ਅਦਾਕਾਰ ਲੱਭਣ ’ਚ ਹੋਈ ਮੁਸ਼ਕਿਲ, ਫ਼ਿਲਮ ਦੀ ਸਕ੍ਰਿਪਟ ਪੜ੍ਹ ਕੇ ਹੀ ਕਰ ਦਿੰਦੇ ਸਨ ਮਨ੍ਹਾ : ਅਸ਼ੋਕ ਪੰਡਿਤ

07/09/2023 11:27:18 AM

‘ਦਿ ਕੇਰਲਾ ਸਟੋਰੀ’ ਤੋਂ ਬਾਅਦ ਹੁਣ ਅੱਤਵਾਦ ’ਤੇ ਇਕ ਹੋਰ ਫ਼ਿਲਮ ਸਿਨੇਮਾਘਰਾਂ ’ਚ ਦਸਤਕ ਦੇ ਚੁੱਕੀ ਹੈ, ਨਾਮ ਹੈ ‘72 ਹੂਰੇਂ’। ਦਾਅਵਾ ਕੀਤਾ ਜਾ ਰਿਹਾ ਹੈ ਕਿ ਫ਼ਿਲਮ ’ਚ ਅੱਤਵਾਦ ਦਾ ਅਸਲੀ ਚਿਹਰਾ ਵਿਖਾਇਆ ਗਿਆ ਹੈ। ਹਾਲਾਂਕਿ ਫ਼ਿਲਮ ਦਾ ਜਦੋਂ ਟੀਜ਼ਰ ਰਿਲੀਜ਼ ਹੋਇਆ ਸੀ, ਉਦੋਂ ਇਸ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲੇ। ਕੈਪਟਨ ਗੁਲਾਬ ਸਿੰਘ ਵਲੋਂ ਨਿਰਮਿਤ ਇਸ ਫ਼ਿਲਮ ਨੂੰ ਸੰਜੇ ਪੂਰਨ ਸਿੰਘ ਚੌਹਾਨ ਨੇ ਡਾਇਰੈਕਟ ਕੀਤਾ ਹੈ। ਇਸ ਦੇ ਸਹਿ-ਨਿਰਮਾਤਾ ਅਸ਼ੋਕ ਪੰਡਿਤ ਹਨ। ਫ਼ਿਲਮ 7 ਜੁਲਾਈ ਨੂੰ ਕਈ ਭਾਸ਼ਾਵਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ’ਚ ਅਸ਼ੋਕ ਪੰਡਿਤ, ਕੈਪਟਨ ਗੁਲਾਬ ਸਿੰਘ, ਸੰਜੇ ਪੂਰਨ ਸਿੰਘ ਚੌਹਾਨ ਤੇ ਅਦਾਕਾਰ ਪਵਨ ਮਲਹੋਤਰਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਸ/ਜਗ ਬਾਣੀ/ਹਿੰਦ ਸਮਾਚਾਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼–

ਸਵਾਲ– ਕੀ ਫ਼ਿਲਮ ’ਚ ਕਿਸੇ ਮਜ਼੍ਹਬ ਨੂੰ ਟਾਰਗੇਟ ਕੀਤਾ ਗਿਆ ਹੈ?
ਜਵਾਬ–
ਬਿਲਕੁਲ ਨਹੀਂ, ਫ਼ਿਲਮ ਕਿਸੇ ਮਜ਼੍ਹਬ ਨੂੰ ਟਾਰਗੇਟ ਕਰਨ ਲਈ ਨਹੀਂ ਬਣਾਈ ਗਈ ਹੈ। ਫ਼ਿਲਮ ਦਾ ਸਿੱਧਾ-ਸਿੱਧਾ ਉਦੇਸ਼ ਅੱਤਵਾਦ ’ਤੇ ਗੱਲ ਕਰਨ ਦਾ ਹੈ। ਅੱਤਵਾਦੀਆਂ ਨੂੰ 72 ਹੂਰਾਂ ਦਾ ਜੋ ਸੁਪਨਾ ਦਿਖਾਇਆ ਜਾਂਦਾ ਹੈ, ਫ਼ਿਲਮ ਉਸ ਮੁੱਦੇ ’ਤੇ ਗੱਲ ਕਰ ਰਹੀ ਹੈ। ਇਹ ਕਹਿ ਦੇਣਾ ਕਿ ਕਿਸੇ ਮਜ਼੍ਹਬ ਨੂੰ ਟਾਗਰੇਟ ਕਰਨਾ ਹੈ, ਇਹ ਸਭ ਬੇਬੁਨਿਆਦ ਹੈ। ਅਸੀਂ ਸ਼ੁਰੂ ਤੋਂ ਇਹੀ ਗੱਲ ਕਹਿ ਰਹੇ ਹਾਂ ਕਿ ਫ਼ਿਲਮ ਸਿਰਫ਼ ਤੇ ਸਿਰਫ਼ ਅੱਤਵਾਦ ਦੀ ਦਹਿਸ਼ਤ ’ਤੇ ਹੈ, ਜੋ ਕਿ ਟੀਜ਼ਰ ਤੇ ਟਰੇਲਰ ’ਚ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।

