ਧਰਮਿੰਦਰ ਨੇ ਕੀਤਾ ਨਵੀਂ ਫ਼ਿਲਮ ਦਾ ਐਲਾਨ, ਵੱਡੇ ਪਰਦੇ ''ਤੇ ਮੁੜ ਦਿਸੇਗਾ ਦਿਓਲ ਪਰਿਵਾਰ ਦਾ ਦਮ

Tuesday, Dec 01, 2020 - 10:36 AM (IST)

ਧਰਮਿੰਦਰ ਨੇ ਕੀਤਾ ਨਵੀਂ ਫ਼ਿਲਮ ਦਾ ਐਲਾਨ, ਵੱਡੇ ਪਰਦੇ ''ਤੇ ਮੁੜ ਦਿਸੇਗਾ ਦਿਓਲ ਪਰਿਵਾਰ ਦਾ ਦਮ

ਮੁੰਬਈ (ਬਿਊਰੋ) : ਦਿਓਲ ਪਰਿਵਾਰ ਨੇ ਪਰਿਵਾਰਕ ਡਰਾਮਾ ਫ਼ਿਲਮ 'ਅਪਨੇ' ਦਾ ਸੀਕੁਅਲ ਭਾਵ ਅਗਲਾ ਭਾਗ ਬਣਾਉਣ ਦਾ ਫ਼ੈਸਲਾ ਕੀਤਾ ਹੈ। ਬਾਲੀਵੁੱਡ ਦੇ ਅਦਾਕਾਰ ਧਰਮਿੰਦਰ ਨੇ ਇਕ ਟਵੀਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਟਵੀਟ 'ਚ ਕਿਹਾ ਕਿ ਸਾਰੇ ਸ਼ੁੱਭਚਿੰਤਕਾਂ ਦੇ ਆਸ਼ੀਰਵਾਦ ਨਾਲ ਦਰਸ਼ਕਾਂ ਲਈ 'ਅਪਨੇ-2' ਲੈ ਕੇ ਆ ਰਹੇ ਹਨ। ਇਸ ਟਵੀਟ ਨਾਲ ਧਰਮਿੰਦਰ ਨੇ ਇਕ ਕਲਿੱਪ ਵੀ ਸਾਂਝਾ ਕੀਤਾ ਹੈ। ਇਹ ਕਲਿੱਪ ਫ਼ਿਲਮ 'ਅਪਨੇ' ਦੇ ਇਕ ਗੀਤ ਦਾ ਹੈ। ਫ਼ਿਲਮ 'ਅਪਨੇ' ਸਾਲ 2007 'ਚ ਰਿਲੀਜ਼ ਹੋਈ ਸੀ। ਫ਼ਿਲਮ 'ਚ ਧਰਮਿੰਦਰ ਤੇ ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਅਤੇ ਬੌਬੀ ਦਿਓਲ ਲੀਡ ਰੋਲ 'ਚ ਸਨ। ਇਸ ਤੋਂ ਇਲਾਵਾ ਫ਼ੀਮੇਲ ਲੀਡ 'ਚ ਸ਼ਿਲਪਾ ਸ਼ੈਟੀ, ਕੈਟਰੀਨਾ ਕੈਫ਼ ਤੇ ਕਿਰਨ ਖੇਰ ਸਨ। ਫ਼ਿਲਮ ਅਤੇ ਇਸ ਦੇ ਗੀਤ ਸੁਪਰਹਿੱਟ ਹੋਏ ਸਨ।

ਧਰਮਿੰਦਰ ਦਾ ਟਵੀਟ-

ਦੱਸਣਯੋਗ ਹੈ ਕਿ 'ਅਪਨੇ' ਫ਼ਿਲਮ ਦੀ ਕਹਾਣੀ ਇਕ ਅਜਿਹੇ ਪਿਤਾ ਦੀ ਕਹਾਣੀ ਸੀ, ਜੋ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਬਾਕਸਿੰਗ ਚੈਂਪੀਅਨ ਬਣੇ। ਇਕ ਸੁਫ਼ਨਾ, ਜੋ ਪੂਰਾ ਨਹੀਂ ਹੋ ਪਾਉਂਦਾ। ਉਸ ਦਾ ਛੋਟਾ ਪੁੱਤਰ ਬਾਕਸਿੰਗ ਰਿੰਗ 'ਚ ਜ਼ਖ਼ਮੀ ਹੋ ਜਾਂਦਾ ਹੈ ਤੇ ਉਸ ਦਾ ਵੱਡਾ ਪੁੱਤਰ ਆਪਣੇ ਪਿਤਾ ਦੇ ਸੁਫ਼ਨੇ ਸਾਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਫ਼ਿਲਮ 'ਚ ਦੇਸ਼ ਭਗਤੀ ਦਾ ਜਜ਼ਬਾ ਵੀ ਵਿਖਾਇਆ ਗਿਆ ਸੀ।
'ਅਪਨੇ' ਬਾਕਸ ਆਫ਼ਿਸ 'ਤੇ ਸੁਪਰਹਿੱਟ ਰਹੀ ਸੀ। ਵਿਦੇਸ਼ਾਂ 'ਚ ਇਸ ਨੇ ਚੋਖੀ ਕਮਾਈ ਕੀਤੀ ਸੀ। ਦਿਓਲ ਪਰਿਵਾਰ ਦੀ ਇਹ ਫ਼ਿਲਮ ਹਿੱਟ ਹੋਣ ਤੋਂ ਬਾਅਦ ਧਰਮਿੰਦਰ, ਸੰਨੀ ਦਿਓਲ ਤੇ ਬੌਬੀ ਦਿਓਲ ਨੇ 'ਯਮਲਾ ਪਗਲਾ ਦੀਵਾਨਾ' ਸੀਰੀਜ਼ ਵਿੱਚ ਨਾਲ ਕੰਮ ਕੀਤਾ ਸੀ। ਕਾਮੇਡੀ ਨਾਲ ਭਰਪੂਰ ਸੀਰੀਜ਼ ਦੀ ਪਹਿਲੀ ਫ਼ਿਲਮ ਸੁਪਰਹਿੱਟ ਰਹੀ ਸੀ ਪਰ ਦੂਜੀ ਫ਼ਿਲਮ ਨੂੰ ਵਧੀਆ ਰੈਸਪੌਂਸ ਨਹੀਂ ਮਿਲਿਆ ਸੀ।


author

sunita

Content Editor

Related News