ਮਸ਼ਹੂਰ ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਦੇ ਘਰ ਪਸਰਿਆ ਸੋਗ, ਮਾਂ ਦਾ ਹੋਇਆ ਦੇਹਾਂਤ
Friday, May 02, 2025 - 08:26 PM (IST)
ਐਂਟਰਟੇਨਮੈਂਟ ਡੈਸਕ- ਕਪੂਰ ਖਾਨਦਾਨ ਤੋਂ ਬੇਹੱਦ ਦੁੱਖਦ ਖਬਰ ਸਾਹਮਣੇ ਆਈ ਹੈ। ਬਾਲੀਵੁੱਡ ਅਭਿਨੇਤਾ ਅਨਿਲ ਕਪੂਰ, ਸੰਜੇ ਕਪੂਰ ਅਤੇ ਬੋਨੀ ਕਪੂਰ ਦੀ ਮਾਂ ਨਿਰਮਲ ਕਪੂਰ ਦਾ ਦੇਹਾਂਤ ਹੋ ਗਿਆ ਹੈ। 2 ਮਈ 2025 ਨੂੰ ਨਿਰਮਲ ਨੇ 90 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਨਿਰਮਲ ਕਪੂਰ ਦੇ ਦੇਹਾਂਤ ਦੀ ਖਬਰ ਨਾਲ ਪੂਰੀ ਬਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ ਹੈ।
ਨਿਰਮਲ ਕਪੂਰ ਉਮਰ ਸੰਬੰਧੀ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਸੀ। ਉਨ੍ਹਾਂ ਦੇ ਦੇਹਾਂਤ ਨਾਲ ਕਪੂਰ ਪਰਿਵਾਰ 'ਚ ਸੋਗ ਪਸਰ ਗਿਆ ਹੈ। ਨਿਰਮਲ ਕਪੂਰ ਨੇ ਸਤੰਬਰ 2024 ਨੂੰ ਆਪਣਾ 90ਵਾਂ ਜਨਮਦਿਨ ਮਨਾਇਆ ਸੀ। ਉਹ ਸੋਸ਼ਲ ਮੀਡੀਆ 'ਤੇ ਵੀ ਕੁਝ ਸਮੇਂ ਤਕ ਐਕਟਿਵ ਸੀ। ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।

ਦੱਸਿਆ ਜਾ ਰਿਹਾ ਹੈ ਕਿ ਨਿਰਮਲ ਕਪੂਰ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਸਨ। ਉਹ ਪਿਛਲੇ ਕੁਝ ਸਮੇਂ ਤੋਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਇਲਾਜ ਅਧੀਨ ਸਨ। ਹੁਣ ਉਨ੍ਹਾਂ ਦੇ ਤਿੰਨ ਪੁੱਤਰਾਂ ਸਮੇਤ ਪੂਰਾ ਕਪੂਰ ਪਰਿਵਾਰ ਉਨ੍ਹਾਂ ਦੇ ਇਸ ਦੁਨੀਆਂ ਤੋਂ ਚਲੇ ਜਾਣ ਕਾਰਨ ਸੋਗ ਵਿੱਚ ਹੈ। ਆਪਣੇ ਪੁੱਤਰਾਂ ਤੋਂ ਇਲਾਵਾ, ਨਿਰਮਲ ਕਪੂਰ ਦਾ ਆਪਣੇ ਪੋਤੇ-ਪੋਤੀਆਂ ਅਰਜੁਨ ਕਪੂਰ, ਸੋਨਮ ਕਪੂਰ, ਸ਼ਨਾਇਆ ਕਪੂਰ ਅਤੇ ਹੋਰਾਂ ਨਾਲ ਚੰਗਾ ਰਿਸ਼ਤਾ ਸੀ।

ਨਿਰਮਲ ਕਪੂਰ ਨੇ 1955 ਵਿੱਚ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਸੁਰਿੰਦਰ ਕਪੂਰ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਚਾਰ ਬੱਚੇ ਹਨ। ਪੁੱਤਰ ਬੋਨੀ ਕਪੂਰ, ਅਨਿਲ ਕਪੂਰ, ਸੰਜੇ ਕਪੂਰ ਅਤੇ ਧੀ ਰੀਨਾ ਕਪੂਰ ਮਾਰਵਾਹ। ਸੁਰਿੰਦਰ ਕਪੂਰ ਨੇ ਆਪਣੇ ਕਰੀਅਰ 'ਚ 'ਮਿਲੇਂਗੇ ਮਿਲੇਂਗੇ', 'ਲੋਫਰ', 'ਪੋਂਗਾ ਪੰਡਿਤ', 'ਏਕ ਸ਼੍ਰੀਮਾਨ ਏਕ ਸ਼੍ਰੀਮਤੀ' ਸਮੇਤ ਕਈ ਫਿਲਮਾਂ ਦਾ ਨਿਰਮਾਣ ਕੀਤਾ ਸੀ। ਸਤੰਬਰ 2011 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ, ਬੋਨੀ ਕਪੂਰ ਨੇ ਹਿੰਦੀ ਫਿਲਮ ਉਦਯੋਗ ਵਿੱਚ ਇੱਕ ਨਿਰਮਾਤਾ ਵਜੋਂ ਵੀ ਆਪਣਾ ਕਰੀਅਰ ਬਣਾਇਆ। ਉਥੇ ਹੀ ਫਿਲਮੀ ਦੁਨੀਆ ਨਾਲ ਜੁੜੇ ਰਹਿਣ ਦੇ ਚਲਦੇ ਅਨਿਲ ਕਪੂਰ ਅਤੇ ਸੰਜੇ ਕਪੂਰ ਨੇ ਐਕਟਰ ਬਣਨ ਦਾ ਫੈਸਲਾ ਕੀਤਾ ਸੀ।
