ਉੱਠ ਗਿਆ ਕਾਮੇਡੀ ਦਾ ''ਕੈਲੰਡਰ'' ਸਤੀਸ਼ ਕੌਸ਼ਿਕ, ਜਾਣੋ ਦਿਲਚਸਪ ਕਿੱਸੇ

03/10/2023 3:05:04 PM

ਆਪਣੀ ਕਾਮੇਡੀ ਭਰਪੂਰ ਐਕਟਿੰਗ ਨਾਲ ਦਰਸ਼ਕਾਂ ਨੂੰ ਦਹਾਕਿਆਂ ਤਕ ਗੁਦਗੁਦਾਉਣ ਵਾਲੇ ਬਾਲੀਵੁੱਡ ਦੇ ਮਸ਼ਹੂਰ ਐਕਟਰ, ਡਾਇਰੈਕਟਰ, ਸਕ੍ਰੀਨ ਰਾਈਟਰ ਤੇ ਕਾਮੇਡੀਅਨ ਸਤੀਸ਼ ਕੌਸ਼ਿਕ ਦੇ ਅਚਾਨਕ ਦਿਹਾਂਤ ਨਾਲ ਮਨੋਰੰਜਨ ਜਗਤ ਨੂੰ ਤਗੜਾ ਝਟਕਾ ਲੱਗਾ ਹੈ। ਉਨ੍ਹਾਂ ਨੂੰ ਬੀਤੇ ਦਿਨੀਂ ਓ. ਟੀ. ਟੀ. (ਓਵਰ ਦਿ ਟਾਪ) ਮੰਚ ’ਤੇ ਰਿਲੀਜ਼ ਹੋਈ ਰਕੁਲਪ੍ਰੀਤ ਸਿੰਘ ਦੀ ਫਿਲਮ ‘ਛਤਰੀਵਾਲੀ’ ਵਿਚ ਵੇਖਿਆ ਗਿਆ ਸੀ। ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਤੇ ‘ਐਮਰਜੈਂਸੀ’ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਵਿਚ ਸ਼ਾਮਲ ਹਨ। ਉਹ ਓ. ਟੀ. ਟੀ. ਮੰਚ ‘ਡਿਜ਼ਨੀ ਪਲੱਸ ਹੌਟਸਟਾਰ’ ਦੀ ਵੈੱਬ ਸੀਰੀਜ਼ ‘ਪੋਪਕੋਰਨ’ ਵਿਚ ਵੀ ਨਜ਼ਰ ਆਉਣਗੇ।

ਸਤੀਸ਼ ਕੌਸ਼ਿਕ ਪਰਦੇ ’ਤੇ ਅਕਸਰ ਕਾਮੇਡੀ ਰੋਲ ਵਿਚ ਨਜ਼ਰ ਆਉਂਦੇ ਸਨ। ਦਿੱਲੀ ਦੇ ਕਰੋਲ ਬਾਗ ’ਚ ਰਹੇ ਕੌਸ਼ਿਕ ਨੇ ਹਮੇਸ਼ਾ ਅਭਿਨੇਤਾ ਬਣਨ ਦਾ ਸੁਪਨਾ ਦੇਖਿਆ ਸੀ। ਪ੍ਰਸ਼ੰਸਕ ਉਨ੍ਹਾਂ ਦੀ ਕਾਮੇਡੀ ਦੇ ਮੁਰੀਦ ਰਹੇ ਹਨ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਸ਼ਸ਼ੀ ਕੌਸ਼ਿਕ ਤੇ ਬੇਟੀ ਵੰਸ਼ਿਕਾ ਹਨ। 1990 ਦੇ ਦਹਾਕੇ ਵਿਚ ਸਤੀਸ਼ ਕੌਸ਼ਿਕ ਦੇ ਬੇਟੇ ਸਾਨੂ ਦਾ 2 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਇਸ ਸਦਮੇ ਤੋਂ ਉਭਰਨ ’ਚ ਉਨ੍ਹਾਂ ਨੂੰ ਕਈ ਸਾਲ ਲੱਗੇ। ਕੌਸ਼ਿਕ ਨੂੰ ਕੁਝ ਸਾਲ ਪਹਿਲਾਂ ਹਰਿਆਣਾ ਦੀ ਖੱਟੜ ਸਰਕਾਰ ਨੇ ਹਰਿਆਣਾ ਫਿਲਮ ਪ੍ਰਮੋਸ਼ਨ ਬੋਰਡ ਦਾ ਪ੍ਰਧਾਨ ਨਿਯੁਕਤ ਕੀਤਾ ਸੀ।

