ਦੂਜੇ ਸੋਮਵਾਰ ਨੂੰ ‘ਬ੍ਰਹਮਾਸਤਰ’ ਨੇ ਬਾਕਸ ਆਫਿਸ ’ਤੇ ਕਮਾਏ ਇੰਨੇ ਕਰੋੜ ਰੁਪਏ
Tuesday, Sep 20, 2022 - 05:31 PM (IST)
ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਆਲੀਆ ਭੱਟ ਦੀ ‘ਬ੍ਰਹਮਾਸਤਰ’ ਬਾਕਸ ਆਫਿਸ ’ਤੇ 11ਵੇਂ ਦਿਨ ਵੀ ਮਜ਼ਬੂਤੀ ਨਾਲ ਖੜ੍ਹੀ ਹੈ। 10 ਦਿਨਾਂ ’ਚ ਵਰਲਡਵਾਈਡ 360 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਇਸ ਫ਼ਿਲਮ ਨੇ 11 ਦਿਨਾਂ ’ਚ ਦੇਸ਼ ’ਚ 217.21 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਅਯਾਨ ਮੁਖਰਜੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੇ ਸਿਰਫ ਹਿੰਦੀ ਵਰਜ਼ਨ ’ਚ 11 ਦਿਨਾਂ ’ਚ 198.50 ਕਰੋੜ ਰੁਪਏ ਕਮਾ ਲਏ ਹਨ। ਦੂਜੇ ਵੀਕੈਂਡ ’ਚ 42 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਤੋਂ ਬਾਅਦ ਉਮੀਦ ਸੀ ਕਿ ਸੋਮਵਾਰ ਨੂੰ ਫ਼ਿਲਮ ਦੀ ਕਮਾਈ ਹੇਠਾਂ ਆ ਜਾਵੇਗੀ ਪਰ ਅਜਿਹਾ ਲੱਗ ਰਿਹਾ ਹੈ ਕਿ ਇਹ ਫ਼ਿਲਮ ਹੁਣ ਆਪਣੇ ਦੂਜੇ ਹਫ਼ਤੇ ਦਾ ਸਫਰ ਵੀ ਆਰਾਮ ਨਾਲ ਕਰੋੜਾਂ ਦੀ ਕਮਾਈ ਕਰਦਿਆਂ ਤੈਅ ਕਰੇਗੀ।
ਇਹ ਖ਼ਬਰ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਇਮਰਾਨ ਹਾਸ਼ਮੀ ’ਤੇ ਪੱਥਰਬਾਜ਼ੀ, ਸ਼ੂਟਿੰਗ ਖ਼ਤਮ ਕਰਕੇ ਨਿਕਲੇ ਸੀ ਘੁੰਮਣ
‘ਬ੍ਰਹਮਾਸਤਰ’ ਸਿਨੇਮਾਘਰਾਂ ’ਚ 9 ਸਤੰਬਰ ਨੂੰ ਰਿਲੀਜ਼ ਹੋਈ ਸੀ। ਦੇਸ਼ ’ਚ 5 ਭਾਸ਼ਾਵਾਂ ’ਚ 5000 ਸਕ੍ਰੀਨਜ਼ ’ਤੇ ਰਿਲੀਜ਼ ਹੋਈ ਇਸ ਫ਼ਿਲਮ ਨੇ ਆਪਣੇ ਦੂਜੇ ਸੋਮਵਾਰ ਨੂੰ ਦੇਸ਼ ਭਰ ’ਚ 4.77 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ’ਚੋਂ ਸਿਰਫ ਹਿੰਦੀ ਵਰਜ਼ਨ ’ਚ ਕਮਾਈ 4.50 ਕਰੋੜ ਰੁਪਏ ਹੈ।
‘ਬ੍ਰਹਮਾਸਤਰ’ ਦੀ ਕਮਾਈ ਬਾਕਸ ਆਫਿਸ ’ਤੇ ਪਹਿਲੇ ਵੀਕੈਂਡ ਤੋਂ ਬਾਅਦ ਸੋਮਵਾਰ ਤੋਂ ਵੀਰਵਾਰ ਤਕ ਜਿਸ ਤਰ੍ਹਾਂ ਲਗਾਤਾਰ ਘੱਟ ਰਹੀ ਸੀ, ਉਸ ਤੋਂ ਉਮੀਦ ਇਹੀ ਸੀ ਕਿ ਇਹ ਫ਼ਿਲਮ ਦੂਜੇ ਸੋਮਵਾਰ ਨੂੰ 1 ਕਰੋੜ ਜਾਂ ਉਸ ਤੋਂ ਘੱਟ ਦੇ ਅੰਕੜੇ ’ਤੇ ਪਹੁੰਚ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਦੂਜੇ ਵੀਕੈਂਡ ’ਚ ਫ਼ਿਲਮ ਦੀ ਕਮਾਈ ’ਚ ਭਾਰੀ ਵਾਧਾ ਹੋਇਆ। ਹਿੰਦੀ ’ਚ ਇਸ ਫ਼ਿਲਮ ਨੇ ‘ਸੂਰਿਆਵੰਸ਼ੀ’ ਦੀ 195 ਕਰੋੜ ਰੁਪਏ ਦੀ ਲਾਈਫਟਾਈਮ ਕਮਾਈ ਨੂੰ ਪਾਰ ਕਰ ਲਿਆ ਹੈ, ਜਦਕਿ ਇਸ ਹਫ਼ਤੇ ਦੇ ਅਖੀਰ ਤਕ ਯਾਨੀ ਵੀਰਵਾਰ ਤਕ ਇਹ ਫ਼ਿਲਮ ਸਾਲ 2022 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫ਼ਿਲਮ ਬਣ ਜਾਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।