ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ ! ਮਸ਼ਹੂਰ Actress ਨੇ ਕੀਤਾ ਐਲਾਨ
Thursday, Jul 30, 2026 - 10:30 AM (IST)
ਐਂਟਰਟੇਨਮੈਂਟ ਡੈਸਕ- ਫਿਲਮ ਇੰਡਸਟਰੀ ਛੱਡ ਵਿਦੇਸ਼ 'ਚ ਸੈਟਲ ਹੋ ਚੁੱਕੀ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਤੇ ਕਾਰਕੁਨ ਸੋਮੀ ਅਲੀ ਪਿੱਛਲੇ 16 ਸਾਲਾਂ ਤੋਂ ਲਾਪਤਾ ਬਾਲੀਵੁੱਡ ਅਦਾਕਾਰ ਰਾਜ ਕਿਰਨ ਦੀ ਭਾਲ ਕਰ ਰਹੀ ਹੈ। ਸੋਮੀ ਅਲੀ ਨੇ ਐਲਾਨ ਕੀਤਾ ਹੈ ਕਿ ਜੋ ਵੀ ਕੋਈ ਰਾਜ ਕਿਰਨ ਬਾਰੇ ਸਹੀ ਜਾਣਕਾਰੀ ਦੇਵੇਗਾ, ਉਸ ਨੂੰ 5,000 ਡਾਲਰ (₹4.78 ਲੱਖ) ਦਾ ਇਨਾਮ ਦਿੱਤਾ ਜਾਵੇਗਾ। ਸੋਮੀ ਮੁਤਾਬਕ ਉਸਨੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਨਾਲ ਵਾਅਦਾ ਕੀਤਾ ਸੀ ਕਿ ਉਹ ਰਾਜ ਕਿਰਨ ਨੂੰ ਲੱਭਣਾ ਕਦੇ ਬੰਦ ਨਹੀਂ ਕਰੇਗੀ। 2000 ਦੇ ਦਹਾਕੇ ਦੇ ਸ਼ੁਰੂ ਵਿੱਚ ਰਹੱਸਮਈ ਢੰਗ ਨਾਲ ਗਾਇਬ ਹੋਏ ਰਾਜ ਕਿਰਨ ਦਾ ਮਾਮਲਾ ਬਾਲੀਵੁੱਡ ਦੇ ਸਭ ਤੋਂ ਵੱਡੇ ਅਣਸੁਲਝੇ ਰਹੱਸਾਂ ਵਿੱਚੋਂ ਇੱਕ ਬਣਿਆ ਹੋਇਆ ਹੈ।
ਸੋਮੀ ਅਲੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਮੈਂ ਚਿੰਟੂ ਜੀ (ਰਿਸ਼ੀ ਕਪੂਰ) ਨਾਲ ਇੱਕ ਸ਼ੂਟਿੰਗ ਦੌਰਾਨ ਅਤੇ ਉਨ੍ਹਾਂ ਦੇ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਮੈਂ ਰਾਜ ਕਿਰਨ ਨੂੰ ਲੱਭਣਾ ਕਦੇ ਬੰਦ ਨਹੀਂ ਕਰਾਂਗੀ। ਇਹ ਮੇਰਾ 16ਵਾਂ ਸਾਲ ਹੈ। ਮੈਂ ਨਿੱਜੀ ਜਾਂਚਕਰਤਾਵਾਂ ਦੁਆਰਾ ਦਿੱਤੇ ਗਏ ਪਤਿਆਂ ਦੀ ਵਰਤੋਂ ਕਰਕੇ ਕਈ ਦਰਵਾਜ਼ੇ ਖੜਕਾਏ ਹਨ। ਮੈਨੂੰ ਨਿਊਯਾਰਕ ਵਿੱਚ ਇੱਕ ਅਪਾਰਟਮੈਂਟ ਮਿਲਿਆ ਜਿੱਥੇ ਫਰੰਟ ਡੈਸਕ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਉਸਨੇ ਰਾਜ ਕਿਰਨ ਨੂੰ ਕਦੇ ਨਹੀਂ ਦੇਖਿਆ, ਪਰ ਉਨ੍ਹਾਂ ਦਾ ਭਰਾ-ਭਾਬੀ ਅਤੇ ਉਨ੍ਹਾਂ ਦੀ ਧੀ 11 ਸਾਲਾਂ ਤੋਂ ਉਸ ਅਪਾਰਟਮੈਂਟ ਵਿੱਚ ਰਹੇ ਸਨ। ਮੈਂ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਸੰਪਰਕ ਕੀਤਾ, ਪਰ ਕੋਈ ਫਾਇਦਾ ਨਹੀਂ ਹੋਇਆ। ਹਾਲਾਂਕਿ ਇਹ ਕੋਈ ਵੱਡਾ ਇਨਾਮ ਨਹੀਂ ਹੈ, ਜੇਕਰ ਕੋਈ ਸਹੀ ਪਤਾ ਦੱਸ ਸਕਦਾ ਹੈ, ਭਾਵੇਂ ਉਹ ਕੋਈ ਮੈਂਟਲ ਹੈਲਥ ਸੈਂਟਰ ਹੋਵੇ ਜਾਂ ਅਪਾਰਟਮੈਂਟ, ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ।"
ਦੱਸ ਦੇਈਏ ਕਿ ਬਾਲੀਵੁੱਡ ਦੀਆਂ ਮਸ਼ਹੂਰ ਫਿਲਮਾਂ ਜਿਵੇਂ ਕਿ 'ਕਰਜ਼' ਅਤੇ 'ਅਰਥ' ਵਿੱਚ ਕੰਮ ਕਰਨ ਵਾਲੇ ਅਦਾਕਾਰ ਰਾਜ ਕਿਰਨ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਆਇਆ ਜਦੋਂ ਉਹ ਲਗਾਤਾਰ ਅਸਫਲਤਾਵਾਂ ਤੋਂ ਨਿਰਾਸ਼ ਹੋ ਕੇ ਅਚਾਨਕ ਹੀ ਦੁਨੀਆ ਦੀਆਂ ਨਜ਼ਰਾਂ ਤੋਂ ਗਾਇਬ ਹੋ ਗਏ। ਫਿਰ 1999 ਵਿਚ ਖਬਰ ਸਾਹਮਣੇ ਆਈ ਕਿ ਰਾਜ ਕਿਰਨ ਲਾਪਤਾ ਹੋ ਗਏ ਹਨ। ਇਸ ਗੱਲ ਨੂੰ ਹੁਣ ਕਈ ਸਾਲ ਬੀਤ ਚੁੱਕੇ ਹਨ ਪਰ ਅੱਜ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਕ ਵਾਰ ਰਿਸ਼ੀ ਕਪੂਰ ਨੇ ਕਿਹਾ ਸੀ ਕਿ ਰਾਜ ਕਿਰਨ ਐਟਲਾਂਟਾ ਦੇ ਇਕ ਹਸਪਤਾਲ ਵਿੱਚ ਹਨ ਪਰ ਰਾਜ ਕਿਰਨ ਦੀ ਧੀ ਰਿਸ਼ਿਤਾ ਮਹਾਤਾ ਨੇ ਇਨ੍ਹਾਂ ਖਬਰਾਂ ਨੂੰ ਗਲਤ ਦੱਸਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਵੀ ਕਈ ਸਾਲਾਂ ਤੋਂ ਉਨ੍ਹਾਂ ਦੀ ਭਾਲ ਕਰ ਰਿਹਾ ਹੈ। ਸੋਮੀ ਨੇ ਕਿਹਾ ਉਸ ਨੇ ਲਿੰਕਡਇਨ ਰਾਹੀਂ ਰਾਜ ਕਿਰਨ ਦੇ ਪਰਿਵਾਰ ਨੂੰ ਵੀ ਸੁਨੇਹਾ ਭੇਜਿਆ ਹੈ ਅਤੇ ਨਿਊਯਾਰਕ ਪੁਲਸ (NYPD) ਕੋਲ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਉਣ ਬਾਰੇ ਵੀ ਵਿਚਾਰ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
