ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਦਾਨਾ ਨਾਲ ਵਾਪਰਿਆ ਭਿਆਨਕ ਹਾਦਸਾ

Friday, Jul 31, 2026 - 08:46 PM (IST)

ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਦਾਨਾ ਨਾਲ ਵਾਪਰਿਆ ਭਿਆਨਕ ਹਾਦਸਾ

ਮੁੰਬਈ : ਸਾਊਥ ਸਿਨੇਮਾ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਨ ਵਾਲੀ ਸਟਾਰ ਅਦਾਕਾਰਾ ਰਸ਼ਮਿਕਾ ਮੰਦਾਨਾ ਨੂੰ ਲੈ ਕੇ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਰਸ਼ਮਿਕਾ ਇੱਕ ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਜਿਸ ਕਾਰਨ ਸੈੱਟ 'ਤੇ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਭਾਰੀ ਡਾਂਸ ਸੀਨ ਅਤੇ ਖ਼ਤਰਨਾਕ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟ ਲੱਗ ਗਈ।

ਹਾਦਸੇ ਤੋਂ ਤੁਰੰਤ ਬਾਅਦ ਡਾਕਟਰਾਂ ਦੀ ਟੀਮ ਨੂੰ ਬੁਲਾਇਆ ਗਿਆ। ਮੈਡੀਕਲ ਜਾਂਚ ਤੋਂ ਬਾਅਦ ਡਾਕਟਰਾਂ ਨੇ ਖੁਲਾਸਾ ਕੀਤਾ ਹੈ ਕਿ ਰਸ਼ਮਿਕਾ ਦੇ ਕਮਰ ਦੇ ਹੇਠਲੇ ਹਿੱਸੇ (Hip area) ਦਾ ਟੈਂਡਨ ਪੂਰੀ ਤਰ੍ਹਾਂ ਅਲੱਗ ਹੋ ਗਿਆ ਹੈ। ਡਾਕਟਰਾਂ ਅਨੁਸਾਰ, ਇਸ ਤਰ੍ਹਾਂ ਦੀ ਦਰਦਨਾਕ ਸੱਟ ਆਮ ਤੌਰ 'ਤੇ ਉਨ੍ਹਾਂ ਪੇਸ਼ੇਵਰ ਐਥਲੀਟਾਂ ਨੂੰ ਲੱਗਦੀ ਹੈ ਜੋ ਬਹੁਤ ਜ਼ਿਆਦਾ ਸਰੀਰਕ ਜ਼ੋਰ ਵਾਲਾ ਕੰਮ ਕਰਦੇ ਹਨ। ਲਗਾਤਾਰ ਬਿਨਾਂ ਰੁਕੇ ਡਾਂਸ ਅਤੇ ਮੁਸ਼ਕਿਲ ਐਕਸ਼ਨ ਕਰਨ ਕਾਰਨ ਉਨ੍ਹਾਂ ਦੀਆਂ ਮਾਸਪੇਸ਼ੀਆਂ 'ਤੇ ਪਏ ਭਾਰੀ ਦਬਾਅ ਕਾਰਨ ਇਹ ਸੱਟ ਲੱਗੀ ਹੈ।

ਸੱਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾਕਟਰਾਂ ਨੇ ਰਸ਼ਮਿਕਾ ਨੂੰ ਅਗਲੇ 6 ਹਫ਼ਤਿਆਂ ਲਈ ਮੁਕੰਮਲ ਬੈੱਡ ਰੈਸਟ ਦੀ ਸਖ਼ਤ ਹਦਾਇਤ ਦਿੱਤੀ ਹੈ। ਰਸ਼ਮਿਕਾ ਇਨ੍ਹਾਂ ਦਿਨਾਂ ਵਿੱਚ 'ਰਣਬਲੀ' ਅਤੇ 'ਮਾਯਸਾ' (Maisa) ਵਰਗੀਆਂ ਕਈ ਵੱਡੀਆਂ ਫ਼ਿਲਮਾਂ ਦੇ ਪ੍ਰੋਜੈਕਟਾਂ ਵਿੱਚ ਰੁੱਝੀ ਹੋਈ ਸੀ। ਅਚਾਨਕ ਲਏ ਗਏ ਇਸ ਬ੍ਰੇਕ ਕਾਰਨ ਫ਼ਿਲਮ ਨਿਰਮਾਤਾਵਾਂ ਨੂੰ ਸ਼ੂਟਿੰਗ ਦੇ ਸ਼ੈਡਿਊਲ ਵਿੱਚ ਵੱਡਾ ਬਦਲਾਅ ਕਰਨਾ ਪੈ ਰਿਹਾ ਹੈ।

ਜਿਵੇਂ ਹੀ ਅਦਾਕਾਰਾ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਫੈਲੀ, ਉਨ੍ਹਾਂ ਦੇ ਕਰੋੜਾਂ ਚਾਹੁਣ ਵਾਲੇ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਦੁਆਵਾਂ ਕਰਨ ਲੱਗੇ ਹਨ। ਫ਼ਿਲਮਾਂ ਦੀਆਂ ਟੀਮਾਂ ਨੂੰ ਪੂਰਾ ਭਰੋਸਾ ਹੈ ਕਿ ਪੂਰੇ ਆਰਾਮ ਅਤੇ ਸਹੀ ਇਲਾਜ ਤੋਂ ਬਾਅਦ ਰਸ਼ਮਿਕਾ ਪਹਿਲਾਂ ਨਾਲੋਂ ਵੀ ਜ਼ਿਆਦਾ ਤਾਕਤ ਨਾਲ ਸੈੱਟ 'ਤੇ ਵਾਪਸੀ ਕਰੇਗੀ।


author

Inder Prajapati

Content Editor

Related News