ਜ਼ਮਾਨਤ ਮਿਲਣ ਮਗਰੋਂ ਵੀ ਜੇਲੋਂ ਬਾਹਰ ਨਹੀਂ ਆਵੇਗਾ ਐਲਵਿਸ਼ ਯਾਦਵ, ਜਾਣੋ ਪੁਲਸ ਨੇ ਕਿਉਂ ਕੀਤਾ ਇਨਕਾਰ?
Saturday, Mar 23, 2024 - 06:13 AM (IST)
ਐਂਟਰਟੇਨਮੈਂਟ ਡੈਸਕ– ਸੱਪਾਂ ਦੇ ਜ਼ਹਿਰ ਦੇ ਮਾਮਲੇ ’ਚ ਸ਼ਾਮਲ ਯੂਟਿਊਬਰ ਐਲਵਿਸ਼ ਯਾਦਵ ਨੂੰ ਰਾਹਤ ਮਿਲੀ ਹੈ। ਐਲਵਿਸ਼ ਯਾਦਵ ਨੂੰ ਸ਼ੁੱਕਰਵਾਰ ਨੂੰ ਗੌਤਮ ਬੁੱਧ ਨਗਰ ਜ਼ਿਲਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਅਦਾਲਤ ਨੇ 50-50 ਹਜ਼ਾਰ ਰੁਪਏ ਦੇ 2 ਮੁਚਲਕਿਆਂ ’ਤੇ ਜ਼ਮਾਨਤ ਦੇ ਦਿੱਤੀ ਹੈ। ਐਲਵਿਸ਼ ਯਾਦਵ ਦੇ ਵਕੀਲ ਦੀਪਕ ਭਾਟੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਐਲਵਿਸ਼ ਯਾਦਵ ਨੂੰ ਨੋਇਡਾ ਪੁਲਸ ਨੇ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ।
‘ਬਿੱਗ ਬੌਸ’ ਦੇ ਜੇਤੂ ਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਤੇ ਉਸ ਦੇ 2 ਸਾਥੀ ਈਸ਼ਵਰ ਤੇ ਵਿਨੈ, ਜਿਨ੍ਹਾਂ ਨੂੰ ਇਕ ਰੇਵ ਪਾਰਟੀ ’ਚ ਸੱਪਾਂ ਦਾ ਜ਼ਹਿਰ ਸਪਲਾਈ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਗੌਤਮ ਬੁੱਧ ਨਗਰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਪੁਲਸ ਨੇ ਐਲਵਿਸ਼ ਨੂੰ ਬੀਤੇ ਐਤਵਾਰ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਹ ਨੋਇਡਾ ਦੇ ਸੈਕਟਰ 29 ’ਚ ਕਿਸੇ ਨੂੰ ਮਿਲਣ ਆਇਆ ਸੀ। ਸੀਨੀਅਰ ਵਕੀਲ ਉਮੇਸ਼ ਭਾਟੀ ਦੇਵਤਾ ਨੇ ਦੱਸਿਆ ਕਿ ਐਲਵਿਸ਼ ਯਾਦਵ, ਈਸ਼ਵਰ ਤੇ ਵਿਨੈ ਦੀ ਜ਼ਮਾਨਤ ਦੀ ਸੁਣਵਾਈ ਅੱਜ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜੈ ਹਿੰਦ ਕੁਮਾਰ ਸਿੰਘ ਦੀ ਅਦਾਲਤ ’ਚ ਹੋਈ। ਉਨ੍ਹਾਂ ਦੱਸਿਆ ਕਿ ਤਿੰਨਾਂ ਦੀ ਤਰਫ਼ੋਂ ਵਕੀਲਾਂ ਨੇ ਆਪਣਾ ਪੱਖ ਪੇਸ਼ ਕੀਤਾ।