ਸਲਮਾਨ ਖਾਨ, ਅਜੇ ਦੇਵਗਨ, ਅਕਸ਼ੈ ਕੁਮਾਰ, ਸੋਨੀ ਰਾਜ਼ਦਾਨ, ਮਨੋਜ ਵਾਜਪਾਈ, ਕੰਗਨਾ ਰਾਨੌਤ ਸਮੇਤ ਫਿਲਮ ਜਗਤ ਦੀਆਂ ਕਈ ਹਸਤੀਆਂ ਨੇ ਸੋਗ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਇਕ ਦਿਆਲੂ ਇਨਸਾਨ ਤੇ ਦੈਵਿਕ ਆਤਮਾ ਦੱਸਿਆ।

PunjabKesari

ਇਨ੍ਹਾਂ ਫ਼ਿਲਮਾਂ ਲਈ ਮਿਲੀ ਸ਼ਲਾਘਾ
ਸਤੀਸ਼ ਕੌਸ਼ਿਕ ਨੂੰ ਜਾਨੇ ਭੀ ਦੋ ਯਾਰੋ, ਰਾਮ ਲਖਨ, ਬੜੇ ਮੀਆਂ-ਛੋਟੇ ਮੀਆਂ, ਮਿਸਟਰ ਇੰਡੀਆ, ਦੀਵਾਨਾ-ਮਸਤਾਨਾ, ਹਸੀਨਾ ਮਾਨ ਜਾਏਗੀ, ਭਾਰਤ, ਛਲਾਂਗ, ਆ ਅਬ ਲੌਟ ਚਲੇਂ, ਉੜਤਾ ਪੰਜਾਬ ਆਦਿ ਵਰਗੀਆਂ ਫਿਲਮਾਂ ਵਿਚ ਨਿਭਾਏ ਉਨ੍ਹਾਂ ਦੇ ਕਿਰਦਾਰਾਂ ਲਈ ਕਾਫੀ ਸ਼ਲਾਘਾ ਮਿਲੀ। ਫਿਲਮ ‘ਮਿਸਟਰ ਇੰਡੀਆ’ ਵਿਚ ਉਨ੍ਹਾਂ ‘ਕੈਲੰਡਰ’ ਨਾਂ ਦੇ ਰਸੋਈਏ ਦਾ ਕਿਰਦਾਰ ਨਿਭਾਇਆ ਸੀ, ਜੋ ਅੱਜ ਵੀ ਲੋਕਪ੍ਰਿਯ ਹੈ। ਉਨ੍ਹਾਂ 1983 ’ਚ ਆਈ ਫਿਲਮ ‘ਜਾਨੇ ਭੀ ਦੋ ਯਾਰੋ’ ਦੇ ਡਾਇਲਾਗ ਲਿਖੇ ਸਨ ਅਤੇ ਪੰਕਜ ਤ੍ਰਿਪਾਠੀ ਦੀ ਐਕਟਿੰਗ ਵਾਲੀ ਫਿਲਮ ‘ਕਾਗਜ਼’ (2021) ਦੀ ਕਹਾਣੀ ਵੀ ਲਿਖੀ ਸੀ।

ਗੋਵਿੰਦਾ ਨਾਲ ਖੂਬ ਫੱਬਦੀ ਸੀ ਜੋੜੀ
ਕੌਸ਼ਿਕ ਤੇ ਗੋਵਿੰਦਾ ਦੀ ਜੋੜੀ ਵੀ ਕਾਫੀ ਮਸ਼ਹੂਰ ਸੀ। ਦੋਵੇਂ 90 ਦੇ ਦਹਾਕੇ ਵਿਚ ਸਵਰਗ, ਸਾਜਨ ਚਲੇ ਸਸੁਰਾਲ, ਦੀਵਾਨਾ ਮਸਤਾਨਾ, ਪਰਦੇਸੀ ਬਾਬੂ, ਬੜੇ ਮੀਆਂ-ਛੋਟੇ ਮੀਆਂ, ਆਂਟੀ ਨੰਬਰ-1 ਤੇ ਹਸੀਨਾ ਮਾਨ ਜਾਏਗੀ ਵਰਗੀਆਂ ਕਈ ਫਿਲਮਾਂ ਵਿਚ ਇਕੱਠੇ ਨਜ਼ਰ ਆਏ ਸਨ। ਗੋਵਿੰਦਾ ਨੇ ਕਿਹਾ,‘‘ਜਦੋਂ ਮੈਂ ਪਿੱਛੇ ਮੁੜ ਕੇ ਉਨ੍ਹਾਂ ਸਾਰੀਆਂ ਫਿਲਮਾਂ ਨੂੰ ਦੇਖਦਾ ਹਾਂ, ਜਿਨ੍ਹਾਂ ਵਿਚ ਅਸੀਂ ਇਕੱਠੇ ਕੰਮ ਕੀਤਾ ਹੈ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਅਸੀਂ ਉਨ੍ਹਾਂ ਨੂੰ ਗੁਆ ਦਿੱਤਾ। ਹਰ ਅਭਿਨੇਤਾ ਐਕਟਿੰਗ ਕਰਦਾ ਹੈ ਪਰ ਉਹ ਇਕ ਅਜਿਹੇ ਵਿਅਕਤੀ ਸਨ, ਜੋ ਚੀਜ਼ਾਂ ਨੂੰ ਸਮਝਦੇ ਸਨ ਅਤੇ ਫਿਰ ਐਕਟਿੰਗ ਕਰਦੇ ਸਨ।

