ਟੁੱਟ ਗਿਆ 29 ਸਾਲ ਪੁਰਾਣਾ ਰਿਸ਼ਤਾ! AR Rahman ਦਾ ਹੋਣ ਜਾ ਰਿਹੈ ਤਲਾਕ
Wednesday, Nov 20, 2024 - 05:42 AM (IST)
ਨਵੀਂ ਦਿੱਲੀ- ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ 29 ਸਾਲ ਦੇ ਵਿਆਹ ਤੋਂ ਬਾਅਦ ਆਪਣੀ ਪਤਨੀ ਸਾਇਰਾ ਬਾਨੋ ਤੋਂ ਵੱਖ ਹੋਣ ਜਾ ਰਹੇ ਹਨ। ਰਹਿਮਾਨ ਅਤੇ ਸਾਇਰਾ ਦੇ ਵਕੀਲ ਨੇ ਜਨਤਕ ਬਿਆਨ ਜਾਰੀ ਕਰਕੇ ਕਿਹਾ ਕਿ ਜੋੜੇ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਪਤਨੀ ਮੁਤਾਬਕ ਇਸ ਰਿਸ਼ਤੇ 'ਚ ਉਹ ਕਾਫੀ ਦਰਦ 'ਚੋਂ ਲੰਘ ਰਹੀ ਸੀ, ਜਿਸ ਨੂੰ ਸੰਭਾਲਣਾ ਉਸ ਲਈ ਕਾਫੀ ਮੁਸ਼ਕਿਲ ਹੋ ਗਿਆ ਹੈ। ਇਸ ਲਈ ਉਨ੍ਹਾਂ ਨੇ ਇਸ ਨੂੰ ਤੋੜਨ ਦਾ ਫੈਸਲਾ ਕੀਤਾ ਹੈ।
ਟੁੱਟਾ 29 ਸਾਲਾਂ ਦਾ ਰਿਸ਼ਤਾ
ਏ.ਆਰ. ਰਹਿਮਾਨ ਦੇ ਪ੍ਰਸ਼ੰਸਕਾਂ ਲਈ ਇਹ ਖਬਰ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਜਨਤਕ ਨੋਟ ਅਨੁਸਾਰ, ਜੋੜੇ ਦਾ ਵੱਖ ਹੋਣ ਦਾ ਫੈਸਲਾ ਅਚਾਨਕ ਲਿਆ ਗਿਆ ਫੈਸਲਾ ਨਹੀਂ ਹੈ। ਸਾਇਰਾ ਲੰਬੇ ਸਮੇਂ ਦੀ ਸੋਚ ਅਤੇ ਸਮਝ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੀ ਹੈ। ਉਨ੍ਹਾਂ ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਕਿਹਾ ਹੈ ਕਿ ਉਹ ਹੁਣ ਰਿਸ਼ਤੇ ਨੂੰ ਨਹੀਂ ਬਚਾ ਸਕਦੀ ਸੀ।
