ਕਪਿਲ ਸ਼ਰਮਾ ਦੇ ਕਹਿਣ ’ਤੇ ਪੰਜਾਬ ਤੋਂ ਮੁੰਬਈ ਆਈ ਭਾਰਤੀ ਸਿੰਘ ਨੇ ਇੰਝ ਕਮਾਈ ਦੌਲਤ ਤੇ ਸ਼ੋਹਰਤ

Monday, Nov 23, 2020 - 01:46 PM (IST)

ਕਪਿਲ ਸ਼ਰਮਾ ਦੇ ਕਹਿਣ ’ਤੇ ਪੰਜਾਬ ਤੋਂ ਮੁੰਬਈ ਆਈ ਭਾਰਤੀ ਸਿੰਘ ਨੇ ਇੰਝ ਕਮਾਈ ਦੌਲਤ ਤੇ ਸ਼ੋਹਰਤ

ਜਲੰਧਰ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਅਦਾਲਤ ਵਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ’ਤੇ ਜੇਲ ਭੇਜਿਆ ਗਿਆ ਹੈ। ਭਾਰਤੀ ਤੇ ਹਰਸ਼ ’ਤੇ ਡਰੱਗਸ ਲੈਣ ਦੇ ਦੋਸ਼ ਹਨ ਤੇ ਉਨ੍ਹਾਂ ਦੇ ਘਰੋਂ ਐੱਨ. ਸੀ. ਬੀ. ਨੂੰ ਛਾਪੇਮਾਰੀ ਦੌਰਾਨ ਗਾਂਜਾ ਵੀ ਬਰਾਮਦ ਹੋਇਆ ਸੀ। ਦੋਵਾਂ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ ਆਉਣਾ ਬਾਕੀ ਹੈ।

PunjabKesari

ਭਾਰਤੀ ਸਿੰਘ ਨੇ ਆਪਣਾ ਸਫਰ ਇਕ ਮਧਵਰਗੀ ਪਰਿਵਾਰ ਤੋਂ ਸ਼ੁਰੂ ਕੀਤਾ ਹੈ। ਆਪਣੀ ਕਾਮੇਡੀ ਨਾਲ ਵੱਖਰਾ ਮੁਕਾਮ ਹਾਸਲ ਕਰਨ ਵਾਲੀ ਭਾਰਤੀ ਸਿੰਘ ਅੱਜ ਕਰੋੜਾਂ ਦੀ ਮਾਲਕਣ ਹੈ। ਟੀ. ਵੀ. ਦੀ ਦੁਨੀਆ ਦੀ ਕਾਮੇਡੀ ਕੁਈਨ ਭਾਰਤੀ ਸਿੰਘ ਇਕ ਅਜਿਹਾ ਨਾਂ ਹੈ, ਜੋ ਸਿਰਫ ਮੰਚ ’ਤੇ ਖੜ੍ਹੀ ਹੋ ਜਾਵੇ ਤਾਂ ਤੁਸੀਂ ਖੁਦ ਹੱਸ ਪਵੋਗੇ। ਕਈ ਸਾਲਾਂ ਤੋਂ ਸਭ ਨੂੰ ਹਸਾਉਣ ਵਾਲੀ ਭਾਰਤੀ ਨੇ ਸ਼ੋਹਰਤ ਕਮਾਈ, ਦੌਲਤ ਕਮਾਈ ਪਰ ਇਕ ਸਮਾਂ ਅਜਿਹਾ ਵੀ ਸੀ, ਜਦੋਂ ਭਾਰਤੀ ਦੋ ਵਕਤ ਦੀ ਰੋਟੀ ਦੀ ਮੁਥਾਜ ਸੀ। ਜਦੋਂ ਭਾਰਤੀ ਸਿਰਫ 2 ਸਾਲਾਂ ਦੀ ਸੀ, ਉਦੋਂ ਪਿਤਾ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਜ਼ਿੰਦਗੀ ’ਚ ਮੰਨੋ ਰਸਤੇ ਕੰਡਿਆਂ ਭਰੇ ਹੋ ਗਏ।

PunjabKesari

ਹੌਲੀ-ਹੌਲੀ ਗਮਾਂ ਦੇ ਦੌਰ ’ਚ ਭਾਰਤੀ ਸਿੰਘ ਨੇ ਖੁਦ ’ਤੇ ਹੱਸਣਾ ਸਿੱਖਿਆ ਤੇ ਫਿਰ ਜ਼ਿੰਦਗੀ ਨੂੰ ਅੱਗੇ ਵਧਾਉਂਦਿਆਂ ਦੂਜਿਆਂ ਨੂੰ ਵੀ ਹਸਾਉਣਾ ਸਿਖਾਇਆ। ਉਨ੍ਹਾਂ ਦਿਨਾਂ ’ਚ ਭਾਰਤੀ ਅੰਮ੍ਰਿਤਸਰ ’ਚ ਥਿਏਟਰ ਕਰਦੀ ਸੀ। 1984 ’ਚ ਜਨਮੀ ਭਾਰਤੀ ਸਿੰਘ ਨੇ ‘ਬੈਚਲਰ ਆਫ ਆਰਟਸ’ ਦੀ ਡਿਗਰੀ ਕਰਨ ਤੋਂ ਬਾਅਦ ਹਿਸਟਰੀ ’ਚ ਪੋਸਟ ਗ੍ਰੈਜੂਏਸ਼ਨ ਵੀ ਕੀਤੀ।