PunjabKesari

ਤੁਹਾਡਾ ਸਮਾਂ ਨਹੀਂ ਆਇਆ ਸੀ : ਜਾਵੇਦ ਅਖਤਰ
ਸਤੀਸ਼ ਕੌਸ਼ਿਕ ਨਾਲ ਹੋਲੀ ਦੀ ਪਾਰਟੀ ਵਿਚ ਮੁਲਾਕਾਤ ਬਾਰੇ ਗੀਤਕਾਰ ਜਾਵੇਦ ਅਖਤਰ ਨੇ ਕਿਹਾ,‘‘ਸਤੀਸ਼ ਜੀ ਪਿਆਰ ਤੇ ਹਾਸੇ-ਮਜ਼ਾਕ ਨਾਲ ਭਰੇ ਸ਼ਖਸ ਸਨ। ਉਹ ਪਿਛਲੇ ਲਗਭਗ 40 ਸਾਲਾਂ ਤੋਂ ਮੇਰੇ ਭਰਾ ਵਾਂਗ ਸਨ। ਉਹ ਮੇਰੇ ਨਾਲੋਂ 12 ਸਾਲ ਛੋਟੇ ਸਨ। ਸਤੀਸ਼ ਜੀ, ਤੁਹਾਡਾ ਸਮਾਂ ਨਹੀਂ ਆਇਆ ਸੀ।’’

‘ਏਕ ਡਾਇਰੈਕਟਰ ਕੀ ਮੌਤ’ ਹੁਣ ਨਹੀਂ ਬਣੇਗੀ
ਨਿਰਮਾਤਾ ਹੰਸਲ ਮਹਿਤਾ ਨੇ ਕੌਸ਼ਿਕ ਨੂੰ ਇਕ ਅਜਿਹਾ ਅਭਿਨੇਤਾ ਦੱਸਿਆ ਜੋ ਹਰ ਵਾਰ ਕੋਈ ਨਵਾਂ ਕਿਰਦਾਰ ਨਿਭਾਉਣ ਲਈ ਉਤਾਵਲੇ ਰਹਿੰਦੇ ਸਨ। ਉਨ੍ਹਾਂ ਇੰਸਟਾਗ੍ਰਾਮ ’ਤੇ ਲਿਖਿਆ,‘‘ਸਤੀਸ਼ ਜੀ ਬਹੁਤ ਜਲਦੀ ਚਲੇ ਗਏ। ਸਮਝ ਨਹੀਂ ਆ ਰਹੀ ਕਿ ਕਿਵੇਂ ਕਹਾਂ ਕਿ ਤੁਹਾਡੀ ਬਹੁਤ ਯਾਦ ਆਏਗੀ। ਬਿਹਤਰ ਕਿਰਦਾਰ ਨਿਭਾਉਣ ਦੀ ਤੁਹਾਡੀ ਚਾਹਤ, ਕਹਾਣੀਆਂ ਨੂੰ ਲੈ ਕੇ ਤੁਹਾਡਾ ਜਨੂੰਨ ਅਤੇ ਜ਼ਿੰਦਗੀ ਲਈ ਤੁਹਾਡਾ ਪਿਆਰ ਨਾ-ਭੁੱਲਣਯੋਗ ਹੈ। ਸਾਡੀ ਆਉਣ ਵਾਲੀ ਫਿਲਮ ‘ਏਕ ਡਾਇਰੈਕਟਰ ਕੀ ਮੌਤ’ ਹੁਣ ਨਹੀਂ ਬਣੇਗੀ। ਓਮ ਸ਼ਾਂਤੀ।’’

