''54'' ਮਿਲੀਅਨ ਵਿਊਜ਼'' ਵਾਲੇ ਗਾਣੇ ਪਿੱਛੇ ਕਰ''ਤਾ ਗਾਇਕ ਦਾ ਕਤਲ ! ਗੈਂਗ ਨੂੰ ਟਾਗਰੇਟ ਕਰਨ ''ਤੇ ਪੈਦਾ ਹੋਈ ਸੀ ਦੁਸ਼ਮਣੀ
Wednesday, Sep 02, 2026 - 11:09 AM (IST)
ਲਖਨਊ- ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੇ ਕਤਲ ਪਿੱਛੇ ਮਹਿਜ਼ ਆਪਸੀ ਰੰਜਿਸ਼ ਨਹੀਂ, ਸਗੋਂ ਸੋਸ਼ਲ ਮੀਡੀਆ ’ਤੇ ਬਹੁਤ ਪ੍ਰਸਿੱਧ ਹੋਇਆ ਇਕ ਗਾਣਾ ਵੀ ਵੱਡੀ ਵਜ੍ਹਾ ਬਣ ਕੇ ਸਾਹਮਣੇ ਆਇਆ ਹੈ। ਪੁਲਸ ਮੁਤਾਬਕ, ‘ਭਰੀ ਕੋਰਟ ਮੇਂ ਗੋਲੀ ਮਾਰੇਂਗੇ ਮੇਰੀ ਜਾਨ’ ਨਾਂ ਦੇ ਇਸ ਗਾਣੇ ਨੂੰ ਯੂ-ਟਿਊਬ ’ਤੇ ਕਰੀਬ 5.4 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ। ਇਸੇ ਗਾਣੇ ਵਿਚ ਨਜ਼ਰ ਆਉਣ ਵਾਲੇ 28 ਸਾਲਾ ਅੰਕਿਤ ਬਾਲਿਆਨ ਨੂੰ ਜਿਤੇਂਦਰ ਗੋਗੀ ਗੈਂਗ ਨੇ ਨਿਸ਼ਾਨੇ ’ਤੇ ਲੈ ਲਿਆ ਸੀ।
ਗੋਗੀ ਗੈਂਗ ਨੂੰ ਲੱਗਾ, ਗਾਣੇ ’ਚ ਸਰਗਨੇ ਦਾ ਮਜ਼ਾਕ ਉਡਾਇਆ ਗਿਆ
ਪੁਲਸ ਅਨੁਸਾਰ ਗਾਣੇ ਦੇ ਬੋਲਾਂ ਨੂੰ ਗੋਗੀ ਗੈਂਗ ਨੇ ਆਪਣੇ ਸਰਗਨਾ ਜਿਤੇਂਦਰ ਗੋਗੀ ਦੇ 2021 ਵਿਚ ਦਿੱਲੀ ਦੇ ਅਦਾਲਤ ਕੰਪਲੈਕਸ ਵਿਚ ਹੋਏ ਕਤਲ ਨਾਲ ਜੋੜ ਕੇ ਦੇਖਿਆ। ਗੋਗੀ ਦਾ ਕਤਲ ਉਸ ਦੇ ਵਿਰੋਧੀ ਟਿੱਲੂ ਤਾਜਪੁਰੀਆ ਨੇ ਕੀਤਾ ਸੀ। ਗੈਂਗ ਦੇ ਮੈਂਬਰਾਂ ਨੂੰ ਸ਼ੱਕ ਸੀ ਕਿ ਗਾਣੇ ਰਾਹੀਂ ਉਨ੍ਹਾਂ ਦੇ ਸਰਗਨਾ ਦਾ ਮਜ਼ਾਕ ਉਡਾਇਆ ਗਿਆ ਅਤੇ ਇਸ ਨੂੰ ਟਿੱਲੂ ਗੈਂਗ ਨਾਲ ਮਿਲ ਕੇ ਜਾਰੀ ਕੀਤਾ ਗਿਆ। ਸ਼ਾਮਲੀ ਦੇ ਐੱਸ.ਪੀ. ਨਰੇਂਦਰ ਪ੍ਰਤਾਪ ਸਿੰਘ ਮੁਤਾਬਕ, ਅੰਕਿਤ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਸਿਰਫ਼ ਗਾਣੇ ਦੀ ਵੀਡੀਓ ਵਿਚ ਅਦਾਕਾਰੀ ਕੀਤੀ ਸੀ। ਗੀਤ ਲਿਖਣ ਜਾਂ ਸੰਗੀਤ ਤਿਆਰ ਕਰਨ ਵਿਚ ਉਸ ਦੀ ਕੋਈ ਭੂਮਿਕਾ ਨਹੀਂ ਸੀ। ਇਸ ਦੇ ਬਾਵਜੂਦ ਗੈਂਗ ਦਾ ਸ਼ੱਕ ਦੂਰ ਨਹੀਂ ਹੋਇਆ।
