''ਅਸੀਂ ਦੋਸਤ ਬਣੇ ਰਹਾਂਗੇ'', ਵਿਆਹ ਦੇ 4 ਸਾਲਾਂ ਬਾਅਦ ਵੱਖ ਹੋਇਆ ਮਸ਼ਹੂਰ ਜੋੜਾ
Thursday, May 14, 2026 - 09:21 PM (IST)
ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਅਤੇ ਉਸ ਦੇ ਪਤੀ ਸੂਰਜ ਨਾਂਬੀਆਰ ਦੇ ਰਿਸ਼ਤੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਟਕਲਾਂ 'ਤੇ ਹੁਣ ਵਿਰਾਮ ਲੱਗ ਗਿਆ ਹੈ। ਦੋਵਾਂ ਨੇ ਅਧਿਕਾਰਤ ਤੌਰ 'ਤੇ ਇਕ-ਦੂਜੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ।
ਮੌਨੀ ਅਤੇ ਸੂਰਜ ਨੇ ਸੋਸ਼ਲ ਮੀਡੀਆ 'ਤੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਆਪਣੇ ਵਿਆਹ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਨਿੱਜੀ ਤਰਜੀਹਾਂ ਵਿੱਚ ਆਏ ਬਦਲਾਅ ਕਾਰਨ ਉਨ੍ਹਾਂ ਨੇ ਸੋਚ-ਸਮਝ ਕੇ ਆਪਣੇ ਰਸਤੇ ਵੱਖ ਕਰਨ ਦਾ ਫੈਸਲਾ ਲਿਆ ਹੈ।
ਇਸ ਜੋੜੇ ਨੇ ਸਪੱਸ਼ਟ ਕੀਤਾ ਕਿ ਭਾਵੇਂ ਉਹ ਪਤੀ-ਪਤਨੀ ਵਜੋਂ ਵੱਖ ਹੋ ਰਹੇ ਹਨ, ਪਰ ਉਨ੍ਹਾਂ ਦੇ ਮਨ ਵਿੱਚ ਇੱਕ-ਦੂਜੇ ਲਈ ਸਤਿਕਾਰ ਬਣਿਆ ਰਹੇਗਾ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਚੰਗੇ ਦੋਸਤ ਬਣੇ ਰਹਿਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਅਫਸੋਸ ਜਤਾਇਆ ਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਝੂਠੀਆਂ ਅਤੇ ਗਲਤ ਕਹਾਣੀਆਂ ਫੈਲਾਈਆਂ ਗਈਆਂ ਸਨ।
ਬਿਆਨ ਦੇ ਅੰਤ ਵਿੱਚ ਮੌਨੀ ਰਾਏ ਨੇ ਆਪਣੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਬੇਨਤੀ ਕੀਤੀ ਹੈ ਕਿ ਇਸ ਮੁਸ਼ਕਲ ਦੌਰ ਵਿੱਚ ਉਨ੍ਹਾਂ ਦੀ ਨਿੱਜਤਾ (Privacy) ਦਾ ਸਨਮਾਨ ਕੀਤਾ ਜਾਵੇ। ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਗਲਤ ਅਫਵਾਹਾਂ ਨਾ ਫੈਲਾਈਆਂ ਜਾਣ। ਜ਼ਿਕਰਯੋਗ ਹੈ ਕਿ ਇਸ ਜੋੜੇ ਨੇ ਸਾਲ 2022 ਵਿੱਚ ਗੋਆ ਵਿੱਚ ਧੂਮਧਾਮ ਨਾਲ ਵਿਆਹ ਰਚਾਇਆ ਸੀ।
