ਤਾਂ ਇਸ ਵਜ੍ਹਾ ਕਰਕੇ ਲੁਧਿਆਣਾ ਦੇ ਰੇਖੀ ਸਿਨੇਮਾ ਨੂੰ ਦੇਖ ਧਰਮਿੰਦਰ ਦੇ ਨਿਕਲੇ ਹੰਝੂ
Wednesday, Jul 08, 2020 - 03:36 PM (IST)

ਜਲੰਧਰ (ਵੈੱਬ ਡੈਸਕ) : ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਟਵੀਟ ਕਰਕੇ ਰੇਖੀ ਸਿਨੇਮਾ ਦੀ ਤਰਸਯੋਗ ਹਾਲਾਤ 'ਤੇ ਚਿੰਤਾ ਜਾਹਰ ਕੀਤੀ ਹੈ। ਆਪਣੇ ਟਵੀਟ 'ਚ ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਿਨੇਮਾ 'ਚ ਅਣਗਿਣਤ ਫ਼ਿਲਮਾਂ ਵੇਖੀਆਂ ਹਨ ਅਤੇ ਅੱਜ ਇਸ ਸਿਨੇਮਾ 'ਚ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਇਹ ਵੇਖ ਕੇ ਦਿਲ ਉਦਾਸ ਹੋ ਗਿਆ ਮੇਰਾ। ਸ਼ਹਿਰ ਦੇ ਘੰਟਾਘਰ ਕੋਲ ਬਣੇ ਰੇਖੀ ਸਿਨੇਮਾ ਸ਼ਹਿਰ ਦੇ ਸਭ ਤੋਂ ਪੁਰਾਣੇ ਸਿਨੇਮਾਘਰਾਂ 'ਚੋਂ ਇਕ ਹੈ। ਸਾਲ 1933 'ਚ ਇਹ ਸਿਨੇਮਾ ਤਿਆਰ ਹੋ ਗਿਆ ਸੀ। ਇਕ ਸਮਾਂ ਸੀ ਜਦੋਂ ਇਸ ਸਿਨੇਮਾਘਰ ਦੇ ਬਾਹਰ ਫ਼ਿਲਮ ਵੇਖਣ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ ਸੀ।
ਦੱਸਣਯੋਗ ਹੈ ਕਿ ਫਿਲਮ ਅਭਿਨੇਤਾ ਧਰਮਿੰਦਰ ਦਾ ਬਚਪਨ ਵੀ ਲੁਧਿਆਣਾ 'ਚ ਹੀ ਬੀਤੀਆ ਹੈ। ਉਸ ਵੇਲੇ ਉਹ ਲੁਧਿਆਣਾ ਦੇ ਬੱਦੋਵਾਲ 'ਚ ਰਿਹਾ ਕਰਦੇ ਸਨ, ਇਸ ਲਈ ਲੁਧਿਆਣਾ ਨਾਲ ਉਨ੍ਹਾਂ ਦੀਆਂ ਬਹੁਤ ਯਾਦਾਂ ਜੁੜੀਆਂ ਹਨ। ਧਰਮਿੰਦਰ ਨੇ ਜਿਵੇਂ ਹੀ ਰੇਖੀ ਸਿਨੇਮਾ ਬਾਰੇ ਟਵੀਟ ਕੀਤਾ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਰੀ-ਟਵੀਟ ਕਰਨਾ ਸ਼ੁਰੂ ਕਰ ਦਿੱਤਾ। ਖਾਸ ਗੱਲ ਇਹ ਰਹੀ ਕਿ ਪ੍ਰਸ਼ੰਸਕਾਂ ਨੇ ਰੀ-ਟਵੀਟ ਰਾਹੀਂ ਜੋ ਵੀ ਸਵਾਲ ਪੁੱਛੇ ਧਰਮਿੰਦਰ ਨੇ ਉਨ੍ਹਾਂ ਦਾ ਜਵਾਬ ਵੀ ਦਿੱਤਾ ਹੈ।
