ਦੁਸਾਂਝ ਦੇ ਸ਼ੋਅ ਦੀ ਟਿਕਟ ਖਰੀਦਣ ਦੇ ਬਾਵਜੂਦ ਨਹੀਂ ਮਿਲੀ ਐਂਟਰੀ, ਦੱਸਿਆ ਇਹ ਕਾਰਨ

Monday, Sep 07, 2026 - 11:00 AM (IST)

ਦੁਸਾਂਝ ਦੇ ਸ਼ੋਅ ਦੀ ਟਿਕਟ ਖਰੀਦਣ ਦੇ ਬਾਵਜੂਦ ਨਹੀਂ ਮਿਲੀ ਐਂਟਰੀ, ਦੱਸਿਆ ਇਹ ਕਾਰਨ

ਇਟਲੀ (ਕੈਂਥ)- ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੁਸਾਂਝ ਦੇ 5 ਸਤੰਬਰ ਨੂੰ ਮਿਲਾਨ ਨੇੜੇ ਅਸਾਗੋ ਸਥਿਤ Unipol Forum ਵਿੱਚ ਹੋਏ ਸ਼ੋਅ ਦੌਰਾਨ ਕੁਝ ਦਰਸ਼ਕਾਂ ਨੂੰ ਟਿਕਟਾਂ ਸਬੰਧੀ ਕਥਿਤ ਤੌਰ ’ਤੇ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਦਰਸ਼ਕਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਉਨ੍ਹਾਂ ਵੱਲੋਂ ਆਨਲਾਈਨ ਖਰੀਦੀਆਂ ਗਈਆਂ ਟਿਕਟਾਂ ਉਨ੍ਹਾਂ ਦੇ ਖਾਤਿਆਂ ਵਿੱਚੋਂ ਕਿਸੇ ਤਰੀਕੇ ਨਾਲ ਮੁੜ ਵੇਚੀਆਂ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਪ੍ਰੋਗਰਾਮ ਵਾਲੀ ਥਾਂ ’ਤੇ ਐਂਟਰੀ ਸਮੇਂ ਮੁਸ਼ਕਲ ਆਈ। 