PunjabKesari

ਕਾਲਜ ਦੇ ਦਿਨਾਂ ’ਚ ਉਹ ਪਿਸਟਲ ਸ਼ੂਟਿੰਗ ਤੇ ਤੀਰਅੰਦਾਜ਼ੀ ’ਚ ਇਕ ਬਿਹਤਰ ਖਿਡਾਰਣ ਸੀ। ਭਾਰਤੀ ਸਿੰਘ ਰਾਸ਼ਟਰੀ ਪੱਧਰ ਦੀ ਗੋਲਡ ਮੈਡਲਿਸਟ ਰਹਿ ਚੁੱਕੀ ਹੈ ਪਰ ਆਰਥਿਕ ਤੰਗੀ ਕਾਰਨ ਉਸ ਨੂੰ ਸਭ ਕੁਝ ਛੱਡਣਾ ਪਿਆ। ਭਾਰਤੀ ਦੇ ਪਰਿਵਾਰ ’ਚ ਮਾਂ ਤੋਂ ਇਲਾਵਾ ਉਸ ਦੀ ਇਕ ਭੈਣ ਤੇ ਇਕ ਭਰਾ ਹੈ। ਸ਼ੋਹਰਤ ਦੀਆਂ ਬੁਲੰਦੀਆਂ ਛੂਹਣ ਤੋਂ ਬਾਅਦ ਭਾਰਤੀ ਨੇ 2017 ’ਚ ਹਰਸ਼ ਲਿੰਬਾਚੀਆ ਨਾਲ ਵਿਆਹ ਕਰਵਾਇਆ। ਹਰਸ਼ ਟੀ. ਵੀ. ਦੀ ਦੁਨੀਆ ਤੋਂ ਹੈ ਤੇ ਉਹ ਇਕ ਲੇਖਕ ਤੇ ਹੋਸਟ ਦੇ ਤੌਰ ’ਤੇ ਕੰਮ ਕਰਦਾ ਹੈ।

PunjabKesari

ਕਪਿਲ ਸ਼ਰਮਾ ਨਾਲ ਭਾਰਤੀ ਸਿੰਘ ਕਈ ਸ਼ੋਅਜ਼ ਕਰ ਚੁੱਕੀ ਹੈ। ਉਸੇ ਕਪਿਲ ਦੇ ਕਹਿਣ ’ਤੇ ਭਾਰਤੀ ਸਿੰਘ ‘ਲਾਫਟਰ ਚੈਲੰਜ’ ਦੇ ਆਡੀਸ਼ਨ ਲਈ ਪੰਜਾਬ ਤੋਂ ਮੁੰਬਈ ਪਹੁੰਚੀ ਸੀ। ਪੰਜਾਬ ਤੋਂ ਭਾਰਤੀ ਮੁੰਬਈ ਤਾਂ ਪਹੁੰਚ ਗਈ ਪਰ ‘ਲਾਫਟਰ ਚੈਲੰਜ’ ਲਈ 6 ਮਹੀਨਿਆਂ ਤਕ ਖੂਬ ਮਿਹਨਤ ਕਰਨੀ ਪਈ। ਭਾਰਤੀ ਨੇ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੰਜ’ ਰਾਹੀਂ ਲੋਕਾਂ ਨੂੰ ਖੂਬ ਹਸਾਇਆ। ਹਾਲਾਂਕਿ ਉਹ ਇਸ ਸ਼ੋਅ ਦੀ ਜੇਤੂ ਨਹੀਂ ਬਣ ਸਕੀ।

