ਮਸ਼ਹੂਰ ਪੰਜਾਬੀ ਗਾਇਕ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ, ਵਿਦਿਆਰਥੀਆਂ ਨੂੰ...

Friday, Oct 10, 2025 - 02:26 PM (IST)

ਮਸ਼ਹੂਰ ਪੰਜਾਬੀ ਗਾਇਕ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ, ਵਿਦਿਆਰਥੀਆਂ ਨੂੰ...

ਐਂਟਰਟੇਨਮੈਂਟ ਡੈਸਕ- ਕੈਨੇਡਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਢਿੱਲੋਂ ਨੂੰ ਡਰਾਉਣ ਲਈ 25 ਸਾਲਾ ਭਾਰਤੀ ਵਿਦਿਆਰਥੀ ਅਭਿਜੀਤ ਕਿੰਗਰਾ ਨੂੰ ਪੈਸੇ ਦੇ ਕੇ ਹਾਇਰ ਕੀਤਾ ਸੀ। ਕਿੰਗਰਾ ਜੋ ਚਾਰ ਸਾਲ ਪਹਿਲਾਂ ਸਟੂਡੈਂਟ ਵੀਜ਼ਾ 'ਤੇ ਪੜ੍ਹਾਈ ਲਈ ਕੈਨੇਡਾ ਗਿਆ ਸੀ, ਨੇ ਇਹ ਠੇਕਾ ਪਰਿਵਾਰ ਦੀ ਆਰਥਿਕ ਮਦਦ ਕਰਨ ਦੇ ਦਬਾਅ ਹੇਠ ਲਿਆ ਕਿਉਂਕਿ ਉਹ ਪੜ੍ਹਾਈ ਅਤੇ ਨੌਕਰੀ ਵਿੱਚ ਅਸਫਲ ਰਿਹਾ ਸੀ।
ਸਤੰਬਰ 2024 ਵਿੱਚ ਕਿੰਗਰਾ ਅਤੇ ਉਸਦੇ ਸਾਥੀ ਵਿਕਰਮ ਸ਼ਰਮਾ ਨੇ ਵੈਨਕੂਵਰ ਆਈਲੈਂਡ ਸਥਿਤ ਢਿੱਲੋਂ ਦੇ ਘਰ ਦੇ ਬਾਹਰ ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਫਿਰ ਘਰ 'ਤੇ 14 ਗੋਲੀਆਂ ਦਾਗੀਆਂ, ਜੋ ਕੰਧਾਂ ਵਿੱਚ ਜਾ ਧਸੀਆਂ। ਗਨੀਮਤ ਇਹ ਰਹੀ ਕਿ ਇਸ ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਅਦਾਲਤ ਵਿੱਚ ਦੱਸਿਆ ਗਿਆ ਕਿ ਕਿੰਗਰਾ ਨੇ ਇਸ ਪੂਰੇ ਹਮਲੇ ਨੂੰ ਆਪਣੇ ਬਾਡੀ ਕੈਮਰੇ ਰਾਹੀਂ ਰਿਕਾਰਡ ਕੀਤਾ ਸੀ। ਇਸ ਰਿਕਾਰਡਿੰਗ ਨੂੰ ਬਿਸ਼ਨੋਈ ਗੈਂਗ ਵੱਲੋਂ ਕੁਝ ਹੀ ਘੰਟਿਆਂ ਵਿੱਚ ਆਨਲਾਈਨ ਪਾ ਦਿੱਤਾ ਗਿਆ ਅਤੇ ਉਨ੍ਹਾਂ ਨੇ ਹਮਲੇ ਦੀ ਜ਼ਿੰਮੇਵਾਰੀ ਵੀ ਲੈ ਲਈ। ਜੱਜ ਨੇ ਕਿਹਾ ਕਿ ਇਹ ਦ੍ਰਿਸ਼ ਕਿਸੇ ਫਿਲਮ ਜਾਂ ਵੀਡੀਓ ਗੇਮ ਵਰਗਾ ਸੀ, ਜੋ ਅਸਲ ਜ਼ਿੰਦਗੀ ਵਿੱਚ ਨਹੀਂ ਹੋਣਾ ਚਾਹੀਦਾ।
