AR ਰਹਿਮਾਨ ਨੇ 'ਫਿਰਕੂ' ਟਿੱਪਣੀ ਵਿਵਾਦ 'ਤੇ ਤੋੜੀ ਚੁੱਪ; ਕਿਹਾ- 'ਕਿਸੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ'
Sunday, Jan 18, 2026 - 11:09 AM (IST)
ਮੁੰਬਈ - ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਪਿਛਲੇ ਕੁਝ ਸਮੇਂ ਤੋਂ ਹਿੰਦੀ ਫਿਲਮ ਇੰਡਸਟਰੀ ਵਿਚ 'ਫਿਰਕੂ' ਪੱਖਪਾਤ ਬਾਰੇ ਦਿੱਤੇ ਆਪਣੇ ਬਿਆਨ ਕਾਰਨ ਕਾਫੀ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ। ਹੁਣ ਇਸ ਵਿਵਾਦ 'ਤੇ ਆਪਣਾ ਪੱਖ ਰੱਖਦਿਆਂ ਰਹਿਮਾਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਉਨ੍ਹਾਂ ਦਾ ਘਰ ਹੈ, ਸਗੋਂ ਉਨ੍ਹਾਂ ਦੀ ਪ੍ਰੇਰਨਾ ਅਤੇ ਅਧਿਆਪਕ ਵੀ ਹੈ।
ਕਿਸੇ ਨੂੰ ਦੁੱਖ ਪਹੁੰਚਾਉਣ ਦੀ ਕੋਈ ਇੱਛਾ ਨਹੀਂ
ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਵੀਡੀਓ ਵਿਚ ਰਹਿਮਾਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਕਦੇ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉਨ੍ਹਾਂ ਕਿਹਾ, "ਸੰਗੀਤ ਹਮੇਸ਼ਾ ਤੋਂ ਮੇਰੇ ਲਈ ਸੱਭਿਆਚਾਰ ਦਾ ਜਸ਼ਨ ਮਨਾਉਣ ਅਤੇ ਉਸ ਦਾ ਸਨਮਾਨ ਕਰਨ ਦਾ ਇਕ ਤਰੀਕਾ ਰਿਹਾ ਹੈ। ਮੈਂ ਸਮਝਦਾ ਹਾਂ ਕਿ ਕਈ ਵਾਰ ਇਰਾਦਿਆਂ ਨੂੰ ਗਲਤ ਸਮਝ ਲਿਆ ਜਾਂਦਾ ਹੈ ਪਰ ਮੇਰਾ ਉਦੇਸ਼ ਹਮੇਸ਼ਾ ਸੰਗੀਤ ਰਾਹੀਂ ਸਭ ਨੂੰ ਉੱਚਾ ਚੁੱਕਣਾ ਅਤੇ ਸੇਵਾ ਕਰਨਾ ਰਿਹਾ ਹੈ"। ਉਨ੍ਹਾਂ ਅੱਗੇ ਕਿਹਾ ਕਿ ਉਹ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰਦੇ ਹਨ, ਜੋ ਉਨ੍ਹਾਂ ਨੂੰ ਅਜਿਹੀ ਜਗ੍ਹਾ 'ਤੇ ਕੰਮ ਕਰਨ ਦਾ ਮੌਕਾ ਦਿੰਦਾ ਹੈ ਜਿੱਥੇ ਪ੍ਰਗਟਾਵੇ ਦੀ ਆਜ਼ਾਦੀ ਹੈ।
ਕਿਵੇਂ ਸ਼ੁਰੂ ਹੋਇਆ ਵਿਵਾਦ?
ਦਰਅਸਲ, ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਰਹਿਮਾਨ ਨੇ ਬਾਲੀਵੁੱਡ ਵਿਚ ਮਿਲਣ ਵਾਲੇ ਸੀਮਤ ਕੰਮ ਬਾਰੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਅੱਜਕਲ ਉਹ ਲੋਕ ਫੈਸਲੇ ਲੈ ਰਹੇ ਹਨ ਜੋ ਰਚਨਾਤਮਕ ਨਹੀਂ ਹਨ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਸੀ ਕਿ ਇਹ ਇਕ 'ਫਿਰਕੂ' ਮਾਮਲਾ ਵੀ ਹੋ ਸਕਦਾ ਹੈ, ਜਿੱਥੇ ਸੰਗੀਤ ਕੰਪਨੀਆਂ ਉਨ੍ਹਾਂ ਨੂੰ ਬੁੱਕ ਕਰਨ ਦੀ ਬਜਾਏ ਹੋਰ ਪੰਜ ਸੰਗੀਤਕਾਰਾਂ ਨੂੰ ਹਾਇਰ ਕਰ ਲੈਂਦੀਆਂ ਹਨ।
ਆਪਣੇ ਸਫ਼ਰ 'ਤੇ ਮਾਣ
ਰਹਿਮਾਨ ਨੇ ਆਪਣੇ ਕਰੀਅਰ ਦੇ ਕੁਝ ਮਹੱਤਵਪੂਰਨ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ, ਜਿਸ ਵਿਚ ਉਨ੍ਹਾਂ ਨੇ ਹੰਸ ਜ਼ਿਮਰ ਨਾਲ ਫਿਲਮ 'ਰਾਮਾਇਣ' ਦਾ ਸੰਗੀਤ ਤਿਆਰ ਕਰਨਾ, ਸਨਸ਼ਾਈਨ ਆਰਕੈਸਟਰਾ ਨੂੰ ਮਾਰਗਦਰਸ਼ਨ ਦੇਣਾ ਅਤੇ ਭਾਰਤ ਦਾ ਪਹਿਲਾ ਬਹੁ-ਸੱਭਿਆਚਾਰਕ ਵਰਚੁਅਲ ਬੈਂਡ 'ਸੀਕਰੇਟ ਮਾਊਂਟੇਨ' ਬਣਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸਫਰਾਂ ਨੇ ਉਨ੍ਹਾਂ ਦੇ ਮਕਸਦ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਉਹ ਅਜਿਹੇ ਸੰਗੀਤ ਪ੍ਰਤੀ ਵਚਨਬੱਧ ਹਨ ਜੋ ਅਤੀਤ ਦਾ ਸਨਮਾਨ ਕਰਦਾ ਹੈ ਅਤੇ ਭਵਿੱਖ ਨੂੰ ਪ੍ਰੇਰਿਤ ਕਰਦਾ ਹੈ।