2022-23 ’ਚ ਮਿਲੀ ਸੀ ਧਮਕੀ, ਪੁਲਸ ਕੋਲ ਨਹੀਂ ਪਹੁੰਚਿਆ
ਪੁਲਸ ਨੇ ਦੱਸਿਆ ਕਿ ਦਿੱਲੀ ਵਿਚ ਰਹਿਣ ਦੌਰਾਨ 2022-23 ’ਚ ਅੰਕਿਤ ਨੂੰ ਕਥਿਤ ਤੌਰ ’ਤੇ ਧਮਕੀਆਂ ਮਿਲੀਆਂ ਸਨ। ਹਾਲਾਂਕਿ ਉਸ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਅਤੇ ਨਾ ਹੀ ਪੁਲਸ ਨਾਲ ਸੰਪਰਕ ਕੀਤਾ। 26 ਅਗਸਤ ਦੀ ਸ਼ਾਮ ਸ਼ਾਮਲੀ ਦੇ ਕੋਤਵਾਲੀ ਇਲਾਕੇ ਵਿਚ ਜਿਮ ਤੋਂ ਨਿਕਲਦੇ ਸਮੇਂ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਕਤਲ ਤੋਂ ਪਹਿਲਾਂ 20 ਅਗਸਤ ਨੂੰ ਕੀਤੀ ਸੀ ਰੇਕੀ
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਤਲ ’ਚ ਸ਼ਾਮਲ 4 ਸ਼ੱਕੀ 20 ਅਗਸਤ ਨੂੰ ਸ਼ਾਮਲੀ ਪਹੁੰਚੇ ਅਤੇ ਇਲਾਕੇ ਦੀ ਰੇਕੀ ਕੀਤੀ। ਪੁਲਸ ਮੁਤਾਬਕ, ਚਾਰਾਂ ਨੇ ਉਸ ਦੌਰਾਨ ਇਕ ਹੋਟਲ ਵਿਚ ਠਹਿਰ ਕੇ ਹਮਲੇ ਦੀ ਤਿਆਰੀ ਕੀਤੀ। ਕਤਲ ਤੋਂ ਬਾਅਦ 2 ਬਦਮਾਸ਼ ਬਾਗਪਤ ਅਤੇ 2 ਕਰਨਾਲ ਵੱਲ ਫਰਾਰ ਹੋ ਗਏ।
2 ਸ਼ੂਟਰ ਮੁਕਾਬਲੇ ਵਿਚ ਮਾਰੇ ਗਏ
ਸੋਮਵਾਰ ਨੂੰ ਪੁਲਸ ਨੇ ਚੈਕਿੰਗ ਦੌਰਾਨ ਬਾਈਕ ਸਵਾਰ 2 ਸ਼ੱਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਸ ਅਨੁਸਾਰ, ਦੋਵਾਂ ਨੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਿੱਛਾ ਕਰਨ ਤੋਂ ਬਾਅਦ ਉਨ੍ਹਾਂ ਨੇ ਫਿਰ ਗੋਲੀਬਾਰੀ ਕੀਤੀ, ਜਿਸ ਵਿਚ ਹੈੱਡ ਕਾਂਸਟੇਬਲ ਹਰਵਿੰਦਰ ਅਤੇ ਪ੍ਰਦੀਪ ਜ਼ਖਮੀ ਹੋ ਗਏ।
