ਕੰਨੜ ਅਦਾਕਾਰ ਦਰਸ਼ਨ ਨੂੰ ਵੱਡਾ ਝਟਕਾ, ਜੇਲ੍ਹ ''ਚ ਹੀ ਕੱਟਣਗੀਆਂ ਹੁਣ ਰਾਤਾਂ

Tuesday, Oct 15, 2024 - 02:51 PM (IST)

ਵੈੱਬ ਡੈਸਕ- ਕੰਨੜ ਫਿਲਮਾਂ ਦੇ ਸੁਪਰਸਟਾਰ ਦਰਸ਼ਨ ਨੂੰ ਰੇਣੁਕਾਸਵਾਮੀ ਕਤਲ ਕੇਸ 'ਚ ਵੱਡਾ ਝਟਕਾ ਲੱਗਾ ਹੈ। ਬੈਂਗਲੁਰੂ ਦੀ ਇਕ ਅਦਾਲਤ ਨੇ ਅਦਾਕਾਰ ਦਰਸ਼ਨ ਥੱਗੂਦੀਪਾ ਅਤੇ ਉਸ ਦੇ ਦੋਸਤ ਪਵਿੱਤਰ ਗੌੜਾ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। 47 ਸਾਲਾ ਦਰਸ਼ਨ ਬੇਲਾਰੀ ਜੇਲ੍ਹ 'ਚ ਬੰਦ ਹੈ। ਅਦਾਕਾਰ ਅਤੇ ਉਸ ਦੇ ਸਾਥੀਆਂ 'ਤੇ ਚਿਤਰਦੁਰਗ ਤੋਂ 33 ਸਾਲਾ ਪ੍ਰਸ਼ੰਸਕ ਰੇਣੁਕਾਸਵਾਮੀ ਨੂੰ ਪਹਿਲਾਂ ਅਗਵਾ ਕਰਨ ਅਤੇ ਫਿਰ ਤਸੀਹੇ ਦੇਣ ਅਤੇ ਕਤਲ ਕਰਨ ਦਾ ਦੋਸ਼ ਹੈ। ਸਤੰਬਰ ਦੇ ਮਹੀਨੇ 'ਚ ਬੈਂਗਲੁਰੂ ਪੁਲਸ ਨੇ ਇਸ ਮਾਮਲੇ 'ਚ ਦਰਸ਼ਨ ਅਤੇ ਪਵਿੱਤਰ ਗੌੜਾ ਸਮੇਤ 17 ਲੋਕਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ 3,991 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।

ਜਿੱਥੇ ਬੈਂਗਲੁਰੂ ਦੀ ਅਦਾਲਤ ਨੇ ਸੋਮਵਾਰ ਨੂੰ ਦਰਸ਼ਨ ਅਤੇ ਉਸ ਦੀ ਮਹਿਲਾ ਦੋਸਤ ਪਵਿੱਤਰ ਗੌੜਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ, ਉੱਥੇ ਹੀ ਇਸ ਮਾਮਲੇ ਦੇ ਛੇ ਦੋਸ਼ੀਆਂ ਵਿੱਚੋਂ ਦੋ ਨੂੰ ਜ਼ਮਾਨਤ ਮਿਲ ਗਈ। ਬਾਕੀ ਚਾਰ ਦੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ। ਸੈਸ਼ਨ ਕੋਰਟ ਨੇ ਦਰਸ਼ਨ, ਪਵਿੱਤਰ ਗੌੜਾ, ਨਾਗਰਾਜ ਅਤੇ ਲਕਸ਼ਮਣ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਮੁਲਜ਼ਮ ਰਵੀਸ਼ੰਕਰ ਅਤੇ ਦੀਪਕ ਨੂੰ ਜ਼ਮਾਨਤ ਮਿਲ ਗਈ ਹੈ।ਹਾਲ ਹੀ 'ਚ ਦਰਸ਼ਨ ਨੂੰ ਜੇਲ੍ਹ ਦੇ ਲਾਅਨ 'ਚ ਇੱਕ ਗੈਂਗਸਟਰ ਸਮੇਤ ਤਿੰਨ ਹੋਰ ਲੋਕਾਂ ਨਾਲ ਦੇਖਿਆ ਗਿਆ ਸੀ। ਉਸ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਅਦਾਲਤ ਦੀ ਇਜਾਜ਼ਤ ਨਾਲ ਉਸ ਨੂੰ ਪਰਾਪਨਾ ਅਗ੍ਰਹਾਰਾ ਕੇਂਦਰੀ ਜੇਲ੍ਹ ਤੋਂ ਸ਼ਿਫਟ ਕਰ ਦਿੱਤਾ ਗਿਆ ਸੀ। ਅਦਾਲਤ ਨੇ ਕਤਲ ਕੇਸ ਦੇ ਹੋਰ ਸਹਿ-ਮੁਲਜ਼ਮਾਂ ਨੂੰ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚ ਤਬਦੀਲ ਕਰਨ ਦੀ ਇਜਾਜ਼ਤ ਵੀ ਦਿੱਤੀ ਸੀ। ਮਾਮਲੇ ਦੇ ਸਾਰੇ ਮੁਲਜ਼ਮ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਹਨ।

