ਜੇਲ੍ਹ 'ਚ ਆਰੀਅਨ ਖਾਨ ਨੂੰ ਮਿਲਿਆ ਕੈਦੀ ਨੰਬਰ 956, ਸ਼ਾਹਰੁਖ ਨੇ ਪੁੱਤਰ ਲਈ ਭੇਜਿਆ 4500 ਰੁਪਏ ਦਾ ਮਨੀ ਆਰਡਰ
Friday, Oct 15, 2021 - 10:52 AM (IST)
ਮੁੰਬਈ : ਡਰੱਗਜ਼ ਕੇਸ 'ਚ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਜ਼ਮਾਨਤ ਨਹੀਂ ਮਿਲ ਸਕੀ। ਵੀਰਵਾਰ ਨੂੰ ਸੁਣਵਾਈ ਤੋਂ ਬਾਅਦ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਜਿਸ ਨੂੰ 20 ਅਕਤੂਬਰ ਨੂੰ ਸੁਣਾਇਆ ਜਾਵੇਗਾ। ਯਾਨੀ ਆਰੀਅਨ ਖ਼ਾਨ ਨੂੰ ਘੱਟੋ-ਘੱਟ 5 ਦਿਨ ਹੋਰ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਰਹਿਣ ਪਵੇਗਾ। ਆਰੀਅਨ ਖ਼ਾਨ ਨੂੰ ਇੱਥੇ ਕੈਦੀ ਨੰਬਰ ਐੱਲ 956 ਦਿੱਤਾ ਗਿਆ ਹੈ। ਉਸ ਨੂੰ ਆਮ ਕੈਦੀਆਂ ਦੀ ਤਰ੍ਹਾਂ ਰੱਖਿਆ ਗਿਆ ਹੈ। ਹਾਲਾਂਕਿ ਕੇਸ ਚੱਲ ਰਿਹਾ ਹੈ ਇਸ ਲਈ ਫਿਲਹਾਲ ਉਸ ਨੂੰ ਕੈਦੀਆਂ ਵਾਲੇ ਕੱਪੜੇ ਨਹੀਂ ਪੁਆਏ ਗਏ ਹਨ। ਜੇਲ੍ਹ ਨਿਯਮਾਂ ਦੀ ਪਾਲਣਾ ਕਰਦੇ ਹੋਏ ਪਰਿਵਾਰ ਨੇ ਆਰੀਅਨ ਲਈ ਤਿੰਨ ਜੋੜੀ ਕੱਪੜੇ ਭੇਜੇ। ਇਨ੍ਹਾਂ ਕੱਪੜਿਆਂ 'ਚ ਇਸ ਨੂੰ 20 ਅਕਤੂਬਰ ਤੱਕ ਦਾ ਸਮਾਂ ਕੱਢਣਾ ਪਵੇਗਾ।\
ਪਰਿਵਾਰ ਨੇ ਮਨੀ ਆਰਡਰ ਕੀਤੇ 4500 ਰੁਪਏ
ਇਸੇ ਤਰ੍ਹਾਂ ਜੇਲ੍ਹ ਨਿਯਮਾਂ ਦੀ ਪਾਲਣਾ ਕਰਦੇ ਹੋਏ ਸ਼ਾਹਰੁਖ ਖ਼ਾਨ ਦੇ ਪਰਿਵਾਰ ਨੇ ਪੁੱਤਰ ਆਰੀਅਨ ਲਈ ਮਨੀ ਆਰਡਰ ਜ਼ਰੀਏ 4500 ਰੁਪਏ ਭੇਜੇ। ਇਨ੍ਹਾਂ 4500 ਰੁਪਏ ਨਾਲ ਆਰੀਅਨ ਜੇਲ੍ਹ ਦੀ ਕੰਟੀਨ 'ਚੋਂ ਖਾਣ-ਪੀਣ ਦੀਆਂ ਚੀਜ਼ਾਂ ਖਰੀਦ ਸਕੇਗਾ। ਦੱਸ ਦੇਈਏ ਕਿ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ 'ਤੇ ਛਾਪੇਮਾਰੀ ਦੌਰਾਨ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ, ਵਿਕਰਾਂਤ ਛੋਕਰ, ਨੁਪੁਰ ਸਾਰਿਕਾ, ਇਸ਼ਮੀਤ ਸਿੰਘ, ਮੋਹਕ ਜਸਵਾਲ ਅਤੇ ਗੋਮਿਤ ਚੋਪੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਕਰੂਜ਼ ਤੋਂ ਕੋਕੀਨ, ਮੈਫੇਡ੍ਰੋਨ ਅਤੇ ਚਰਸ ਵੀ ਜ਼ਬਤ ਕੀਤੀ ਸੀ।
ਵੀਰਵਾਰ ਦੀ ਸੁਣਵਾਈ ਦੌਰਾਨ ਐੱਨ.ਸੀ.ਬੀ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨਾਜਾਇਜ਼ ਮਾਦਕ ਪਦਾਰਥਾਂ ਦੀ ਤਸਕਰੀ, ਮਾਦਕ ਪਦਾਰਥਾਂ ਦੀ ਖਰੀਦ ਅਤੇ ਵੰਡ 'ਚ ਸ਼ਾਮਲ ਸੀ, ਜੋ ਐੱਨ.ਡੀ.ਪੀ.ਐੱਸ. ਐਕਟ ਤਹਿਤ ਨਾਜਾਇਜ਼ ਹੈ। ਮੁਲਜ਼ਮ ਦੇ ਵਕੀਲਾਂ ਅਤੇ ਐੱਨ.ਸੀ.ਬੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਅਰਜ਼ੀ 'ਤੇ ਆਪਣਾ ਹੁਕਮ ਸੁਰੱਖਿਅਤ ਰੱਖ ਲਿਆ ਅਤੇ ਮਾਮਲੇ 'ਚ ਅਗਲੀ ਸੁਣਵਾਈ ਲਈ 20 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।