ਸਵਾਲ– ਫ਼ਿਲਮ ਦੀ ਸਕ੍ਰੀਨਿੰਗ ਲਈ ਜੇ.ਐੱਨ.ਯੂ. ਨੂੰ ਹੀ ਕਿਉਂ ਚੁਣਿਆ?
ਜਵਾਬ–
ਹਮੇਸ਼ਾ ਤੋਂ ਹੀ ਅਸੀਂ ਮੰਨਦੇ ਰਹੇ ਹਨ ਕਿ ਜੇ. ਐੱਨ. ਯੂ. ਇਕ ਅਜਿਹਾ ਸੰਸਥਾਨ ਹੈ, ਜਿਸ ਨੇ ਨਾ ਸਿਰਫ਼ ਦੇਸ਼ ਨੂੰ ਸਗੋਂ ਬਾਹਰ ਵੀ ਬਹੁਤ ਸਾਰੇ ਜੀਨੀਅਸ ਲੋਕ ਦਿੱਤੇ ਹਨ। ਇਥੇ ਹਮੇਸ਼ਾ ਤੋਂ ਪਾਲੀਟੀਸ਼ੀਅਨ, ਫ਼ਿਲਮ ਮੇਕਰ ਜਿਹੇ ਉਹ ਲੋਕ ਮਿਲੇ ਹਨ, ਜਿਨ੍ਹਾਂ ਨੇ ਵਿਚਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੌਜਵਾਨਾਂ ’ਚ ਜਾ ਕੇ ਜੇਕਰ ਤੁਸੀਂ ਇਕ ਗੰਭੀਰ ਵਿਸ਼ੇ ’ਤੇ ਚਰਚਾ ਕਰਦੇ ਹਾਂ ਤਾਂ ਉਹ ਤੁਹਾਡੀਆਂ ਗੱਲਾਂ ਨੂੰ ਸਮਝਦੇ ਹਨ ਤੇ ਤੁਹਾਨੂੰ ਉਨ੍ਹਾਂ ਦਾ ਨਜ਼ਰੀਆ ਸਮਝਣ ਦਾ ਮੌਕਾ ਮਿਲਦਾ ਹੈ। ਇਹ ਸੁਨਹਿਰੀ ਮੌਕਾ ਹੈ, ਸਿੱਖਣ ਲਈ ਤੇ ਬਤੌਰ ਫ਼ਿਲਮ ਮੇਕਰ ਮੈਂ ਚਾਹੁੰਦਾ ਹਾਂ ਕਿ ਮੇਰੀ ਫ਼ਿਲਮ ਸਾਰੇ ਦੇਖਣ ਤੇ ਗੱਲ ਕਰਨ।

ਸਵਾਲ– ਜਦੋਂ-ਜਦੋਂ ਅਜਿਹੀਆਂ ਫ਼ਿਲਮਾਂ ਆਉਂਦੀਆਂ ਹਨ ਤਾਂ ਕਾਫ਼ੀ ਵਿਵਾਦ ਹੁੰਦਾ ਹੈ ਤੇ ਧਮਕੀਆਂ ਵੀ ਮਿਲਦੀਆਂ ਹਨ। ਤਾਂ ਕੀ ਤੁਹਾਨੂੰ ਵੀ ਕੋਈ ਧਮਕੀ ਮਿਲੀ ਹੈ?
ਜਵਾਬ–
ਹਾਂ, ਮੈਨੂੰ ਤੇ ਮੇਰੀ ਟੀਮ ਨੂੰ ਧਮਕੀ ਮਿਲੀ ਹੈ। ਦਰਅਸਲ, ਇਹ ਇਕ ਗੰਭੀਰ ਮੁੱਦੇ ਨੂੰ ਚੁੱਕਣ ਦੀ ਕੀਮਤ ਹੁੰਦੀ ਹੈ। ਮੈਨੂੰ ਤੇ ਮੇਰੇ ਪ੍ਰੋਡਿਊਸਰਾਂ ਨੂੰ ਅਜੇ ਵੀ ਬਹੁਤ ਸਾਰੇ ਨੈਸਟੀ ਮੈਸੇਜ ਤੇ ਈਮੇਲ, ਫ਼ੋਨ ਕਾਲ ਆਉਣ ਦਾ ਸਿਲਸਿਲਾ ਚੱਲ ਰਿਹਾ ਹੈ। ਇਨ੍ਹਾਂ ਦਾ ਜ਼ਿਕਰ ਕਈ ਮੀਡੀਆ ਚੈਨਲਾਂ ਨੇ ਵੀ ਕੀਤਾ ਹੈ। ਮੇਰੇ ਕੋਲ ਉਨ੍ਹਾਂ ਦੇ ਸਕ੍ਰੀਨਸ਼ਾਟ ਵੀ ਹਨ, ਜਿਸ ’ਚ ਧਮਕੀਆਂ ਮਿਲੀਆਂ ਹਨ।