ਪੁਲਸ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਸ਼ੱਕੀ ਜ਼ਖਮੀ ਹੋ ਗਏ ਅਤੇ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੋਹਿਤ (22) ਅਤੇ ਸੁਮਿਤ (24) ਵਜੋਂ ਹੋਈ ਹੈ। ਦੋਵੇਂ ਸੋਨੀਪਤ ਦੇ ਰਹਿਣ ਵਾਲੇ ਅਤੇ ਕਥਿਤ ਤੌਰ ’ਤੇ ਗੋਗੀ ਗੈਂਗ ਨਾਲ ਜੁੜੇ ਹੋਏ ਸਨ। ਪੁਲਸ ਨੇ ਮੌਕੇ ਤੋਂ 3 ਪਿਸਤੌਲ, ਕਾਰਤੂਸ, ਬਾਈਕ, ਮੋਬਾਈਲ ਫੋਨ ਅਤੇ 5,000 ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਗੈਂਗ ਦੇ ਵੱਡੇ ਨਾਂ ਵੀ ਜਾਂਚ ਦੇ ਘੇਰੇ ’ਚ
ਪੁਲਸ ਮੁਤਾਬਕ ਪੁੱਛਗਿੱਛ ਦੌਰਾਨ ਦੋਵਾਂ ਦੋਸ਼ੀਆਂ ਨੇ ਕਥਿਤ ਤੌਰ ’ਤੇ ਹਰਿਆਣਾ ਦੇ ਗੈਂਗਸਟਰ ਰਾਹੁਲ ਉਰਫ਼ ਭੋਲੂ ਸ਼ਾਹਪੁਰੀਆ ਦਾ ਨਾਂ ਲਿਆ। ਪੁਲਸ ਦਾ ਦਾਅਵਾ ਹੈ ਕਿ ਰਾਹੁਲ ਨੇ ਉਨ੍ਹਾਂ ਨੂੰ ਪੈਸੇ ਅਤੇ ਹਥਿਆਰ ਮੁਹੱਈਆ ਕਰਵਾ ਕੇ ਬਾਲਿਆਨ ਦੇ ਕਤਲ ਦਾ ਨਿਰਦੇਸ਼ ਦਿੱਤਾ ਸੀ। ਰਾਹੁਲ ’ਤੇ ਯਮੁਨਾਨਗਰ ਵਿਚ 2024 ਦੇ ਤੀਹਰੇ ਕਤਲਕਾਂਡ ਦੇ ਮਾਮਲੇ ਵਿਚ ਇਕ ਲੱਖ ਰੁਪਏ ਦਾ ਇਨਾਮ ਹੈ।
ਪੁਲਸ ਹੁਣ ਬਾਕੀ 2 ਸ਼ੂਟਰਾਂ, ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਅਤੇ ਸਾਜ਼ਿਸ਼ ’ਚ ਸ਼ਾਮਲ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ। ਕਤਲ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਗੋਗੀ ਗੈਂਗ ਵੱਲੋਂ ਜ਼ਿੰਮੇਵਾਰੀ ਲੈਣ ਵਾਲੀ ਕਥਿਤ ਪੋਸਟ ਵੀ ਸਾਹਮਣੇ ਆਈ ਸੀ। ਪੁਲਸ ਦਾ ਕਹਿਣਾ ਹੈ ਕਿ ਪੋਸਟ ਪਿੱਛੇ ਰਾਹੁਲ ਦਾ ਕੈਨੇਡਾ ਵਿਚ ਰਹਿੰਦਾ ਚਚੇਰਾ ਭਰਾ ਚਿਰਾਗ ਹੋ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਡੀ. ਜੀ. ਪੀ. ਰਾਜੀਵ ਕ੍ਰਿਸ਼ਨਾ ਨੇ ਆਪ੍ਰੇਸ਼ਨ ਵਿਚ ਸ਼ਾਮਲ ਪੁਲਸ ਟੀਮ ਲਈ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

