ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਦੀ ਫਿਲਮ ‘ਸਿੰਘ ਵਰਸਿਜ਼ ਕੌਰ-2’ ਦੀ ਪ੍ਰੋਮੋਸ਼ਨ ਜ਼ੋਰਾਂ ’ਤੇ
Saturday, Sep 05, 2026 - 11:28 AM (IST)
ਜਲੰਧਰ (ਬਿਊਰੋ)- ਪੰਜਾਬੀ ਸਿਨੇਮਾ ਦੀ ਬਹੁ-ਚਰਚਿਤ ਫਿਲਮ ‘ਸਿੰਘ ਵਰਸਿਜ਼ ਕੌਰ-2’ ਦੀ ਰਿਲੀਜ਼ ਤੋਂ ਪਹਿਲਾਂ ਫਿਲਮ ਦੀ ਪੂਰੀ ਟੀਮ ਵਲੋਂ ਪ੍ਰਚਾਰ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਫਿਲਮ ਦੀ ਟੀਮ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਦਰਸ਼ਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਿੱਲੀ ਪਹੁੰਚ ਕੇ ਵੀ ਫਿਲਮ ਦਾ ਜ਼ੋਰਦਾਰ ਪ੍ਰਚਾਰ ਕੀਤਾ। ਇਸ ਦੌਰਾਨ ਕਲਾਕਾਰਾਂ ਨੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਅਤੇ ਫਿਲਮ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।
ਫਿਲਮ ਦੇ ਮੁੱਖ ਕਲਾਕਾਰ ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਲੈ ਕੇ ਦਰਸ਼ਕਾਂ ’ਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਚਾਰ ਦੌਰਾਨ ਦੋਵੇਂ ਕਲਾਕਾਰ ਪ੍ਰਸ਼ੰਸਕਾਂ ਨਾਲ ਖੁੱਲ੍ਹ ਕੇ ਮਿਲਦੇ ਅਤੇ ਤਸਵੀਰਾਂ ਖਿਚਵਾਉਂਦੇ ਨਜ਼ਰ ਆਏ। ਟੀਮ ਨੇ ਪੰਜਾਬੀ ਦਰਸ਼ਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ ’ਚ ਫਿਲਮ ਦੇਖਣ ਦੀ ਅਪੀਲ ਵੀ ਕੀਤੀ।
ਇਸ ਤੋਂ ਬਾਅਦ ਦਿੱਲੀ ’ਚ ਵੱਸਦੇ ਪੰਜਾਬੀ ਦਰਸ਼ਕਾਂ ਅਤੇ ਫਿਲਮ ਪ੍ਰੇਮੀਆਂ ਵਲੋਂ ਵੀ ‘ਸਿੰਘ ਵਰਸਿਜ਼ ਕੌਰ-2’ ਦੀ ਟੀਮ ਨੂੰ ਭਰਵਾਂ ਹੁੰਗਾਰਾ ਮਿਲਿਆ। ਪ੍ਰਚਾਰ ਦੌਰਾਨ ਕਲਾਕਾਰਾਂ ਨੇ ਫਿਲਮ ਦੇ ਕਿਰਦਾਰਾਂ, ਕਹਾਣੀ ਅਤੇ ਸ਼ੂਟਿੰਗ ਨਾਲ ਜੁੜੇ ਤਜਰਬਿਆਂ ਬਾਰੇ ਗੱਲ ਕੀਤੀ।
‘ਸਿੰਘ ਵਰਸਿਜ਼ ਕੌਰ-2’ ਦੇ ਟ੍ਰੇਲਰ ਅਤੇ ਗੀਤ ਪਹਿਲਾਂ ਹੀ ਦਰਸ਼ਕਾਂ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪੰਜਾਬ ਤੋਂ ਦਿੱਲੀ ਤੱਕ ਹੋ ਰਹੇ ਇਸ ਜ਼ੋਰਦਾਰ ਪ੍ਰਚਾਰ ਨੇ ਫਿਲਮ ਦੀ ਉਡੀਕ ਨੂੰ ਹੋਰ ਵੀ ਬੇਸਬਰੀ ’ਚ ਬਦਲ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਸਿਨੇਮਾਘਰਾਂ ’ਚ ਇਸ ਜੋੜੀ ਨੂੰ ਦਰਸ਼ਕਾਂ ਵਲੋਂ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।