PunjabKesari

‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੰਜ’ ਸ਼ੋਅ ਕਰਨ ਤੋਂ ਬਾਅਦ ਭਾਰਤੀ ਨੇ ‘ਕਾਮੇਡੀ ਸਰਕਸ’ ’ਚ ਹਿੱਸਾ ਲਿਆ, ਜਿਸ ’ਚ ਉਸ ਦੀ ਕਾਮੇਡੀ ਦੀ ਖੂਬ ਤਾਰੀਫ ਹੋਈ। ਸਾਲ 2012 ’ਚ ‘ਝਲਕ ਦਿਖਲਾ ਜਾ’ ਦੇ 5ਵੇਂ ਸੀਜ਼ਨ ’ਚ ਬਤੌਰ ਮੁਕਾਬਲੇਬਾਜ਼ ਹਿੱਸਾ ਲਿਆ। ਇਸ ਸ਼ੋਅ ’ਚ ਭਾਰਤੀ ਦੇ ਡਾਂਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਹਾਲਾਂਕਿ ਉਹ ਜੇਤੂ ਨਹੀਂ ਬਣ ਸਕੀ। ਇਸ ਸ਼ੋਅ ਤੋਂ ਬਾਅਦ ਭਾਰਤੀ ਸਿੰਘ ਨੇ ਇਕ ਹੋਰ ਡਾਂਸ ਸ਼ੋਅ ’ਚ ਹਿੱਸਾ ਲਿਆ ਸੀ ਤੇ ਉਸ ਸ਼ੋਅ ਦਾ ਨਾਂ ਸੀ ‘ਨੱਚ ਬੱਲੀਏ’।

PunjabKesari

ਭਾਰਤੀ ਸਿੰਘ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਹਿੱਸਾ ਰਹੀ ਹੈ। ਇਸ ਸ਼ੋਅ ’ਚ ਭਾਰਤੀ ਨੇ ਆਪਣੀ ਕਾਮੇਡੀ ਦਾ ਹਰ ਰੰਗ ਦਿਖਾਇਆ ਹੈ। ਭਾਰਤੀ ਸਿੰਘ ‘ਕਾਮੇਡੀ ਨਾਈਟਸ ਬਚਾਓ’ ਤੇ ‘ਕਾਮੇਡੀ ਕਲਾਸਿਜ਼’ ਸ਼ੋਅ ’ਚ ਵੀ ਨਜ਼ਰ ਆਈ। ਇਸ ਤੋਂ ਇਲਾਵਾ ਰਿਐਲਿਟੀ ਸ਼ੋਅ ‘ਇੰਡੀਆਜ਼ ਗਾਟ ਟੈਲੇਂਟ ਸੀਜ਼ਨ 7’ ਨੂੰ ਭਾਰਤੀ ਨੇ ਹੋਸਟ ਵੀ ਕੀਤਾ। ‘ਕਾਮੇਡੀ ਦੰਗਲ’ ਵਰਗੇ ਕਾਮੇਡੀ ਸ਼ੋਅ ’ਚ ਭਾਰਤੀ ਬਤੌਰ ਜੱਜ ਦਿਖੀ। ਭਾਰਤੀ ਸਿੰਘ ਨੇ ਹਿੰਦੀ ਫ਼ਿਲਮ ‘ਖਿਲਾੜੀ 786’ ਤੇ ‘ਸਨਮ ਰੇ’ ’ਚ ਵੀ ਕੰਮ ਕੀਤਾ। ਹਿੰਦੀ ਫ਼ਿਲਮਾਂ ਤੋਂ ਇਲਾਵਾ ਭਾਰਤੀ ਨੇ ਪੰਜਾਬੀ ਤੇ ਕੰਨੜ ਫ਼ਿਲਮਾਂ ’ਚ ਕੰਮ ਕੀਤਾ।

PunjabKesari

ਭਾਰਤੀ ਨੇ ਸ਼ੋਹਰਤ ਦੇ ਸਿਖਰ ਤਕ ਪਹੁੰਚਣ ’ਚ ਕਦੇ ਮੋਟਾਪਾ ਅੱਗੇ ਆਉਣ ਨਹੀਂ ਦਿੱਤਾ। ਕਈ ਵਾਰ ਲੋਕਾਂ ਨੇ ਇਸ ਦਾ ਮਖੌਲ ਜ਼ਰੂਰ ਬਣਾਇਆ ਪਰ ਭਾਰਤੀ ਨੇ ਆਪਣੇ ਇਸੇ ਮੋਟਾਪੇ ਨੂੰ ਜ਼ਿੰਦਗੀ ’ਚ ਜਿੱਤ ਦਾ ਫਾਰਮੂਲਾ ਬਣਾ ਲਿਆ। ਕਦੇ ਭੁੱਖੇ ਢਿੱਡ ਸੌਣ ਵਾਲੀ ਭਾਰਤੀ ਸਿੰਘ ਦੀ ਕਮਾਈ ਸਾਲ 2019 ’ਚ ਲਗਭਗ 11 ਕਰੋੜ ਰੁਪਏ ਸੀ। ਸਾਲ 2019 ਦੀ ਫੋਰਬਸ ਦੀ 100 ਸੈਲੇਬ੍ਰਿਟੀਜ਼ ਦੀ ਲਿਸਟ ’ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸਿਤਾਰਿਆਂ ’ਚ ਭਾਰਤੀ ਦਾ ਨਾਂ 82ਵੇਂ ਸਥਾਨ ’ਤੇ ਸੀ।


author

Rahul Singh

Content Editor

Related News