ਲੋਕ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ''ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ
Sunday, Nov 21, 2021 - 05:25 PM (IST)
ਚੰਡੀਗੜ੍ਹ- ਅੱਜ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ਦੇ ਨਾਲ ਗਾਇਕੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਲੰਮੀ ਹੇਕ ਲਈ ਜਾਣੀ ਜਾਂਦੀ ਗੁਰਮੀਤ ਬਾਵਾ ਕਰੀਬ 77 ਸਾਲ ਦੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੰਜਾਬੀ ਗਾਇਕੀ ਦੇ ਖੇਤਰ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਆਮ ਜਨਤ ਤੋਂ ਲੈ ਕੇ ਕਲਾਕਾਰਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਪੰਜਾਬੀ ਕਲਾਕਾਰ ਵੀ ਪੋਸਟ ਪਾ ਕੇ ਗੁਰਮੀਤ ਬਾਵਾ ਜੀ ਦੀ ਮੌਤ ਉੱਤੇ ਦੁੱਖ ਜਤਾ ਰਹੇ ਹਨ।
ਅਦਾਕਾਰਾ ਅਤੇ ਗਾਇਕਾ ਸਤਿੰਦਰ ਸੱਤੀ ਨੇ ਮਰਹੂਮ ਗੁਰਮੀਤ ਬਾਵਾ ਜੀ ਦੇ ਨਾਲ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਪਹਿਲੀ ਵਾਰ ਮੈਨੂੰ ਬਾਵਾ ਅੰਕਲ ਦਾ ਫੋਨ ਆਇਆ ਕੇ ਅੰਮ੍ਰਿਤਸਰ ‘ਚ ਪ੍ਰੋਗਰਾਮ ਕਰਨਾ ਕਿਉਂਕਿ ਮੈਂ ਗਲੋਰੀ ਅਤੇ ਲਾਚੀ ਨੂੰ ਪਹਿਲਾਂ ਜਾਣਦੀ ਸੀ ਪਰ ਗੁਰਮੀਤ ਬਾਵਾ ਜੀ ਨੂੰ ਮਿਲਣ ਦਾ ਪਹਿਲਾ ਮੌਕਾ ਸੀ ਮੈਂ ਉਨ੍ਹਾਂ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਸੀ ਪ੍ਰੋਗਰਾਮ ਬਹੁਤ ਸੋਹਣਾ ਹੋਇਆ ਫਿਰ ਸਾਨੂੰ ਉਹ ਆਪਣੇ ਘਰ ਲੈ ਗਏ ਕਹਿੰਦੇ ਅੱਜ ਤੋਂ ਤੂੰ ਮੇਰੀ ਧੀ ਏ ਅਤੇ ਫਿਰ ਸਾਰੀ ਉਮਰ ਉਨ੍ਹਾਂ ਨੇ ਮੇਰੇ ਨਾਲ ਮਾਵਾਂ ਵਾਂਗ ਨਿਭਾਈ। ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਲੰਬੀ ਹੇਕ ਦੀ ਰਾਣੀ ਨਾਲ ਇਕ ਯੁੱਗ ਖਤਮ ਹੋ ਗਿਆ ਮਾਂ ਅਲਵਿਦਾ - ਸਤਿੰਦਰ ਸੱਤੀ’।
ਉੱਧਰ ਅਦਾਕਾਰ ਦਰਸ਼ਨ ਔਲਖ ਨੇ ਵੀ ਗੁਰਮੀਤ ਬਾਵਾ ਦੇ ਨਾਲ ਆਪਣੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ‘ਮੈਂ ਗੁਰਮੀਤ ਬਾਵਾ ਜੀ ਨੂੰ ਸੱਚੀ ਸ਼ਰਧਾਂਜਲੀ ਦਿੰਦਾ ਹਾਂ ਵਾਹਿਗੁਰੂ ਜੀ ਗੁਰਮੀਤ ਬਾਵਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਜੀ’।
ਅਦਾਕਾਰ ਕਰਮਜੀਤ ਅਨਮੋਲ ਨੇ ਵੀ ਪੋਸਟ ਪਾ ਕੇ ਗੁਰਮੀਤ ਬਾਵਾ ਜੀ ਦੇ ਦਿਹਾਂਤ ਉੱਤੇ ਦੁੱਖ ਜਤਾਇਆ ਹੈ।
ਦੱਸ ਦਈਏ ਸਾਲ 2019 ‘ਚ ਲੋਕ ਗਾਇਕਾ ਗੁਰਮੀਤ ਕੌਰ ਬਾਵਾ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ 'ਚ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਨਮਾਨ ਮਿਲਿਆ ਸੀ। ਗੁਰਮੀਤ ਬਾਵਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਐਵਾਰਡ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਰਾਸ਼ਟਰਪਤੀ ਪੁਰਸਕਾਰ’ ਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ’ ਪੁਰਸਕਾਰ ਵੀ ਮਿਲ ਚੁੱਕੇ ਹਨ। ਦੱਸ ਦਈਏ ਪਿਛਲੇ ਸਾਲ ਹੀ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦਿਹਾਂਤ ਹੋ ਗਿਆ ਸੀ।