ਰਿਸ਼ਤਿਆਂ, ਉਮੀਦਾਂ ਤੇ ਇਮਤਿਹਾਨਾਂ ਦੀ ਕਹਾਣੀ ਹੋਵੇਗੀ ‘ਚਾਲ਼ੀ ਦਿਨ’
Thursday, Jun 18, 2026 - 12:53 PM (IST)
ਮਨੋਰੰਜਨ ਡੈਸਕ - ਪੰਜਾਬੀ ਫਿਲਮ ‘ਚਾਲ਼ੀ ਦਿਨ’ 19 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਡਾ. ਗੁਰਪ੍ਰੀਤ ਧੁੱਗਾ ਦੇ ਨਾਵਲ ‘ਚਾਲ਼ੀ ਦਿਨ’ ’ਤੇ ਅਧਾਰਿਤ ਇਸ ਫ਼ਿਲਮ ਨੂੰ ਮਸ਼ਹੂਰ ਫ਼ਿਲਮ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਵੱਲੋਂ ਨਿਰਦੇਸ਼ਿਤ ਕੀਤਾ ਦਿਆ ਹੈ। ਫ਼ਿਲਮ ’ਚ ਗੁਰਪ੍ਰੀਤ ਘੁੱਗੀ, ਦੇਬੀ ਮਖਸੂਸਪੁਰੀ, ਸੁਖਨ ਵੜੈਚ, ਦ੍ਰਿਸ਼ਟੀ ਤਲਵਾੜ, ਨਿਰਮਲ ਰਿਸ਼ੀ, ਹਾਰਬੀ ਸੰਘਾ, ਰਾਜ ਧਾਲੀਵਾਲ, ਨਛੱਤਰ ਗਿੱਲ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਫ਼ਿਲਮ ਦੀ ਸਟਾਰਕਾਸਟ ‘ਜਗ ਬਾਣੀ’ ਦੇ ਦਫ਼ਤਰ ਪਹੁੰਚੀ। ਜਿੱਥੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਉਨ੍ਹਾਂ ਨਾਲ ਵਿਸ਼ੇਸ਼ ਇੰਟਰਵੀਊ ਕੀਤਾ। ਪੇਸ਼ ਹੈ ਟੀਮ ਨਾਲ ਹੋਈ ਸੰਖੇਪ ਗੱਲਬਾਤ ਦੇ ਮੁੱਖ ਅੰਸ਼ :-
ਸਵਾਲ : ਧੁੱਗਾ ਸਾਬ੍ਹ ‘ਚਾਲੀ ਦਿਨ’ ਦਾ ਵਿਚਾਰ ਕਿਵੇਂ ਆਉਂਦਾ ?
ਜਵਾਬ : ਮੈਂ ਪੜ੍ਹਨ ਦਾ ਬਹੁਤ ਮੁਰੀਦ ਹਾਂ, ਮੈਂ ਫਿਕਸ਼ਨ ਬਹੁਤ ਪੜ੍ਹਿਆ। ਹਾਲਾਂਕਿ ਮੈਂ ਕਦੇ ਨਾਵਲਕਾਰ ਬਣਨ ਬਾਰੇ ਨਹੀਂ ਸੋਚਿਆ ਪਰ ਹੁਣ ਇਸ ਨਾਵਲ ਨੇ ਕਿਤਾਬ ਤੋਂ ਫ਼ਿਲਮ ਦੇ ਰੂਪ ’ਚ ਤੁਹਾਡੇ ਸਾਹਮਣੇ ਆ ਰਹੀ ਹੈ।
ਸਵਾਲ : ਦੇਬੀ ਮਖਸੂਸਪੁਰੀ, ਤੁਹਾਡੀ ਚੋਣ ਇਸ ਫ਼ਿਲਮ ਲਈ ਕਿਵੇਂ ਹੁੰਦੀ ਹੈ?