ਉਨ੍ਹਾਂ ਦੱਸਿਆ, ‘‘ਨੋਇਡਾ ਪੁਲਸ ਵਲੋਂ ਲਗਾਈਆਂ ਗਈਆਂ ਕੁਝ ਧਾਰਾਵਾਂ ਨੂੰ ਅਦਾਲਤ ਨੇ ਕੱਲ ਰੱਦ ਕਰ ਦਿੱਤਾ ਸੀ। ਅੱਜ ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਐਲਵਿਸ਼ ਤੇ ਉਸ ਦੇ ਸਾਥੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਇਸ ਮਾਮਲੇ ’ਚ ਐਲਵਿਸ਼ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੈਕਟਰ 20 ਥਾਣਾ ਪੁਲਸ ਨੇ 20 ਮਾਰਚ ਨੂੰ ਉਸ ਦੇ ਦੋਸਤਾਂ ਵਿਨੈ ਤੇ ਈਸ਼ਵਰ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।’’ ਵਕੀਲ ਉਮੇਸ਼ ਭਾਟੀ ਨੇ ਦੱਸਿਆ ਕਿ ਤਿੰਨਾਂ ਨੂੰ ਅਦਾਲਤ ਨੇ 50-50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ’ਤੇ ਜ਼ਮਾਨਤ ’ਤੇ ਰਿਹਾਅ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਾਇਦ ਸ਼ਾਮ ਤੱਕ ਤਿੰਨੋਂ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਕਸਰ ਜੇਲ੍ਹ ਤੋਂ ਰਿਹਾਅ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਉਸ ਦੀ ਜ਼ਮਾਨਤ ਦੀ ਰਕਮ ਅਦਾ ਕਰਨ ਦੀ ਪ੍ਰਕਿਰਿਆ ਅੰਤਿਮ ਪੜਾਅ ’ਤੇ ਹੈ।
ਇਹ ਖ਼ਬਰ ਵੀ ਪੜ੍ਹੋ : Big Breaking : ਮਾਸਕੋ ’ਚ ਵੱਡਾ ਅੱਤਵਾਦੀ ਹਮਲਾ, ਗੋਲੀਬਾਰੀ ਤੇ ਧਮਾਕਿਆਂ ’ਚ 40 ਤੋਂ ਵੱਧ ਮੌਤਾਂ, 100 ਜ਼ਖ਼ਮੀ
2 ਨਵੰਬਰ, 2023 ਨੂੰ ਕੋਤਵਾਲੀ ਸੈਕਟਰ 49 ’ਚ ਪੀਪਲਜ਼ ਇੰਸਟੀਚਿਊਟ ਫਾਰ ਐਨੀਮਲਜ਼ ਦੇ ਇਕ ਅਧਿਕਾਰੀ ਗੌਰਵ ਗੁਪਤਾ ਵਲੋਂ ‘ਬਿੱਗ ਬੌਸ’ ਦੇ ਜੇਤੂ ਐਲਵਿਸ਼ ਯਾਦਵ ਸਮੇਤ 6 ਲੋਕਾਂ ਖ਼ਿਲਾਫ਼ ਸੱਪਾਂ ਦੇ ਜ਼ਹਿਰ ਦੀ ਸਪਲਾਈ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ’ਚ 4 ਸਪੇਰਿਆਂ ਤੇ ਇਕ ਹੋਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਪੁਲਸ ਨੇ ਬੀਤੇ ਐਤਵਾਰ ਐਲਵਿਸ਼ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਇਸ ਮਾਮਲੇ ’ਚ ਪਹਿਲਾਂ ਰਾਹੁਲ, ਟੀਟੂ ਨਾਥ, ਜੈਕਾਰਾ ਨਾਥ, ਰਘੂਨਾਥ ਆਦਿ ਨੂੰ ਗ੍ਰਿਫ਼ਤਾਰ ਕੀਤਾ ਸੀ। ਸੂਤਰਾਂ ਮੁਤਾਬਕ ਉਨ੍ਹਾਂ ਕੋਲੋਂ ਬਰਾਮਦ ਹੋਏ ਸੱਪਾਂ ਦੇ ਜ਼ਹਿਰ ਨੂੰ ਜਾਂਚ ਲਈ ਭੇਜਿਆ ਗਿਆ ਹੈ। ਜ਼ਹਿਰ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਸ ਨੇ ਐਲਵਿਸ਼ ਯਾਦਵ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਸੈਕਟਰ 20 ਥਾਣੇ ਨੂੰ ਸੌਂਪੀ ਗਈ ਸੀ ਤੇ ਪੁਲਸ ਨੇ 17 ਮਾਰਚ ਨੂੰ ਐਲਵਿਸ਼ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਜੇਲ੍ਹ ਤੋਂ ਰਿਹਾਈ ਨਹੀਂ