ਰੇਣੁਕਾਸਵਾਮੀ ਕਤਲ ਕੇਸ 'ਚ ਪਵਨ, ਰਾਘਵੇਂਦਰ ਅਤੇ ਨੰਦਿਸ਼ ਨੂੰ ਮੈਸੂਰ ਜੇਲ੍ਹ 'ਚ, ਜਗਦੀਸ਼ ਅਤੇ ਲਕਸ਼ਮਣ ਨੂੰ ਸ਼ਿਵਮੋਗਾ ਜੇਲ੍ਹ 'ਚ , ਧਨਰਾਜ ਨੂੰ ਧਾਰਵਾੜ ਜੇਲ੍ਹ 'ਚ , ਵਿਨੇ ਨੂੰ ਵਿਜੇਪੁਰਾ ਜੇਲ੍ਹ 'ਚ , ਨਾਗਰਾਜ ਨੂੰ ਗੁਲਬਰਗਾ ਜੇਲ੍ਹ 'ਚ ਅਤੇ ਪ੍ਰਦੋਸ਼ ਨੂੰ ਬੇਲਾਗਾਵੀ ਜੇਲ੍ਹ 'ਚ ਰੱਖਿਆ ਗਿਆ ਹੈ। ਤਿੰਨ ਹੋਰ ਦੋਸ਼ੀਆਂ ਪਵਿੱਤਰ ਗੌੜਾ, ਅਨੁਕੁਮਾਰ ਅਤੇ ਦੀਪਕ ਨੂੰ ਪਰੱਪਨਾ ਅਗ੍ਰਹਾਰਾ ਕੇਂਦਰੀ ਜੇਲ੍ਹ 'ਚ ਰੱਖਿਆ ਗਿਆ ਹੈ।

ਪੁਲਸ ਦੀ ਚਾਰਜਸ਼ੀਟ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ 
ਬੈਂਗਲੁਰੂ ਪੁਲਸ ਨੇ ਇਸ ਮਾਮਲੇ 'ਚ  ਦਾਇਰ ਆਪਣੀ ਚਾਰਜਸ਼ੀਟ 'ਚ ਕਈ ਵੱਡੇ ਖੁਲਾਸੇ ਕੀਤੇ ਹਨ। ਦੱਸਿਆ ਗਿਆ ਕਿ ਕੰਨੜ ਅਦਾਕਾਰ ਦਰਸ਼ਨ ਅਤੇ ਉਸ ਦੇ ਸਾਥੀਆਂ ਨੇ ਰੇਣੁਕਾਸਵਾਮੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਚਾਰਜਸ਼ੀਟ 'ਚ ਲਿਖਿਆ ਗਿਆ ਹੈ ਕਿ ਦਰਸ਼ਨ ਨੇ ਰੇਣੁਕਾਸਵਾਮੀ ਦੇ ਗੁਪਤ ਅੰਗ 'ਤੇ ਬਹੁਤ ਜ਼ੋਰਦਾਰ ਲੱਤ ਮਾਰੀ ਸੀ। ਉਨ੍ਹਾਂ ਨੇ ਉਸ ਦੇ ਸਿਰ ਅਤੇ ਬ੍ਰੈਸਟ 'ਤੇ ਵੀ ਹਮਲਾ ਕੀਤਾ। ਰੇਣੁਕਾਸਵਾਮੀ ਨੂੰ ਅਗਵਾ ਕਰਕੇ ਪਤੰਗੇਰੇ ਦੇ ਇੱਕ ਸ਼ੈੱਡ 'ਚ ਰੱਖਿਆ ਗਿਆ ਸੀ। ਜਦਕਿ ਘਟਨਾ ਵਾਲੇ ਦਿਨ ਸ਼ਾਮ ਸਾਢੇ ਚਾਰ ਵਜੇ ਪਵਿੱਤਰ ਗੌੜਾ, ਵਿਨੈ ਅਤੇ ਪ੍ਰਦੋਸ਼ ਸਕਾਰਪੀਓ ਕਾਰ 'ਚ ਉੱਥੇ ਪੁੱਜੇ ਸਨ। ਇਸ ਤੋਂ ਬਾਅਦ ਦਰਸ਼ਨ ਨੇ ਵੀ ਆ ਕੇ ਪੀੜਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

 9 ਜੂਨ ਨੂੰ ਮਿਲੀ ਸੀ ਰੇਣੁਕਾਸਵਾਮੀ ਦੀ ਲਾਸ਼
ਦੱਸਿਆ ਜਾਂਦਾ ਹੈ ਕਿ ਰੇਣੁਕਾਸਵਾਮੀ ਨੇ ਦਰਸ਼ਨ ਦੀ ਪ੍ਰੇਮਿਕਾ ਪਵਿੱਤਰਾ ਗੌੜਾ ਨੂੰ ਕਥਿਤ ਤੌਰ 'ਤੇ ਅਸ਼ਲੀਲ ਸੰਦੇਸ਼ ਭੇਜੇ ਸਨ। ਇਸ ਕਾਰਨ ਦਰਸ਼ਨ ਨੂੰ ਗੁੱਸਾ ਆ ਗਿਆ। ਪੁਲਸ ਅਨੁਸਾਰ ਇਹ ਉਕਸਾਉਣ ਦੇ ਕਾਰਨ ਹੀ ਉਨ੍ਹਾਂ ਨੇ ਰੇਣੁਕਾਸਵਾਮੀ ਦਾ ਕਤਲ ਕੀਤਾ, ਜਿਸ ਦੀ ਲਾਸ਼ 9 ਜੂਨ ਨੂੰ ਬੈਂਗਲੁਰੂ ਦੇ ਸੁਮਨਹੱਲੀ 'ਚ ਇੱਕ ਅਪਾਰਟਮੈਂਟ ਦੇ ਨੇੜੇ ਇੱਕ ਨਾਲੇ ਦੇ ਕੋਲ ਮਿਲੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News