ਦੋਸਾਂਝਾਂਵਾਲੇ ਦੇ ਹੱਕ ''ਚ ਨਿੱਤਰੇ ਗਾਇਕ ਬੱਬੂ ਮਾਨ, ਆਖ ਦਿੱਤੀ ਵੱਡੀ ਗੱਲ
Tuesday, Jul 01, 2025 - 07:06 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦਾਂ ਵਿੱਚ ਹਨ। ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਸਕ੍ਰੀਨ ਸ਼ੇਅਰ ਕਰਨ ਲਈ ਉਨ੍ਹਾਂ ਨੂੰ ਬਹੁਤ ਟ੍ਰੋਲ ਕੀਤਾ ਜਾ ਰਿਹਾ ਹੈ। ਨਤੀਜੇ ਵਜੋਂ ਉਨ੍ਹਾਂ ਦੀ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਈ। ਇਸ ਕੜੀ ਵਿੱਚ ਕੁਝ ਦਿਲਜੀਤ ਦਾ ਸਮਰਥਨ ਕਰ ਰਹੇ ਹਨ ਜਦੋਂ ਕਿ ਕੁਝ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਹਾਲ ਹੀ ਵਿੱਚ ਇਸ ਦੌਰਾਨ ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਦਿਲਜੀਤ ਦਾ ਸਮਰਥਨ ਕੀਤਾ ਹੈ।
ਗਾਇਕ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕਰਕੇ ਦਿਲਜੀਤ ਦੋਸਾਂਝ ਦੇ ਸਮਰਥਨ ਵਿੱਚ ਨਿੱਤਰੇ ਹਨ। ਬੱਬੂ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ- ਪੰਜਾਬ,ਪੰਜਾਬੀਅਤ ਜ਼ਿੰਦਾਬਾਦ... ਜਿਉ ਪੋਲੀਟਿਕਸ ਵਿੱਚ ਦੋ ਦੇਸ਼ ਅਚਾਨਕ ਲੜਦੇ ਹਨ ਤੇ ਭਵਿੱਖ ਵਿੱਚ ਦੁਬਾਰਾ ਇੱਕ ਹੋ ਜਾਂਦੇ ਹਨ। ਕਲਾਕਾਰ ਦੀ ਫਿਲਮ ਨੂੰ ਸੈਂਸਰ ਸਰਟੀਫਿਕੇਟ ਦਿੰਦਾ ਹੈ, ਕਈ ਵਾਰ ਨਹੀਂ ਵੀ ਦਿੰਦਾ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਨੂੰ ਹਵਾਏਂ ਦੇ ਸਮੇਂ ਵੀ ਆਈਆਂ ਸੀ।
ਪਰ ਭਵਿੱਖ ਵਿੱਚ ਕਿਸੇ ਕਲਾਕਾਰ ਨੂੰ ਕੰਮ ਨਾ ਕਰਨ ਦੇਣਾ ਇਹ ਨਾਦਰਸ਼ਾਹੀ ਫਰਮਾਨ ਹੈ। ਕਲਾਕਾਰਾਂ ਦੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਹਨ ਪਰ ਜਦੋਂ ਪੰਜਾਬ ਤੇ ਪੰਜਾਬੀ ਸੱਭਿਆਚਾਰ ਦੀ ਗੱਲ ਆਉਂਦੀ ਹੈ ਤਾਂ ਦਿਲਜੀਤ ਤੇ ਵਾਈਟ-ਹਿੱਲ ਦੀ ਡਟਕੇ ਹਮਾਇਤ ਕਰਦੇ ਹਾਂ। ਪੰਜਾਬੀ ਫਿਲਮਾਂ ਦਾ ਸੈਂਸਰ ਵੀ ਪੰਜਾਬ ਵਿੱਚ ਹੋਣਾ ਚਾਹੀਦਾ ਹੈ, ਤਾਂ ਜੋ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਬਿਹਤਰ ਢੰਗ ਨਾਲ ਸਮਝ ਸਕੀਏ।
ਆਓ ਨਿਜ਼ ਨੂੰ ਛੱਡਕੇ
ਪੰਜਾਬ ਪੰਜਾਬੀਅਤ ਦੀ ਗੱਲ ਕਰੀਏ
ਆਪਣੇ ਕਬੀਲੇ ਦੀ ਚੜਦੀ ਕਲਾ ਦੀ ਗੱਲ ਕਰੀਏ...ਬੱਬੂ ਮਾਨ।
ਜ਼ਿਕਰਯੋਗ ਹੈ ਕਿ ਇਕ ਪਾਸੜ ਕੱਟੜਪੰਥੀ ਦਿਲਜੀਤ ਦੋਸਾਂਝ ਦੀ ਅਲੋਚਨਾ ਕਰ ਰਹੇ ਹਨ ਤੇ ਦੂਜੇ ਪਾਸੇ ਸਿਆਸਤਦਾਨ ਤੇ ਕਲਾਕਾਰ ਉਨ੍ਹਾਂ ਦੇ ਹੱਕ 'ਚ ਖੜ੍ਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ (ਕਾਂਗਰਸ), ਪ੍ਰਤਾਪ ਸਿੰਘ ਬਾਜਵਾ (ਕਾਂਗਰਸ), ਆਰਪੀ ਸਿੰਘ (ਭਾਜਪਾ), ਕਲਾਕਾਰ ਹਬੀਬ ਧਾਲੀਵਾਲ, ਨਸੀਰੂਦੀਨ ਸ਼ਾਹ, ਜਾਵੇਦ ਅਖਤਰ, ਇਮਤਿਆਜ਼ ਅਲੀ, ਜਸਬੀਰ ਜੱਸੀ, ਸੋਨਾਲੀ ਸਿੰਘ (ਸਾਬਕਾ ਮੈਨੇਜਰ) ਤੇ ਚੇਤਨ ਭਗਤ (ਲੇਖਕ) ਨੇ ਦੋਸਾਂਝਾਂਵਾਲੇ ਦਾ ਸਮਰਥਨ ਕੀਤਾ ਹੈ।