ਐਲਵਿਸ਼ ਯਾਦਵ ਨੂੰ ਗੌਤਮ ਬੁੱਧ ਨਗਰ ਜ਼ਿਲਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਪਰ ਉਸ ਦੀ ਰਿਹਾਈ ਅਟਕ ਗਈ ਹੈ। ਅਜਿਹਾ ਹਰਿਆਣਾ ਕੋਰਟ ਦੇ ਪ੍ਰੋਡਕਸ਼ਨ ਵਾਰੰਟ ਕਾਰਨ ਹੋਇਆ ਹੈ। ਰਿਹਾਈ ਪਰਮਿਟ ਜੇਲ ’ਚ ਪਹੁੰਚਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਰਿਹਾਈ ਤੋਂ ਇਨਕਾਰ ਕਰ ਦਿੱਤਾ। ਜੇਲ ਸੁਪਰਡੈਂਟ ਦਾ ਕਹਿਣਾ ਹੈ ਕਿ ਗੁਰੂਗ੍ਰਾਮ ਪੁਲਸ ਨੇ ਪ੍ਰੋਡਕਸ਼ਨ ਵਾਰੰਟ ਮੰਗਿਆ ਹੈ, ਐਲਵਿਸ਼ ਯਾਦਵ ਨੂੰ ਸ਼ਨੀਵਾਰ ਨੂੰ ਗੁਰੂਗ੍ਰਾਮ ਕੋਰਟ ’ਚ ਪੇਸ਼ ਕੀਤਾ ਜਾਵੇਗਾ।
ਯੂਟਿਊਬਰ ਐਲਵਿਸ਼ ਯਾਦਵ ਨੂੰ ‘ਕੰਟੈਂਟ ਕ੍ਰਿਏਟਰ’ ਸਾਗਰ ਠਾਕੁਰ ਉਰਫ਼ ਮੈਕਸਟਰਨ ਨਾਲ ਜੁੜੇ ਹਮਲੇ ਦੇ ਮਾਮਲੇ ’ਚ ਗੁਰੂਗ੍ਰਾਮ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਗੁਰੂਗ੍ਰਾਮ ਪੁਲਸ ਐਲਵਿਸ਼ ਦੇ ਰਿਮਾਂਡ ਦੀ ਮੰਗ ਕਰੇਗੀ। ਪੁਲਸ ਅਨੁਸਾਰ ਗੁਰੂਗ੍ਰਾਮ ਦੇ ਪਹਿਲੇ ਦਰਜੇ ਦੇ ਜੁਡੀਸ਼ੀਅਲ ਮੈਜਿਸਟਰੇਟ ਹਰਸ਼ ਕੁਮਾਰ ਦੀ ਅਦਾਲਤ ਨੇ ਪੁਲਸ ਵਲੋਂ ਦਾਇਰ ਐਲਵਿਸ਼ ਦੀ ਪ੍ਰੋਡਕਸ਼ਨ ਵਾਰੰਟ ਅਰਜ਼ੀ ’ਤੇ ਪੇਸ਼ੀ ਦੀ ਤਾਰੀਖ ਤੈਅ ਕੀਤੀ ਹੈ।
ਗੁਰੂਗ੍ਰਾਮ ਸੈਕਟਰ 53 ਥਾਣਾ ਇੰਚਾਰਜ ਰਾਜੇਂਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਬੁੱਧਵਾਰ ਨੂੰ ਅਦਾਲਤ ’ਚ ਇਕ ਅਰਜ਼ੀ ਦਾਇਰ ਕਰਕੇ ਇਸ ਮਾਮਲੇ ’ਚ ਐਲਵਿਸ਼ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਸੀ। ਐਲਵਿਸ਼ ਨੂੰ 8 ਮਾਰਚ ਨੂੰ ਇਕ ਵੀਡੀਓ ’ਚ ਠਾਕੁਰ ਨੂੰ ਕੁੱਟਦਿਆਂ ਦੇਖਿਆ ਗਿਆ ਸੀ। ਐਲਵਿਸ਼ ਠਾਕੁਰ ਨੂੰ ਜ਼ਮੀਨ ’ਤੇ ਸੁੱਟਦੇ ਤੇ ਫਿਰ ਥੱਪੜ ਮਾਰਦੇ ਦੇਖਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।