PunjabKesari

ਪ੍ਰੈੱਸ ਨਾਲ ਇਸ ਠੱਗੀ ਦਾ ਸ਼ਿਕਾਰ ਪਰਮਜੀਤ ਸਿੰਘ ਦੁਸਾਂਝ (ਜਿਹੜਾ ਕਿ ਦਲਜੀਤ ਦੁਸਾਂਝ ਦੇ ਪਿੰਡ ਦਾ ਵੀ ਹੈ) ਨੇ ਆਪਣਾ ਦੁਖੜਾ ਸਾਂਝਾ ਕਰਦਿਆਂ ਕਿਹਾ ਕਿ ਉਸ ਨੇ ਬਹੁਤ ਹੀ ਮਾਣ ਤੇ ਚਾਅ ਨਾਲ ਦਲਜੀਤ ਦੁਸਾਂਝ ਦੇ ਸ਼ੋਅ ਲਈ Ticketmaster ਰਾਹੀਂ ਆਨਲਾਈਨ ਟਿਕਟ ਖਰੀਦੀ ਸੀ। ਟਿਕਟ ਦੀ ਪੂਰੀ ਰਕਮ ਉਸ ਦੇ  ਬੈਂਕ ਖਾਤੇ ਵਿੱਚੋਂ ਬਕਾਇਦਾ ਕੱਟੀ ਗਈ ਅਤੇ ਖਰੀਦ ਦੇ ਤੁਰੰਤ ਬਾਅਦ ਟਿਕਟ ਦੀ ਪੁਸ਼ਟੀ ਈਮੇਲ ’ਤੇ ਆ ਗਈ। ਟਿਕਟ ਵਿੱਚ ਉਸ ਦੀ ਸੀਟ ਤੀਜੀ ਲਾਈਨ ਵਿੱਚ ਨੰਬਰ 6 ਦਰਜ ਸੀ। ਇਹਨਾਂ ਸਭ ਟਿਕਟ ਦੀ ਈਮੇਲ, ਭੁਗਤਾਨ ਅਤੇ ਹੋਰ ਸਾਰੇ ਵੇਰਵੇ ਪਰਮਜੀਤ ਸਿੰਘ ਦੁਸਾਂਝ ਕੋਲ ਮੌਜੂਦ ਹਨ।ਪਰ ਸ਼ੋਅ ਵਾਲੇ ਦਿਨ, ਜਦੋਂ ਉਹ ਆਪਣੀ ਟਿਕਟ ਦਾ QR ਕੋਡ ਦਿਖਾ ਕੇ ਅੰਦਰ ਜਾਣ ਲੱਗਾ ਤਾਂ ਐਂਟਰੀ ਗੇਟ ’ਤੇ ਟਿਕਟ ਸਕੈਨ ਨਹੀਂ ਹੋਈ ਤੇ ਉਸ ਨੂੰ ਜਾਣਕਾਰੀ ਕੇਂਦਰ ਵੱਲ ਭੇਜਿਆ ਗਿਆ। ਉੱਥੇ ਜਾ ਕੇ ਜਦੋਂ ਸਟਾਫ ਨੇ ਟਿਕਟ ਦੀ ਜਾਂਚ ਕੀਤੀ ਤਾਂ ਦੱਸਿਆ ਗਿਆ ਕਿ ਇਹ ਟਿਕਟ ਪਹਿਲਾਂ ਹੀ ਕਿਸੇ ਹੋਰ ਵੱਲੋਂ ਵਰਤੀ ਜਾਂ ਵੇਚੀ ਜਾ ਚੁੱਕੀ ਹੈ। ਇਹ ਸੁਣ ਕੇ ਪਰਮਜੀਤ ਸਿੰਘ ਦੰਗ ਰਹਿ ਗਿਆ ਤੇ ਕਹਿਣ ਲੱਗਾ ਕਿ ‘ਜੇ ਉਸ ਨੇ ਟਿਕਟ ਵੇਚਣੀ ਸੀ ਤਾਂ ਖ਼ਰੀਦਣੀ ਕਿਉਂ ਸੀ?’

PunjabKesari

ਪੜ੍ਹੋ ਇਹ ਅਹਿਮ ਖ਼ਬਰ-   ਰੋਕ'ਤੀ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ! ਬ੍ਰਿਟਿਸ਼ ਅਧਿਕਾਰੀਆਂ ਦੀ ਵੱਡੀ ਕਾਰਵਾਈ