PunjabKesari

ਮੌਤ ਤੋਂ ਇਕ ਦਿਨ ਪਹਿਲਾਂ ਖੇਡੀ ਸੀ ਹੋਲੀ
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੌਤ ਤੋਂ ਇਕ ਦਿਨ ਪਹਿਲਾਂ ਤਕ ਸਤੀਸ਼ ਕੌਸ਼ਿਕ ਬਿਲਕੁਲ ਠੀਕ ਸਨ ਅਤੇ ਸੋਸ਼ਲ ਮੀਡੀਆ ’ਤੇ ਵੀ ਐਕਟਿਵ ਸਨ। 7 ਮਾਰਚ ਨੂੰ ਉਹ ਮੁੰਬਈ ਦੇ ਜੁਹੂ ’ਚ ਅਭਿਨੇਤਰੀ ਸ਼ਬਾਨਾ ਆਜ਼ਮੀ ਦੇ ਘਰ ਹੋਲੀ ਪਾਰਟੀ ’ਚ ਸ਼ਾਮਲ ਹੋਏ ਸਨ। ਉੱਥੇ ਉਨ੍ਹਾਂ ਨੇ ਧਮਾਕੇਦਾਰ ਅੰਦਾਜ਼ ’ਚ ਹੋਲੀ ਮਨਾਈ ਸੀ। ਉਨ੍ਹਾਂ ਹੋਲੀ ਮਨਾਉਣ ਦੀਆਂ ਫੋਟੋਆਂ ਇਕ ਦਿਨ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸ਼ੇਅਰ ਕੀਤੀਆਂ ਸਨ। ਹੋਲੀ ਸੈਲੀਬ੍ਰੇਸ਼ਨ ਵਿਚ ਉਨ੍ਹਾਂ ਦੇ ਨਾਲ ਮਹਿਮਾ ਚੌਧਰੀ ਤੇ ਜਾਵੇਦ ਅਖਤਰ ਨਜ਼ਰ ਆਏ ਸਨ। ਉਨ੍ਹਾਂ ਦੁਪਹਿਰ ਤਕ ਪਾਰਟੀ ਵਿਚ ਖੂਬ ਇੰਜੁਆਏ ਕੀਤਾ ਅਤੇ ਫਿਰ ਦਿੱਲੀ ਲਈ ਰਵਾਨਾ ਹੋ ਗਏ ਸਨ ਪਰ ਹੋਲੀ ਖੇਡਣ ਤੋਂ ਬਾਅਦ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇਰ ਰਾਤ ਦਮ ਤੋੜ ਦਿੱਤਾ।

ਅਨੁਪਮ ਖੇਰ ਨੇ ਦਿੱਤੀ ਦੋਸਤ ਦੇ ਦਿਹਾਂਤ ਦੀ ਖ਼ਬਰ
ਸਤੀਸ਼ ਕੌਸ਼ਿਕ ਦੇ ਦਿਹਾਂਤ ਦੀ ਜਾਣਕਾਰੀ ਵੀਰਵਾਰ ਸਵੇਰੇ ਉਨ੍ਹਾਂ ਦੇ ਦੋਸਤ ਤੇ ਅਭਿਨੇਤਾ ਅਨੁਪਮ ਖੇਰ ਨੇ ਦਿੱਤੀ। ਉਨ੍ਹਾਂ ਟਵੀਟ ਕਰ ਕੇ ਦੱਸਿਆ ਕਿ ਸਤੀਸ਼ ਕੌਸ਼ਿਕ ਨਹੀਂ ਰਹੇ। ਉਨ੍ਹਾਂ ਲਿਖਿਆ–ਮੈਂ ਜਾਣਦਾ ਹਾਂ ਕਿ ਮੌਤ ਹੀ ਇਸ ਦੁਨੀਆ ਦਾ ਅੰਤਿਮ ਸੱਚ ਹੈ ਪਰ ਇਹ ਗੱਲ ਮੈਂ ਜਿਊਂਦੇ-ਜੀਅ ਕਦੇ ਆਪਣੇ ਜਿਗਰੀ ਦੋਸਤ ਸਤੀਸ਼ ਕੌਸ਼ਿਕ ਬਾਰੇ ਲਿਖਾਂਗਾ, ਇਹ ਮੈਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। 45 ਸਾਲ ਦੀ ਦੋਸਤੀ ’ਤੇ ਇੰਝ ਅਚਾਨਕ ਫੁਲ ਸਟਾਪ!! ਓਮ ਸ਼ਾਂਤੀ!!

PunjabKesari

ਕਰੋੜਾਂ ਰੁਪਏ ਛੱਡ ਗਏ
ਸਤੀਸ਼ ਕੌਸ਼ਿਕ ਪਤਨੀ ਸ਼ਸ਼ੀ ਕੌਸ਼ਿਕ ਤੇ ਬੇਟੀ ਵੰਸ਼ਿਕਾ ਲਈ ਕਰੋੜਾਂ ਦੀ ਜਾਇਦਾਦ ਛੱਡ ਗਏ ਹਨ। ਆਪਣੀ ਯੋਗਤਾ ਨਾਲ ਉਨ੍ਹਾਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਸੀ। ਸਾਲ 2023 ’ਚ ਉਨ੍ਹਾਂ ਦੀ ਕੁਲ ਨੈੱਟਵਰਥ 40 ਕਰੋੜ ਰੁਪਏ ਸੀ।


sunita

Content Editor

Related News