ਸਵਾਲ– 72 ਹੂਰੇਂ ਰਾਸ਼ਟਰਹਿਤ ’ਚ ਕਿਵੇਂ ਯੋਗਦਾਨ ਦੇ ਰਹੀ ਹੈ?
ਜਵਾਬ–
ਦੇਖੋ, 72 ਹੂਰੇਂ ਅੱਤਵਾਦ ਦੀ ਗੱਲ ਕਰਦੀ ਹੈ। ਇਸ ਰਾਸ਼ਟਰ ਨੇ ਅੱਤਵਾਦ ਨੂੰ ਬਹੁਤ ਸਹਿਣ ਕੀਤਾ ਹੈ। 80 ਦੇ ਦਹਾਕੇ ਤੋਂ ਲੈ ਕੇ 90 ਤੱਕ ਇਥੇ ਤੱਕ ਕਿ ਸਾਲ 2000 ਤੋਂ ਬਾਅਦ ਵੀ ਦੇਖ ਲਓ ਇਹ ਸਿਰਫ਼ ਸਾਡੀ ਨਹੀਂ ਸਗੋਂ ਗਲੋਬਲ ਪ੍ਰਾਬਲਮ ਹੈ। ਇਸ ਪ੍ਰਾਬਲਮ ਦੀ ਜੜ੍ਹ ਕੀ ਹੈ, ਇਸ ਦਾ ਕਾਰਨ ਕੀ ਹੈ। ਕਿਵੇਂ ਵਰਗਲਾਇਆ ਜਾਂਦਾ ਹੈ, ਕਿਵੇਂ ਰਿਫਲਿਊਟ ਕੀਤਾ ਜਾਂਦਾ ਹੈ। ਕਿਥੋਂ ਇਹ ਆਕਾਰ ਲੈਂਦੇ ਹਨ ਤੇ ਫਿਰ ਅੰਜਾਮ ਜੋ ਹੈ ਉਹ ਕਿਸੇ ਬਾਜ਼ਾਰ ਦੇ ਅੰਦਰ ਫਿਦਾਇਨ ਹਮਲੇ ਜੋ ਹੁੰਦੇ ਹਨ, ਬੰਬ ਜੋ ਫਟਦੇ ਹਨ ਉਨ੍ਹਾਂ ਸਭ ਚੀਜ਼ਾਂ ਨਾਲ ਹੁੰਦਾ ਹੈ। ਉਹ ਹਰ ਚੀਜ਼, ਜੋ ਜਾਗਰੂਕਤਾ ਲੈ ਕੇ ਆਉਂਦੀ ਹੈ ਉਹ ਰਾਸ਼ਟਰਹਿਤ ਦੇ ਅੰਦਰ ਹੀ ਹੁੰਦੀ ਹੈ। ਇਸ ਫ਼ਿਲਮ ਨਾਲ ਅਸੀਂ ਸਮਾਜ ’ਚ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।