ਇਸ ਗੋਲੀਬਾਰੀ ਤੋਂ ਬਾਅਦ, ਲਾਰੈਂਸ ਗੈਂਗ ਦੇ ਸਾਬਕਾ ਸਾਥੀ ਕੁਖਿਆਤ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ 1 ਸਤੰਬਰ (2024) ਦੀ ਰਾਤ ਨੂੰ ਹੋਈ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੀ, ਹਾਲਾਂਕਿ ਉਸਨੇ ਇਹ ਵੀ ਲਿਖਿਆ ਸੀ ਕਿ ਦੋਵੇਂ ਗਰੁੱਪ ਹੁਣ ਵੱਖ ਹੋ ਚੁੱਕੇ ਹਨ। ਕੈਨੇਡੀਅਨ ਪੁਲਸ ਦੀ ਜਾਂਚ ਅਨੁਸਾਰ ਇਹ ਹਮਲਾ ਏਪੀ ਢਿੱਲੋਂ ਦੇ ਇੱਕ ਮਿਊਜ਼ਿਕ ਵੀਡੀਓ ਵਿੱਚ ਅਭਿਨੇਤਾ ਸਲਮਾਨ ਖਾਨ ਨੂੰ ਦਿਖਾਉਣ ਦੇ ਕਾਰਨ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਵਿਦੇਸ਼ਾਂ ਵਿੱਚ ਵਸੇ ਭਾਰਤੀ ਮੂਲ ਦੇ ਲੋਕਾਂ ਵਿੱਚ ਡਰ ਫੈਲਾਉਣ ਕਾਰਨ ਬਿਸ਼ਨੋਈ ਗੈਂਗ ਨੂੰ ਹਾਲ ਹੀ ਵਿੱਚ ਅੱਤਵਾਦੀ ਸੰਗਠਨ ਐਲਾਨਿਆ ਹੈ।
ਵਾਰਦਾਤ ਤੋਂ ਬਾਅਦ ਕਿੰਗਰਾ ਅਤੇ ਉਸਦਾ ਸਾਥੀ ਸ਼ਰਮਾ ਮੌਕੇ ਤੋਂ ਫਰਾਰ ਹੋ ਗਏ। ਕਿੰਗਰਾ ਤਿੰਨ ਹਫ਼ਤਿਆਂ ਬਾਅਦ ਓਂਟਾਰੀਓ ਤੋਂ ਫੜਿਆ ਗਿਆ। ਅਦਾਲਤ ਨੇ ਕਿੰਗਰਾ ਨੂੰ ਗੈਂਗ ਦਾ ਫਾਲੋਅਰ ਮੰਨਦਿਆਂ, ਉਸਦੇ ਅਪਰਾਧ ਨੂੰ ਸੋਚਿਆ-ਸਮਝਿਆ ਅਤੇ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਕੀਤਾ ਗਿਆ ਕਾਰਾ ਦੱਸਿਆ। ਕਿੰਗਰਾ ਨੂੰ 6 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਸਜ਼ਾ ਪੂਰੀ ਹੋਣ 'ਤੇ ਉਸਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ। ਉੱਥੇ ਹੀ, ਕਿੰਗਰਾ ਦਾ ਸਾਥੀ ਵਿਕਰਮ ਸ਼ਰਮਾ ਵਾਰਦਾਤ ਤੋਂ ਬਾਅਦ ਭਾਰਤ ਭੱਜਣ ਵਿੱਚ ਸਫਲ ਹੋ ਗਿਆ ਸੀ।


author

Aarti dhillon

Content Editor

Related News