ਪ੍ਰੈਸ ਰਿਲੀਜ਼ ਵਿੱਚ ਲਿਖਿਆ - ਵਿਆਹ ਦੇ ਕਈ ਸਾਲਾਂ ਬਾਅਦ ਸ਼੍ਰੀਮਤੀ ਸਾਇਰਾ ਨੇ ਆਪਣੇ ਪਤੀ ਏ.ਆਰ. ਰਹਿਮਾਨ ਤੋਂ ਵੱਖ ਹੋਣ ਦਾ ਮੁਸ਼ਕਿਲ ਫੈਸਲਾ ਲਿਆ ਹੈ। ਇਹ ਫੈਸਲਾ ਉਨ੍ਹਾਂ ਦੇ ਰਿਸ਼ਤੇ ਵਿੱਚ ਮਹੱਤਵਪੂਰਨ ਭਾਵਨਾਤਮਕ ਤਣਾਅ ਤੋਂ ਬਾਅਦ ਆਇਆ ਹੈ। ਇੱਕ-ਦੂਜੇ ਲਈ ਡੂੰਘੇ ਪਿਆਰ ਦੇ ਬਾਵਜੂਦ, ਜੋੜੇ ਨੇ ਪਾਇਆ ਹੈ ਕਿ ਤਣਾਅ ਅਤੇ ਮੁਸ਼ਕਲਾਂ ਨੇ ਉਨ੍ਹਾਂ ਵਿਚਕਾਰ ਇੱਕ ਅਜਿਹੀ ਦੂਰੀ ਪੈਦਾ ਕਰ ਦਿੱਤੀ ਹੈ ਜਿਸ ਨੂੰ ਕੋਈ ਵੀ ਧਿਰ ਇਸ ਸਮੇਂ ਘੱਟ ਨਹੀਂ ਸਕਦੀ। ਸ਼੍ਰੀਮਤੀ ਸਾਇਰਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਦਰਦ ਅਤੇ ਤਕਲੀਫ ਕਾਰਨ ਇਹ ਫੈਸਲਾ ਲਿਆ ਹੈ। ਸਾਇਰਾ ਇਸ ਚੁਣੌਤੀਪੂਰਨ ਸਮੇਂ ਦੌਰਾਨ ਲੋਕਾਂ ਤੋਂ ਗੋਪਨੀਯਤਾ ਅਤੇ ਸਮਝ ਦੀ ਬੇਨਤੀ ਕਰਦੀ ਹੈ, ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਇਸ ਮੁਸ਼ਕਲ ਅਧਿਆਏ ਵਿੱਚੋਂ ਲੰਘ ਰਹੀ ਹੈ।
ਜੋੜੇ ਦੇ ਹਨ 3 ਬੱਚੇ
ਏ.ਆਰ. ਰਹਿਮਾਨ ਅਤੇ ਸਾਇਰਾ ਦਾ ਵਿਆਹ 1995 ਵਿੱਚ ਹੋਇਆ ਸੀ। ਜੋੜੇ ਦੇ ਤਿੰਨ ਬੱਚੇ ਹਨ - ਖਤੀਜਾ, ਰਹੀਮਾ, ਆਮੀਨ। ਸੰਗੀਤਕਾਰ ਨੇ ਦੱਸਿਆ ਸੀ ਕਿ ਇਹ ਰਿਸ਼ਤਾ ਉਨ੍ਹਾਂ ਦੀ ਮਾਂ ਨੇ ਤੈਅ ਕੀਤਾ ਸੀ। ਦੋਵਾਂ ਵਿਚਾਲੇ ਸੱਭਿਆਚਾਰਕ ਤੌਰ 'ਤੇ ਕਾਫੀ ਮਤਭੇਦ ਸਨ ਪਰ ਇਸ ਦੇ ਬਾਵਜੂਦ ਉਹ ਆਪਣੇ ਰਿਸ਼ਤੇ ਨੂੰ ਚੰਗੀ ਤਰ੍ਹਾਂ ਨਿਭਾ ਰਹੇ ਸਨ। ਸਿਮੀ ਗਰੇਵਾਲ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਰਹਿਮਾਨ ਨੇ ਦੱਸਿਆ ਸੀ ਕਿ- ਸੱਚ ਕਹਾਂ ਤਾਂ ਮੇਰੇ ਕੋਲ ਦੁਲਹਨ ਲੱਭਣ ਦਾ ਸਮਾਂ ਨਹੀਂ ਸੀ ਪਰ ਮੈਨੂੰ ਪਤਾ ਸੀ ਕਿ ਇਹ ਮੇਰੇ ਲਈ ਵਿਆਹ ਕਰਨ ਦਾ ਸਹੀ ਸਮਾਂ ਸੀ। ਮੈਂ 29 ਸਾਲਾਂ ਦਾ ਸੀ ਅਤੇ ਮੈਂ ਆਪਣੀ ਮਾਂ ਨੂੰ ਕਿਹਾ, 'ਮੇਰੇ ਲਈ ਇੱਕ ਦੁਲਹਨ ਲੱਭੋ।'