ਸਵਾਲ– ਜਦੋਂ ਇਸ ਫ਼ਿਲਮ ਨੂੰ ਪ੍ਰੋਪੇਗੈਂਡਾ ਫ਼ਿਲਮ ਕਿਹਾ ਜਾਂਦਾ ਹੈ, ਉਦੋਂ ਤੁਹਾਨੂੰ ਕਿਵੇਂ ਲੱਗਦਾ ਹੈ?
ਜਵਾਬ–
ਮੈਨੂੰ ਬਹੁਤ ਦੁੱਖ ਹੁੰਦਾ ਹੈ। ਤੁਸੀਂ ਫ਼ਿਲਮ ਨੂੰ ਦੇਖਿਆ ਨਹੀਂ, ਤੁਸੀਂ ਬਸ ਇਸ ਦਾ ਨਾਮ ਸੁਣਿਆ, ਟੀਜ਼ਰ ਦੇਖਿਆ ਤੇ ਬਸ ਫ਼ੈਸਲਾ ਥੋਪ ਦਿੱਤਾ ਕਿ ਇਹ ਪ੍ਰੋਪੇਗੈਂਡਾ ਫ਼ਿਲਮ ਹੈ। ਇਸ ਨੂੰ ਬੈਨ ਕਰ ਦੇਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਹਮੇਸ਼ਾ ਤੋਂ ਇਸ ਦੇਸ਼ ’ਚ ਇਕ ਆਦਤ ਰਹੀ ਹੈ ਕਿ ਤੁਸੀਂ ਕੁਝ ਦੇਖਦੇ ਹੋ ਉਸ ’ਤੇ ਸੰਵਾਦ ਕਰਦੇ ਹੋ। ਉਸ ’ਤੇ ਚਰਚਾ ਹੁੰਦੀ ਹੈ। ਫਿਰ ਤੁਸੀਂ ਉਸ ਤੋਂ ਸਹਿਮਤ ਹੋ, ਅਸਹਿਮਤ ਹੋ ਇਹ ਦੇਖਣ ਤੋਂ ਬਾਅਦ ਤੈਅ ਹੁੰਦਾ ਹੈ ਪਰ ਜਦੋਂ ਬਿਨਾਂ ਦੇਖੋ ਕੋਈ ਅਜਿਹੀ ਗੱਲ ਕਰਦਾ ਹੈ ਤਾਂ ਬਹੁਤ ਬੁਰਾ ਲੱਗਦਾ ਹੈ।

ਸਵਾਲ– ਤੁਸੀਂ ਫ਼ਿਲਮ ਲਈ ਡਾਟਾ ਕਿਵੇਂ ਇਕੱਠਾ ਕੀਤਾ?
ਜਵਾਬ–
ਇਹ ਫ਼ਿਲਮ ਅੱਤਵਾਦ ’ਤੇ ਕੋਈ ਡਾਕੂਮੈਂਟਰੀ ਨਹੀਂ ਹੈ। ਇਹ ਉਸ ਨਜ਼ਰੀਏ ਦੀ ਕਹਾਣੀ ਹੈ, ਜਿਸ ਨਾਲ ਅਸੀਂ ਅੱਤਵਾਦ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਨਜ਼ਰੀਆ ਪਹਿਲਾਂ ਸਿਨੇਮਾ ’ਚ ਨਹੀਂ ਆਇਆ ਹੈ, ਜੋ ਇਕ ਯੂਨਿਕ ਗੱਲ ਹੈ ਤਾਂ ਇਸ ਦੇ ਲਈ ਡਾਟਾ ਨੂੰ ਇਕੱਠਾ ਕਰਨ ਦੀ ਅਜਿਹੀ ਕੋਈ ਜ਼ਰੂਰਤ ਨਹੀਂ ਪਈ।

ਸਵਾਲ– ਤੁਹਾਡੀ ਇਸ ਫ਼ਿਲਮ ਨਾਲ ਜੁੜਨ ਦੀ ਪ੍ਰੇਰਨਾ ਕੀ ਰਹੀ?
ਜਵਾਬ–
ਬਤੌਰ ਡਾਇਰੈਕਟਰ ਤੇ ਰਾਈਟਰ ਮੈਨੂੰ ਲੱਗਦਾ ਹੈ ਕਿ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਚੀਜ਼ਾਂ ਨੂੰ ਪ੍ਰਗਟ ਕਰੋ, ਜਿਨ੍ਹਾਂ ਤੋਂ ਮਨੁੱਖਤਾ ਜਾਂ ਇਨਸਾਨ ਦਾ ਨੁਕਸਾਨ ਹੈ। ਅੱਤਵਾਦ ਇਕ ਸਿਰਫ਼ ਸਾਡੇ ਲਈ ਨਹੀਂ ਸਗੋਂ ਪੂਰੀ ਦੁਨੀਆ ਲਈ ਬਹੁਤ ਵੱਡਾ ਮੁੱਦਾ ਹੈ। ਦੋ ਚੀਜ਼ਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਸ ਫ਼ਿਲਮ ’ਚ ਇਕ ਲੀਡ ਅਦਾਕਾਰ ਹਨ, ਉਨ੍ਹਾਂ ਦਾ ਨਾਮ ਆਮਿਰ ਬਸ਼ੀਰ ਹੈ। ਉਹ ਮੁਸਲਮਾਨ ਸਮਾਜ ਦਾ ਇਕ ਪੜ੍ਹਿਆ-ਲਿਖਿਆ ਵਿਅਕਤੀ ਹੈ। ਉਸ ਨੇ ਜਦੋਂ ਸਕ੍ਰਿਪਟ ਦੇਖੀ, ਜੇਕਰ ਉਸ ਨੂੰ ਲੱਗਦਾ ਕਿ ਇਹ ਫ਼ਿਲਮ ਕਿਸੇ ਗਲਤ ਲਾਈਨ ’ਤੇ ਹੈ ਤਾਂ ਉਹ ਫ਼ਿਲਮ ਕਰਦਾ ਹੀ ਨਹੀਂ। ਜੋ ਸੰਜੇ ਜੀ ਕਹਿ ਰਹੇ ਹਨ, ਪਵਨ ਜੀ ਕਹਿ ਰਹੇ ਹਨ ਕਿ ਉਹ ਇਹ ਹੈ ਕਿ ਤੁਸੀਂ ਇਹ ਮੰਨ ਕੇ ਚੱਲੋ ਕਿ ਇਹ ਫ਼ਿਲਮ ਜੋ ਹੈ, ਇਹ ਸਿਰਫ਼ ਅੱਤਵਾਦ ਦੇ ਖ਼ਿਲਾਫ਼ ਹੈ। ਅੱਤਵਾਦ ਨੂੰ ਜੋ ਪਨਪਦਾ ਹੈ, ਜੋ ਪਾਲਦਾ ਹੈ, ਜੋ ਬੀਜਦਾ ਹੈ, ਉਹ ਇਸ ਦੇ ਲਈ ਜ਼ਿੰਮੇਵਾਰ ਹੈ। ਇਹ ਫ਼ਿਲਮ ਉਸ ਨੂੰ ਉਜਾਗਰ ਕਰਦੀ ਹੈ।

