ਆਰੀਅਨ ਖਾਨ ਡਰੱਗ ਕੇਸ : ਅੱਜ ਹੋਵੇਗਾ ਸ਼ਾਹਰੁਖ ਦੇ ਪੁੱਤਰ ਦੀ ਜ਼ਮਾਨਤ ''ਤੇ ਫ਼ੈਸਲਾ
Wednesday, Oct 20, 2021 - 12:31 PM (IST)
ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੇ ਡਰੱਗ ਕੇਸ ਵਿਚ ਅੱਜ ਇਕ ਵਾਰ ਫਿਰ ਸੁਣਵਾਈ ਹੋਵੇਗੀ। ਐੱਨ.ਡੀ.ਪੀ.ਐੱਸ ਕੋਰਟ ਨੇ ਪਿਛਲੀ ਵਾਰ ਇਸ ਕੇਸ ਵਿਚ ਆਪਣਾ ਫ਼ੈਸਲਾ ਸੁਰੱਖਿਅਤ ਰੱਖਦੇ ਹੋਏ ਅਗਲੀ ਸੁਣਵਾਈ ਨੂੰ 20 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਅੱਜ ਫਿਰ ਤੋਂ ਆਰੀਅਨ ਦੇ ਵਕੀਲ ਅਮਿਤ ਦੇਸਾਈ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਕੋਰਟ ਵਿਚ ਆਪਣਾ-ਆਪਣਾ ਪੱਖ ਰੱਖਣਗੇ ਅਤੇ ਆਰੀਅਨ ਦੀ ਰਿਹਾਈ 'ਤੇ ਫ਼ੈਸਲਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਆਖਰੀ ਸੁਣਵਾਈ 14 ਅਕਤੂਬਰ ਨੂੰ ਹੋਈ ਸੀ ਜਦੋਂ ਕੋਰਟ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਦੱਸਣਯੋਗ ਹੈ ਕਿ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਡਰੱਗ ਕੇਸ ਦੇ ਸਿਲਸਿਲੇ ਵਿਚ ਕਈ ਦਿਨਾਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਬੰਦ ਹਨ। 14 ਅਕਤੂਬਰ ਨੂੰ ਆਰੀਅਨ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਹੋਈ ਸੀ ਪਰ ਕੋਈ ਨਤੀਜਾ ਨਹੀਂ ਨਿਕਲਿਆ ਸੀ ਅਜਿਹੇ ਵਿਚ ਕੋਰਟ ਨੇ ਅਗਲੀ ਤਰੀਕ 20 ਅਕਤੂਬਰ ਦੀ ਦੇ ਦਿੱਤੀ ਸੀ।
ਆਰੀਅਨ ਪਹਿਲਾਂ ਬਾਕੀ ਕੈਦੀਆਂ ਦੇ ਨਾਲ ਜੇਲ੍ਹ ਵਿੱਚ ਰਹਿ ਰਿਹਾ ਸੀ। ਉਸ ਦਾ ਨੰਬਰ ਕੈਦੀ ਨੰਬਰ ਐੱਨ 956 ਸੀ ਪਰ ਕੁਝ ਦਿਨ ਪਹਿਲਾਂ ਉਸ ਨੂੰ ਵਿਸ਼ੇਸ਼ ਬੈਰਕਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਕ ਟੀਵੀ ਚੈਨਲ ਦੀ ਰਿਪੋਰਟ ਅਨੁਸਾਰ ਜੇਲ੍ਹ ਅਧਿਕਾਰੀਆਂ ਵੱਲੋਂ ਆਰੀਅਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਰਿਪੋਰਟਾਂ ਅਨੁਸਾਰ ਉਸ ਨੂੰ ਇੱਕ ਵਿਸ਼ੇਸ਼ ਬੈਰਕ ਵਿੱਚ ਲਿਜਾਇਆ ਗਿਆ ਹੈ ਅਤੇ ਅਧਿਕਾਰੀਆਂ ਦੁਆਰਾ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ।