਰਣੌਤ ਦਾ ਨਾਂ ਨਾ ਆਏ, ਅਜਿਹਾ ਕਿਵੇਂ ਹੋ ਸਕਦਾ ਹੈ?
ਕੰਗਨਾ ਨੇ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਦੇ ਸਵਾਲ 'ਤੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ। ਕੰਗਨਾ ਨੇ ਲਿਖਿਆ,''ਕੋਈ ਵੀ ਇਸ ਬਾਰੇ ਗੱਲ ਨਹੀਂ ਕਰ ਰਿਹਾ ਹੈ, ਕਿਉਂਕਿ ਉਹ ਕਿਸਾਨ ਨਹੀਂ ਹਨ, ਸਗੋਂ ਅੱਤਵਾਦੀ ਹਨ, ਜੋ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਕਿ ਚੀਨ ਸਾਡੇ ਟੁੱਟੇ ਹੋਏ ਰਾਸ਼ਟਰ 'ਤੇ ਕਬਜ਼ਾ ਕਰ ਸਕੇ ਅਤੇ ਇਸ ਨੂੰ ਯੂ.ਐੱਸ.ਏ. ਦੀ ਤਰ੍ਹਾਂ ਇਕ ਚਾਈਨੀਜ਼ ਕਾਲੋਨੀ ਬਣਾ ਸਕੇ। ਤੁਸੀਂ ਮੂਰਖ ਬਣ ਕੇ ਬੈਠੋ, ਅਸੀਂ ਆਪਣੇ ਰਾਸ਼ਟਰ ਨੂੰ ਇਸ ਤਰ੍ਹਾਂ ਨਹੀਂ ਵੇਚ ਰਹੇ ਹਾਂ, ਜਿਵੇਂ ਤੁਸੀਂ ਡਮੀ ਲੋਕ ਕਰਦੇ ਹੋ।'' ਦੱਸਣਯੋਗ ਹੈ ਕਿ ਕੰਗਨਾ ਕਿਸਾਨਾਂ ਦੇ ਅੰਦੋਲਨ ਦਾ ਸ਼ੁਰੂਆਤ ਤੋਂ ਹੀ ਵਿਰੋਧ ਕਰ ਰਹੀ ਹੈ ਅਤੇ ਦਿਲਜੀਤ ਦੋਸਾਂਝ ਨਾਲ ਉਨ੍ਹਾਂ ਦੀ ਟਵਿੱਟਰ 'ਤੇ ਬਹਿਸ ਹੋਈ ਸੀ।