ਦੇਬੀ : ਧੁੱਗਾ ਸਾਬ੍ਹ ਸਾਡੇ ਬਹੁਤ ਪੁਰਾਣੇ ਮਿੱਤਰ ਹਨ, ਇਨ੍ਹਾਂ ਨੇ ਫ਼ੋਨ ਕਰ ਕੇ ਇਕ ਦਿਨ ਕਿਹਾ ਕਿ ਫ਼ਿਲਮ ‘ਚਾਲ਼ੀ ਦਿਨ’ ਵਿਚ ਫ਼ਕੀਰ ਦਾ ਕਿਰਦਾਰ ਤੁਸੀਂ ਨਿਭਾਉਣਾ ਹੈ। ਹਾਲਾਂਕਿ ਮੈਂ ਇਹ ਗੱਲ ਸੁਣਕੇ ਹੈਰਾਨ ਹੋਇਆ, ਪਰ ਫਿਰ ਮੈਂ ਇਸ ਫ਼ਿਲਮ ਲਈ ਹਾਂ ਕਰ ਦਿੱਤੀ।
ਸਵਾਲ : ਫ਼ਿਲਮ ’ਚ ਸੁਖਨ ਤੇ ਦ੍ਰਿਸ਼ਟੀ ਦਾ ਕਿਰਦਾਰ ਕਿਵੇਂ ਫਾਈਨਲ ਹੋਇਆ?
ਜਵਾਬ : ਸੁਖਨ ਤੇ ਦੇਬੀ ਸਾਬ੍ਹ ਦੀ ਕਾਸਟਿੰਗ ਮੇਰੀ ਤੇ ਫ਼ਿਲਮ ਦੇ ਨਿਰਦੇਸ਼ਕ ਤਰਨਵੀਰ ਜਗਪਾਲ ਸਾਡੇ ਦੋਨਾਂ ਦੀ ਚੋਣ ਹੈ। ਬਾਕੀ ਸਾਰੀ ਫਿਲਮ ਨੂੰ ਗੁਰਪ੍ਰੀਤ ਘੁੱਗੀ ਹੁਰਾਂ ਨੇ ਡਿਜ਼ਾਈਨ ਕੀਤਾ ਹੈ।
ਸੁਖਨ : ਮੈਂ ਨਹੀਂ ਚਾਹੁੰਦਾ ਸੀ ਪਾਪਾ ਦੀ ਸਿਫਾਰਿਸ਼ ’ਤੇ ਮੈਨੂੰ ਫ਼ਿਲਮ ਮਿਲੇ ਕਿਉਂਕਿ ਮੇਰੀ ਰੂਹ ਨਹੀਂ ਮੰਨਦੀ। ਮੈਂ ਚਾਹੁੰਦਾ ਸੀ ਕਿ ਕੋਈ ਖ਼ੁਦ ਮੇਰੇ ਤੱਕ ਪਹੁੰਚ ਕਰੇ ਤੇ ਮੈਂ ਉਡੀਕ ਹੀ ਕਰ ਰਿਹਾ ਸੀ ਕਿ ਮੈਂ ਅਜਿਹਾ ਕਿਰਦਾਰ ਨਿਭਾਵਾਂ, ਜੋ ਲੋਕਾਂ ਨੂੰ ਯਾਦ ਰਹੇ ਤੇ ਲੋਕਾਂ ਦੇ ਦਿਲਾਂ ’ਤੇ ਛਾਪ ਛੱਡ ਕੇ ਜਾਵੇ।
ਦ੍ਰਿਸ਼ਟੀ : ਫ਼ਿਲਮ ਆਉਣ ਤੋਂ ਪਹਿਲਾਂ ਮੇਰੇ ਪਾਪਾ ਨੇ ‘ਚਾਲ਼ੀ ਦਿਨ’ ਨਾਵਲ ਪੜ੍ਹਿਆ ਸੀ, ਫ਼ਿਲਮ ਲਈ ਡਾਇਰੈਕਟਰ ਤਰਨਵੀਰ ਨੇ ਮੈਨੂੰ ਆਡੀਸ਼ਨ ਦੇਣ ਲਈ ਕਿਹਾ ਤੇ ਫਿਲਮ ’ਚ ਦੀਪੀ ਦੇ ਕਿਰਦਾਰ ਲਈ ਮੈਨੂੰ ਚੁਣਿਆ ਗਿਆ।
ਸਵਾਲ : ਦੇਬੀ ਮਖਸੂਸਪੁਰੀ, ਤੁਸੀਂ ਫ਼ਿਲਮ ਲਈ ਅਸਲੀ ਦਾੜੀ ਰੱਖੀ ?
