ਇਸ ਜੋੜੇ ਨੇ ਕੀਤਾ ਧਾਨੁਸ਼ ਦੇ ਮਾਤਾ-ਪਿਤਾ ਹੋਣ ਦਾ ਦਾਅਵਾ, 65 ਹਜ਼ਾਰ ਮਹੀਨਾ ਮੁਆਵਜ਼ੇ ਦੀ ਕੀਤੀ ਮੰਗ
Saturday, May 21, 2022 - 05:17 PM (IST)
ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਧਾਨੁਸ਼ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਅਸਲ ’ਚ ਮਦੁਰੈ ਦਾ ਇਕ ਜੋੜਾ ਧਾਨੁਸ਼ ਦੇ ਮਾਤਾ-ਪਿਤਾ ਹੋਣ ਦਾ ਦਾਅਵਾ ਕਰ ਰਿਹਾ ਹੈ। ਹੁਣ ਅਦਾਕਾਰ ਤੇ ਉਸ ਦੇ ਪਿਤਾ ਕਸਤੂਰੀ ਰਾਜਾ ਨੇ ਜੋੜੇ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਨੋਟਿਸ ’ਚ ਕਿਹਾ ਗਿਆ ਹੈ ਕਿ ਜੋੜੇ ਨੂੰ ਇਹ ਕਹਿਣਾ ਬੰਦ ਕਰਨਾ ਹੋਵੇਗਾ ਕਿ ਧਾਨੁਸ਼ ਉਨ੍ਹਾਂ ਦਾ ਪੁੱਤਰ ਹੈ। ਨਾਲ ਹੀ ਨੋਟਿਸ ’ਚ ਜੋੜੇ ਤੋਂ ਪ੍ਰੈੱਸ ਕਾਨਫਰੰਸ ’ਚ ਇਹ ਬਿਆਨ ਵੀ ਜਾਰੀ ਕਰਨ ਲਈ ਕਿਹਾ ਗਿਆ ਹੈ।
ਅਦਾਕਾਰ ਦੇ ਵਕੀਲ ਐੱਸ. ਹਾਜਾ ਮੋਹਿਦੀਨ ਗਿਸ਼ਟੀ ਨੇ ਨੋਟਿਸ ’ਚ ਕਿਹਾ, ‘‘ਮੇਰੇ ਕਲਾਇੰਟ ਤੁਹਾਡੇ ਦੋਵਾਂ ਕੋਲੋਂ ਉਨ੍ਹਾਂ ਖ਼ਿਲਾਫ਼ ਝੂਠੇ ਤੇ ਮਾਨਹਾਨੀ ਦੋਸ਼ ਲਗਾਉਣ ਤੋਂ ਬਚਣ ਲਈ ਕਹਿੰਦੇ ਹਨ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਮੇਰੇ ਕਲਾਇੰਟ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਤੇ ਤੁਹਾਨੂੰ ਅੱਗੇ ਵਧਣ ਤੋਂ ਰੋਕਣ ਲਈ ਕੋਰਟ ’ਚ ਅਪੀਲ ਕਰਨ ਲਈ ਵਚਨਬੱਧ ਹੋਣਗੇ। ਤੁਹਾਡੇ ਦੋਵਾਂ ’ਤੇ ਵੀ ਮਾਨਹਾਨੀ ਤੇ ਉਨ੍ਹਾਂ ਦੀ ਸਾਖ ਨੂੰ ਠੇਸ ਪਹੁੰਚਾਉਣ ਲਈ ਮੁਕੱਦਮਾ ਚਲਾਇਆ ਜਾਵੇਗਾ।’’
ਇਹ ਖ਼ਬਰ ਵੀ ਪੜ੍ਹੋ : ‘ਜਬਰ-ਜ਼ਨਾਹ ਬੰਦ ਕਰੋ’, ਟਾਪਲੈੱਸ ਹੋ ਕੇ ਕਾਨਸ 2022 ਦੇ ਰੈੱਡ ਕਾਰਪੇਟ ’ਤੇ ਚੀਖੀ ਮਹਿਲਾ
ਧਾਨੁਸ਼ ਤੇ ਉਨ੍ਹਾਂ ਦੇ ਪਿਤਾ ਨੇ ਜੋੜੇ ਨੂੰ ਇਕ ਪ੍ਰੈੱਸ ਬਿਆਨ ਜਾਰੀ ਕਰਨ ਲਈ ਕਿਹਾ ਹੈ। ਜਿਸ ’ਚ ਜੋੜੇ ਨੂੰ ਉਨ੍ਹਾਂ ’ਤੇ ਲਗਾਏ ਗਏ ਝੂਠੇ ਦੋਸ਼ ਲਈ ਮੁਆਫ਼ੀ ਮੰਗਣੀ ਹੋਵੇਗੀ। ਨੋਟਿਸ ਮੁਤਾਬਕ ਅਜਿਹਾ ਨਾ ਕਰਨ ’ਤੇ ਜੋੜੇ ਨੂੰ ਮੁਆਵਜ਼ੇ ਦੇ ਤੌਰ ’ਤੇ ਮਾਨਹਾਨੀ ਲਈ 10 ਕਰੋੜ ਦੇਣੇ ਪੈਣਗੇ।
ਦੱਸ ਦੇਈਏ ਕਿ ਮਦੁਰੈ ਹਾਈ ਕੋਰਟ ਦੀ ਬੈਂਚ ਵਲੋਂ ਕਾਥੀਰੇਸਨ ਦੀ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਮਦਰਾਸ ਹਾਈ ਕੋਰਟ ਵਲੋਂ ਇਸ ਮਾਮਲੇ ਦੇ ਸਬੰਧ ’ਚ ਧਾਨੁਸ਼ ਖ਼ਿਲਾਫ਼ ਨੋਟਿਸ ਜਾਰੀ ਕੀਤਾ ਗਿਆ ਸੀ। ਕਾਥੀਰੇਸਨ ਤੇ ਮੀਨਾਕਸ਼ੀ ਨੇ ਦਾਅਵਾ ਕੀਤਾ ਸੀ ਕਿ ਧਾਨੁਸ਼ ਉਨ੍ਹਾਂ ਦਾ ਤੀਜਾ ਪੁੱਤਰ ਹੈ ਤੇ ਉਹ ਕਥਿਤ ਤੌਰ ’ਤੇ ਆਪਣਾ ਸ਼ਹਿਰ ਛੱਡ ਕੇ ਫ਼ਿਲਮ ਇੰਡਸਟਰੀ ’ਚ ਆਪਣਾ ਕਰੀਅਰ ਬਣਾਉਣ ਲਈ ਚੇਨਈ ਚਲਾ ਗਿਆ ਸੀ। ਰਿਪੋਰਟ ਮੁਤਾਬਕ ਜੋੜੇ ਨੇ ਕਥਿਤ ਤੌਰ ’ਤੇ ਧਾਨੁਸ਼ ਕੋਲੋਂ 65 ਹਜ਼ਾਰ ਰੁਪਏ ਮਹੀਨਾ ਮੁਆਵਜ਼ੇ ਦੀ ਮੰਗ ਕੀਤੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।