ਡਰੱਗਸ ਮਾਮਲਾ : ਕੋਰਟ ਨੇ ਏਜਾਜ਼ ਖ਼ਾਨ ਨੂੰ ਭੇਜਿਆ 3 ਦਿਨਾਂ ਲਈ ਐੱਨ. ਸੀ. ਬੀ. ਦੀ ਹਿਰਾਸਤ ’ਚ

04/01/2021 1:23:41 PM

ਮੁੰਬਈ (ਬਿਊਰੋ)– ਬੀਤੇ ਦਿਨੀਂ ਡਰੱਗਸ ਮਾਮਲੇ ’ਚ ਗ੍ਰਿਫਤਾਰ ਹੋਏ ਬਿੱਗ ਬੌਸ ਮੁਕਾਬਲੇਬਾਜ਼ ਰਹੇ ਏਜਾਜ਼ ਖ਼ਾਨ ਨੂੰ ਅਦਾਲਤ ਨੇ 3 ਅਪ੍ਰੈਲ ਤਕ ਐੱਨ. ਸੀ. ਬੀ. ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਬੁੱਧਵਾਰ ਨੂੰ ਐੱਨ. ਸੀ. ਬੀ. ਨੇ ਇਕ ਡਰੱਗਸ ਮਾਮਲੇ ’ਚ ਨਾਂ ਆਉਣ ਤੋਂ ਬਾਅਦ ਏਜਾਜ਼ ਖ਼ਾਨ ਨੂੰ ਗ੍ਰਿਫਤਾਰ ਕਰਕੇ ਕੋਰਟ ’ਚ ਪੇਸ਼ ਕੀਤਾ ਸੀ।

ਉਥੇ ਐੱਨ. ਸੀ. ਬੀ. ਵਲੋਂ ਏਜਾਜ਼ ਨੂੰ ਬਟਾਟਾ ਗੈਂਗ ਨਾਲ ਸਬੰਧ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਏਜਾਜ਼ ਦੇ ਘਰੋਂ ਜਾਂਚ ਏਜੰਸੀ ਨੇ 4.5 ਗ੍ਰਾਮ ਨਸ਼ੀਲੀ ਦਵਾਈ ਬਰਾਮਦ ਕੀਤੀ ਸੀ ਪਰ ਗ੍ਰਿਫਤਾਰੀ ਦੀ ਵਜ੍ਹਾ ਬਟਾਟਾ ਗੈਂਗ ਨਾਲ ਸਬੰਧ ਹੀ ਦੱਸੀ ਜਾ ਰਹੀ ਹੈ।

ਐੱਨ. ਸੀ. ਬੀ. ਨੇ ਕੋਰਟ ’ਚ ਕਿਹਾ ਕਿ ਪਿਛਲੇ ਦਿਨੀਂ ਡਰੱਗਸ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਸ਼ਾਦਾਬ ਬਟਾਟਾ ਤੇ ਏਜਾਜ਼ ਖ਼ਾਨ ਵਿਚਾਲੇ ਸਬੰਧ ਮਿਲੇ ਹਨ। ਐੱਨ. ਸੀ. ਬੀ. ਨੇ ਕਿਹਾ ਕਿ ਉਨ੍ਹਾਂ ਨੂੰ ਵਟਸਐਪ ਚੈਟਸ ਵੀ ਮਿਲੀਆਂ ਹਨ, ਵਾਇਸ ਨੌਟਸ ਵੀ ਮਿਲੇ ਹਨ, ਜਿਨ੍ਹਾਂ ’ਚ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਡਰੱਗਸ ਮਾਮਲੇ ’ਚ ਏਜਾਜ਼ ਖ਼ਾਨ ਦਾ ਵੀ ਕਨੈਕਸ਼ਨ ਹੈ।

ਇਹ ਖ਼ਬਰ ਵੀ ਪੜ੍ਹੋ : 46 ਸਾਲਾਂ ਦੇ ਜੈਜ਼ੀ ਬੀ ਅੱਜ ਵੀ ਆਪਣੇ ਵੱਖਰੇ ਅੰਦਾਜ਼ ਕਾਰਨ ਨੇ ਮਸ਼ਹੂਰ, ਜਾਣੋ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਐੱਨ. ਸੀ. ਬੀ. ਨੇ ਕੋਰਟ ’ਚ ਇਹ ਵੀ ਕਿਹਾ ਕਿ ਉਹ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਉਥੇ ਇਹ ਵੀ ਕਿਹਾ ਗਿਆ ਕਿ ਏਜਾਜ਼ ਇਕ ਪ੍ਰਭਾਵਸ਼ਾਲੀ ਵਿਅਕਤੀ ਹੈ ਤੇ ਉਹ ਆਪਣੇ ਰਸੂਖ਼ ਦੀ ਵਰਤੋਂ ਗਲਤ ਕੰਮਾਂ ਲਈ ਕਰ ਰਿਹਾ ਹੈ। ਏਜਾਜ਼ ਦੇ ਵਕੀਲ ਨੇ ਕੋਰਟ ’ਚ ਕਿਹਾ ਕਿ ਏਜਾਜ਼ ਦੇ ਘਰੋਂ ਕੋਈ ਡਰੱਗਸ ਨਹੀਂ ਮਿਲਿਆ ਹੈ। ਜੋ ਦਵਾਈਆਂ ਮਿਲੀਆਂ ਹਨ, ਉਹ ਉਸ ਦੀ ਪਤਨੀ ਦੀਆਂ ਹਨ।

ਉਥੇ ਐੱਨ. ਸੀ. ਬੀ. ਤੇ ਏਜਾਜ਼ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਏਜੰਸੀ ਦੀ ਮੰਗ ਨੂੰ ਮੰਨਦਿਆਂ ਏਜਾਜ਼ ਦੀ 3 ਦਿਨਾਂ ਦੀ ਹਿਰਾਸਤ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਬਾਅਦ ਏਜਾਜ਼ ਖ਼ਾਨ ਹੁਣ 3 ਦਿਨਾਂ ਤਕ ਐੱਨ. ਸੀ. ਬੀ. ਦੀ ਹਿਰਾਸਤ ’ਚ ਰਹਿਣਗੇ। ਐੱਨ. ਸੀ. ਬੀ. ਨੂੰ ਉਮੀਦ ਹੈ ਕਿ ਹੁਣ ਕਈ ਹੋਰ ਵੱਡੀਆਂ ਹਸਤੀਆਂ ਦਾ ਡਰੱਗਸ ਕਨੈਕਸ਼ਨ ’ਚ ਪਰਦਾਫਾਸ਼ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News