ਜਵਾਬ : ਗੁਰਪ੍ਰੀਤ ਘੁੱਗੀ, ਡਾ. ਧੁੱਗਾ ਤੇ ਤਰਨਵੀਰ ਨੇ ਮੈਨੂੰ ਦਾੜ੍ਹੀ ਰੱਖਣ ਲਈ ਕਿਹਾ। ਹਾਲਾਂਕਿ ਮੈਂ ਮਨ੍ਹਾਂ ਕੀਤਾ ਕਿਉਂਕਿ ਵਿਦੇਸ਼ਾਂ ’ਚ ਮੇਰੇ ਸ਼ੋਅ ਸਨ ਤੇ ਦਾੜ੍ਹੀ ਨਾਲ ਮੈਂ ਸ਼ੋਅ ਕਿਵੇਂ ਕਰ ਸਕਦਾ ਸੀ ਪਰ ਫਿਰ ਮੈਂ ਕਿਰਦਾਰ ਦੀ ਡਿਮਾਂਡ ਲਈ ਦਾੜ੍ਹੀ ਰੱਖ ਲਈ।
ਸਵਾਲ : ਦ੍ਰਿਸ਼ਟੀ, ਤੁਸੀਂ ਆਪਣੇ ‘ਜੀਤੀ’ ਦੇ ਕਿਰਦਾਰ ਤੋਂ ਕੀ ਸਿੱਖਿਆ?
ਜਵਾਬ : ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ’ਚ ਆਪਣੇ ਆਪ ’ਚ ਠਹਿਰਾਅ ਲੈ ਕੇ ਆਉਣਾ ਜ਼ਿੰਦਗੀ ’ਚ ਬਹੁਤ ਔਖਾ ਹੈ। ਕਿਰਦਾਰ ਰਾਹੀਂ ਮੈਂ ਬਹੁਤ ਕੁਝ ਸਿੱਖਿਆ ਹੈ ਤੇ ਮੈਨੂੰ ਸਬਰ ਕਰਨਾ ਆ ਗਿਆ।
ਸਵਾਲ : ਤੁਹਾਡੀ ਨਿੱਜੀ ਜ਼ਿੰਦਗੀ ’ਚ ਤੁਹਾਡਾ ਫਕੀਰ ਕੌਣ ਹੈ?
ਸੁਖਨ : ਮੇਰੇ ਪਾਪਾ ਗੁਰਪ੍ਰੀਤ ਘੁੱਗੀ ਤੇ ਇਕ ਪਾਕਿਸਤਾਨ ਦੇ ਸ਼ਾਇਰ ਤਜੱਮੁਲ ਕਲੀਮ, ਉਹ ਮੈਨੂੰ ਬਹੁਤ ਇੰਸਪਾਇਰ ਕਰਦੇ ਰਹੇ।
ਦ੍ਰਿਸ਼ਟੀ : ਮੇਰੇ ਪਾਪਾ, ਮੈਂ ਆਪਣੇ ਪਾਪਾ ਦੀ ਲਿਖਾਵਟ ਹਾਂ ਤੇ ਕੋਈ ਚਾਹ ਕੇ ਵੀ ਮੇਰੇ ਨਾਂ ਦੇ ਪਿੱਛੋ ‘ਤਲਵਾੜ’ ਨਹੀਂ ਮਿੱਟਾ ਸਕਦਾ।
