ਸ਼ਹੀਦ ਹੋਏ ਕਿਸਾਨ ਦੇ ਪੁੱਤ ਨੂੰ ਬੀਨੂੰ ਢਿੱਲੋਂ ਨੇ ਦਿੱਤੀ ਸ਼ਰਧਾਂਜਲੀ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
Tuesday, Dec 01, 2020 - 02:55 PM (IST)
ਜਲੰਧਰ (ਬਿਊਰੋ)– ਇਕ ਪਾਸੇ ਜਿਥੇ ਕਿਸਾਨ ਖੇਤੀ ਬਿੱਲਾਂ ਦੇ ਵਿਰੋਧ ’ਚ ਦਿੱਲੀ ’ਚ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਪੰਜਾਬ ਦੇ ਨੌਜਵਾਨ ਸ਼ਹੀਦ ਹੋ ਰਹੇ ਹਨ। ਬੀਨੂੰ ਢਿੱਲੋਂ ਨੇ ਸ਼ਹੀਦ ਦੀ ਇਕ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।
ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ, ‘ਪੁੱਤ ਦੀ ਸ਼ਹੀਦੀ ਦੀ ਖ਼ਬਰ ਪਿਓ ਨੂੰ ਮਿਲੀ ਦਿੱਲੀ ਧਰਨੇ ’ਤੇ… ਦੇਸ਼ ਦੀ ਸੇਵਾ ਕਰਦੇ ਹੋਏ ਸੁਖਬੀਰ ਸਿੰਘ ਪੁੱਤਰ ਕੁਲਵੰਤ ਸਿੰਘ ਉਮਰ (22) ਸਾਲ ਪਿੰਡ ਖੁਵਾਸਪੁਰ ਜ਼ਿਲਾ ਤਰਨਤਾਰਨ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਿਆ। ਸ. ਕੁਲਵੰਤ ਸਿੰਘ ਨੇ ਕਿਸਾਨੀ ਹੱਕਾਂ ਖਾਤਰ ਦਿੱਲੀ ਨੂੰ ਕੂਚ ਕੀਤਾ ਹੋਇਆ ਹੈ, ਪਿਓ ਸੜਕਾਂ ’ਤੇ ਰੁਲ ਰਹੇ ਨੇ ਤੇ ਪੁੱਤ ਬਾਰਡਰਾਂ ’ਤੇ। ਪ੍ਰਣਾਮ ਸ਼ਹੀਦਾਂ ਨੂੰ।’
ਦੱਸਣਯੋਗ ਹੈ ਕਿ ਬੀਨੂੰ ਢਿੱਲੋਂ ਕਿਸਾਨਾਂ ਦਾ ਲਗਾਤਾਰ ਸਮਰਥਨ ਕਰ ਰਹੇ ਹਨ। ਕਿਸਾਨਾਂ ਨਾਲ ਸਬੰਧਤ ਵੀਡੀਓਜ਼ ਤੇ ਤਸਵੀਰਾਂ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ। ਜਦੋਂ ਉਨ੍ਹਾਂ ਨੂੰ ਕਿਸਾਨ ਦੇ ਪੁੱਤ ਦੀ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਬੀਨੂੰ ਢਿੱਲੋਂ ਵੀ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕੇ ਤੇ ਆਪਣੀ ਹਮਦਰਦੀ ਇਸ ਪਰਿਵਾਰ ਦੇ ਨਾਲ ਸਾਂਝੀ ਕੀਤੀ।
ਬੀਨੂੰ ਢਿੱਲੋਂ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਪੰਜਾਬੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਇਸ ਫ਼ਿਲਮ ਸਬੰਧੀ ਬੀਨੂੰ ਨੇ ਹਾਲ ਹੀ ’ਚ ਜਾਣਕਾਰੀ ਸਾਂਝੀ ਕੀਤੀ ਸੀ। ਫ਼ਿਲਮ ’ਚ ਬੀਨੂੰ ਢਿੱਲੋਂ ਨਾਲ ਜਸਵਿੰਦਰ ਭੱਲਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।