ਸਵਾਲ– ਫ਼ਿਲਮ ਲਈ ਐਕਟਰਾਂ ਨੂੰ ਅਪ੍ਰੋਚ ਕਿਵੇਂ ਕੀਤਾ?
ਜਵਾਬ–
ਜਦੋਂ ਵੀ ਐਕਟਰਾਂ ਨੂੰ ਫ਼ਿਲਮ ਲਈ ਅਪ੍ਰੋਚ ਕੀਤਾ ਜਾ ਰਿਹਾ ਸੀ ਤਾਂ ਉਹ ਫ਼ਿਲਮ ਦੀ ਸਕ੍ਰਿਪਟ ਤੇ ਕਹਾਣੀ ਪੜ੍ਹ ਕੇ ਇਸ ਤੋਂ ਪੱਲਾ ਝਾੜ ਰਹੇ ਸਨ। ਕਈ ਐਕਟਰਾਂ ਨੇ ਅਜਿਹਾ ਕੀਤਾ, ਉਨ੍ਹਾਂ ਦਾ ਰੀਐਕਸ਼ਨ ਅਜਿਹਾ ਸੀ ਕਿ ਸਾਨੂੰ ਇਸ ਤੋਂ ਦੂਰ ਰੱਖੋ। ਫਿਰ ਜਦੋਂ ਪਵਨ ਮਲਹੋਤਰਾ ਕੋਲ ਗਏ ਤਾਂ ਉਨ੍ਹਾਂ ਨੇ ਆਪਣਾ ਜਿਗਰਾ ਦਿਖਾਇਆ। ਉਨ੍ਹਾਂ ਨੇ ਫ਼ਿਲਮ ਦੀ ਸਕ੍ਰਿਪਟ ਪੜ੍ਹੀ ਤੇ ਕਿਹਾ ਕਿ ਇਸ ਫ਼ਿਲਮ ਦੀ ਆਵਾਜ਼ ਮੈਂ ਬਣਾਂਗਾ ਤੇ ਇਹ ਫ਼ਿਲਮ ਮੈਂ ਕਰਾਂਗਾ। ਇਸ ਦੇ ਲਈ ਮੈਂ ਪਵਨ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਹਾਂ। ਉਥੇ ਹੀ ਦੂਜੇ ਐਕਟਰ ਆਮਿਰ ਬਸ਼ੀਰ ਦੀ ਗੱਲ ਕਰਾਂ ਤਾਂ ਉਹ ਵੀ ਬਹੁਤ ਕਮਾਲ ਦੇ ਹਨ, ਬਹੁਤ ਪੜ੍ਹੇ-ਲਿਖੇ ਕਲਾਕਾਰ ਹਨ। ਉਨ੍ਹਾਂ ਨੇ ਵੀ ਫ਼ਿਲਮ ’ਚ ਬਹੁਤ ਵਧੀਆ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Rahul Singh

Content Editor

Related News