ਉਸ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਜੇਕਰ ਵੱਡੀ ਗਿਣਤੀ ਵਿੱਚ ਲੋਕਾਂ ਨਾਲ ਅਜਿਹੀ ਸਮੱਸਿਆ ਹੋਈ ਹੈ ਤਾਂ ਇਸਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਸ਼ੋਅ ਲਈ ਫਿਰ ਦੁਸਾਂਝ ਨੂੰ ਨਵੀਂ ਟਿਕਟ ਖ਼ਰੀਦਣੀ ਪਈ ਤੇ ਉਸ ਦਾ ਮੁੜ ਲਗਭਗ 100 ਯੂਰੋ ਖਰਚ ਹੋ ਗਿਆ। ਸ਼ੋਅ ਦੀਆਂ ਟਿਕਟ ਦੀ ਧਾਂਦਲੀ ਵਿੱਚ ਪਰਮਜੀਤ ਸਿੰਘ ਦੁਸਾਂਝ ਇਕੱਲਾ ਨਹੀਂ ਹੈ।ਇਸ ਮਾਮਲੇ ਨੂੰ ਹੋਰ ਗੰਭੀਰ ਬਣਾਉਣ ਵਾਲੀ ਗੱਲ ਇਹ ਹੈ ਕਿ ਜਾਣਕਾਰੀ ਕੇਂਦਰ ਦੇ ਨੇੜੇ ਉਸ ਸਮੇਂ ਮੇਰੇ ਤੋਂ ਇਲਾਵਾ ਕਈ ਹੋਰ ਲੋਕ ਵੀ ਇਸੇ ਤਰ੍ਹਾਂ ਦੀ ਸਮੱਸਿਆ ਲੈ ਕੇ ਖੜ੍ਹੇ ਸਨ। ਦਰਸ਼ਕਾਂ ਲਈ ਇਹ ਘਟਨਾ ਸਿਰਫ਼ 100, 200 ਜਾਂ 300 ਯੂਰੋ ਦਾ ਮਸਲਾ ਨਹੀਂ ਹੈ।ਇੱਕ ਵਿਅਕਤੀ ਆਪਣੇ ਮਨਪਸੰਦ ਕਲਾਕਾਰ ਨੂੰ ਦੇਖਣ ਲਈ ਮਹੀਨਿਆਂ ਪਹਿਲਾਂ ਟਿਕਟ ਖਰੀਦਦਾ ਹੈ। ਪੈਸੇ ਦਿੰਦਾ ਹੈ। ਈਮੇਲ ’ਤੇ ਟਿਕਟ ਪ੍ਰਾਪਤ ਕਰਦਾ ਹੈ। ਸਫ਼ਰ ਦਾ ਪ੍ਰਬੰਧ ਕਰਦਾ ਹੈ। ਪਰਿਵਾਰ ਨਾਲ ਜਾਂ ਦੋਸਤਾਂ ਨਾਲ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ।ਫਿਰ ਜਦੋਂ ਉਹ ਸਟੇਡੀਅਮ ਦੇ ਦਰਵਾਜ਼ੇ ’ਤੇ ਪਹੁੰਚਦਾ ਹੈ ਤਾਂ ਉਸਨੂੰ ਅਚਾਨਕ ਕਿਹਾ ਜਾਂਦਾ ਹੈ—

‘ਤੁਹਾਡੀ ਟਿਕਟ ਵੈਧ ਨਹੀਂ।’ ਇੱਕ ਪਲ ਵਿੱਚ ਉਸ ਵਿਅਕਤੀ ਦੀ ਸਾਰੀ ਖੁਸ਼ੀ ਚਿੰਤਾ ਵਿੱਚ ਬਦਲ ਜਾਂਦੀ ਹੈ।

* ਜਿਨ੍ਹਾਂ ਦਰਸ਼ਕਾਂ ਕੋਲ ਮੂਲ ਖਰੀਦ ਦੀ ਪੁਸ਼ਟੀ ਮੌਜੂਦ ਸੀ, ਉਨ੍ਹਾਂ ਦੀਆਂ ਟਿਕਟਾਂ ਬਾਅਦ ਵਿੱਚ ਕਿਸੇ ਹੋਰ ਕੋਲ ਕਿਵੇਂ ਪਹੁੰਚੀਆਂ?
* ਕੀ ਕਿਸੇ ਗਾਹਕ ਦੇ Ticketmaster ਖਾਤੇ ਵਿੱਚ ਬਿਨਾਂ ਇਜਾਜ਼ਤ ਦਾਖ਼ਲ ਹੋਣ ਦੀ ਕੋਈ ਘਟਨਾ ਸਾਹਮਣੇ ਆਈ?
* ਕੀ ਟਿਕਟਾਂ ਦੀ ਅਣਅਧਿਕਾਰਤ ਰੀਸੇਲਿੰਗ ਹੋਈ?
* ਅਜਿਹੀਆਂ ਸ਼ਿਕਾਇਤਾਂ ਦੀ ਕੁੱਲ ਗਿਣਤੀ ਕਿੰਨੀ ਹੈ?
* ਜਿਨ੍ਹਾਂ ਦਰਸ਼ਕਾਂ ਨੂੰ ਮੁੜ ਟਿਕਟ ਖਰੀਦਣੀ ਪਈ, ਉਨ੍ਹਾਂ ਦੇ ਵਾਧੂ ਖਰਚੇ ਅਤੇ ਹੋਈ ਖੱਜਲ-ਖੁਆਰੀ ਦਾ ਹੱਲ ਕਿਵੇਂ ਕੀਤਾ ਜਾਵੇਗਾ?

ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣੇ ਬਹੁਤ ਜ਼ਰੂਰੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News