ਟਵੀਟ 'ਚ ਧਰਮਿੰਦਰ ਨੇ ਕਿਹਾ ਹੈ ਕਿ ਰੇਖੀ ਸਿਨੇਮਾ 'ਚ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਬਹੁਤ ਸਾਰੀਆਂ ਫ਼ਿਲਮਾਂ ਵੇਖੀਆਂ ਹਨ, ਜਿਨ੍ਹਾਂ 'ਚ ਦਿਲੀਪ ਕੁਮਾਰ ਦੀ 'ਦੀਦਾਰ' ਵੀ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਉਹ ਆਪਣੇ ਦੋਸਤਾਂ ਨਾਲ ਫ਼ਿਲਮ ਵੇਖਣ ਆਉਂਦੇ ਸਨ ਤਾਂ ਖਾਣੇ 'ਚ ਟਿੱਕੀ-ਸਮੋਸੇ ਜ਼ਰੂਰ ਖਾਂਦੇ ਸਨ। ਇਸ ਦੇ ਲਈ 25 ਪੈਸੇ ਵੀ ਜ਼ਰੂਰ ਬਚਾ ਕੇ ਰੱਖਦੇ ਸਨ। ਦੱਸਣਯੋਗ ਹੈ ਕਿ ਸਮੇਂ ਦੇ ਨਾਲ-ਨਾਲ ਪੁਰਾਣੇ ਸਿਨੇਮਾ ਘਰਾਂ ਦੀ ਹੋਂਦ ਵੀ ਖ਼ਤਮ ਹੁੰਦੀ ਜਾ ਰਹੀ ਹੈ, ਇਨ੍ਹਾਂ ਦੀ ਥਾਂ ਮਾਲ ਦੇ ਸਿਨੇਮਾ ਘਰਾਂ ਨੇ ਲੈ ਲਈ ਹੈ।
Rikhy cinema, ludhiyana..... unginnat filmen 🎥 dekhi hain yahaan....ye sannata ......dekh kar ..... dil udaas ho gaya mera ..... pic.twitter.com/MGY5VG3z0S
— Dharmendra Deol (@aapkadharam) July 4, 2020
ਮਾਰਚ 'ਚ ਸ਼ਹਿਰ ਆਏ ਸਨ ਧਰਮਿੰਦਰ
ਬਾਲੀਵੁੱਡ ਅਦਾਕਾਰ ਧਰਮਿੰਦਰ ਇਸੇ ਸਾਲ ਮਾਰਚ ਮਹੀਨੇ 'ਚ ਮਿਲੇ ਨੂਰ-ਏ-ਸਾਹਿਰ ਐਵਾਰਡ ਲਈ ਸ਼ਹਿਰ ਆਏ ਸਨ। ਜਿਥੇ ਉਨ੍ਹਾਂ ਨੇ ਸ਼ਹਿਰ ਨਾਲ ਜੁੜੇ ਆਪਣੇ ਮਜ਼ੇਦਾਰ ਕਿੱਸਿਆਂ ਦੀ ਵੀ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਉਹ ਆਪਣੇ ਦੋਸਤਾਂ ਨਾਲ ਬੱਦੋਵਾਲ ਤੋਂ ਪੈਦਲ ਘੰਟਾਘਰ, ਚੌੜਾ ਬਾਜ਼ਾਰ ਆਇਆ ਕਰਦੇ ਸਨ। ਇਸ ਦੌਰਾਨ ਕਦੀ-ਕਦੀ ਟਾਂਗੇ ਦਾ ਸਫ਼ਰ ਵੀ ਤੈਅ ਕਰਦੇ ਤੇ ਖਾਣ-ਪੀਣ ਤੋਂ ਇਲਾਵਾ ਮਸਤੀ ਕਰਦੇ ਸਨ। ਅੱਜ ਉਹ ਚਾਰੇ ਮੁੰਬਈ 'ਚ ਰਹਿ ਰਹੇ ਹਨ ਪਰ ਉਨ੍ਹਾਂ ਦਾ ਦਿਲ ਹਮੇਸ਼ਾ ਲੁਧਿਆਣਾ ਹੀ ਰਹਿੰਦਾ ਹੈ।