ਅਨੁਪਮ ਖੇਰ ਨੇ 2016 ਦੀਆਂ ਯਾਦਾਂ ਕੀਤੀਆਂ ਤਾਜ਼ਾ; ਮਰਹੂਮ ਦੋਸਤ ਸਤੀਸ਼ ਕੌਸ਼ਿਕ ਨੂੰ ਯਾਦ ਕਰਦਿਆਂ ਹੋਏ ਭਾਵੁਕ
Tuesday, Jan 20, 2026 - 10:36 AM (IST)
ਮੁੰਬਈ - ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਚੱਲ ਰਹੇ ਟ੍ਰੈਂਡ ਦੇ ਚਲਦਿਆਂ ਸਾਲ 2016 ਦੀਆਂ ਆਪਣੀਆਂ ਕੁਝ ਖਾਸ ਯਾਦਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਯਾਦਾਂ ਰਾਹੀਂ ਖੇਰ ਨੇ ਨਾ ਸਿਰਫ ਆਪਣੇ ਫਿਲਮੀ ਸਫਰ ਨੂੰ ਪਿੱਛੇ ਮੁੜ ਕੇ ਦੇਖਿਆ, ਸਗੋਂ ਆਪਣੇ ਸਭ ਤੋਂ ਕਰੀਬੀ ਮਰਹੂਮ ਦੋਸਤ ਸਤੀਸ਼ ਕੌਸ਼ਿਕ ਨੂੰ ਵੀ ਯਾਦ ਕੀਤਾ।
ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦੀਆਂ ਝਲਕੀਆਂ
ਅਨੁਪਮ ਖੇਰ ਨੇ 10 ਸਾਲ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿਚ ਉਹ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ, ਅਕਸ਼ੈ ਕੁਮਾਰ, ਰਣਵੀਰ ਸਿੰਘ, ਵਰੁਣ ਧਵਨ ਅਤੇ ਅਰਜੁਨ ਕਪੂਰ ਨਾਲ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਹਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਰਾਬਰਟ ਡੀ ਨੀਰੋ ਅਤੇ ਗੇਰਾਰਡ ਬਟਲਰ ਨਾਲ ਵੀ ਆਪਣੀਆਂ ਤਸਵੀਰਾਂ ਦਿਖਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਮਾਂ ਦੁਲਾਰੀ ਅਤੇ ਭਰਾ ਰਾਜੂ ਖੇਰ ਨਾਲ ਵੀ ਪਰਿਵਾਰਕ ਤਸਵੀਰਾਂ ਸਾਂਝੀਆਂ ਕੀਤੀਆਂ।
ਦੋਸਤ ਸਤੀਸ਼ ਕੌਸ਼ਿਕ ਦੀ ਯਾਦ ਵਿਚ ਭਾਵੁਕ ਪੋਸਟ
ਸਾਂਝੀਆਂ ਕੀਤੀਆਂ ਤਸਵੀਰਾਂ ਵਿਚ ਸਭ ਤੋਂ ਖਾਸ ਤਸਵੀਰ ਉਹ ਸੀ ਜਿਸ ਵਿਚ ਅਨੁਪਮ ਖੇਰ ਆਪਣੇ ਪਿਆਰੇ ਦੋਸਤ ਸਤੀਸ਼ ਕੌਸ਼ਿਕ ਅਤੇ ਅਨਿਲ ਕਪੂਰ ਨਾਲ ਕੈਮਰੇ ਵੱਲ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਸਤੀਸ਼ ਕੌਸ਼ਿਕ ਦਾ ਮਾਰਚ 2023 ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਖੇਰ ਨੇ ਲਿਖਿਆ ਕਿ ਭਾਵੇਂ ਸਤੀਸ਼ ਅੱਜ ਸਰੀਰਕ ਤੌਰ 'ਤੇ ਉਨ੍ਹਾਂ ਦੇ ਨਾਲ ਨਹੀਂ ਹਨ, ਪਰ ਉਹ ਹਰ ਗੱਲਬਾਤ ਅਤੇ ਯਾਦ ਵਿਚ ਹਮੇਸ਼ਾ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਹਨ।
ਦੋਸਤ ਦੇ ਪਰਿਵਾਰ ਨਾਲ ਨਿਭਾ ਰਹੇ ਹਨ ਰਿਸ਼ਤਾ
ਅਨੁਪਮ ਖੇਰ ਅੱਜ ਵੀ ਆਪਣੇ ਮਰਹੂਮ ਦੋਸਤ ਦੇ ਪਰਿਵਾਰ ਨਾਲ ਨਜ਼ਦੀਕੀ ਸਬੰਧ ਬਣਾਈ ਰੱਖ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਸਤੀਸ਼ ਕੌਸ਼ਿਕ ਦੀ ਪਤਨੀ ਸ਼ਸ਼ੀ ਜੀ ਅਤੇ ਬੇਟੀ ਵੰਸ਼ਿਕਾ ਨਾਲ ਦੁਪਹਿਰ ਦੇ ਖਾਣੇ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਸੀ, ਜਿਸ ਵਿਚ ਉਹ ਵੰਸ਼ਿਕਾ ਨਾਲ 'ਟੰਗ ਟਵਿਸਟਰ' ਖੇਡਦੇ ਨਜ਼ਰ ਆਏ ਸਨ,।
ਆਉਣ ਵਾਲੀ ਫਿਲਮ 'ਤਨਵੀ ਦਿ ਗ੍ਰੇਟ'
ਖੇਰ ਨੇ ਆਪਣੀ ਆਉਣ ਵਾਲੀ ਫਿਲਮ 'ਤਨਵੀ ਦਿ ਗ੍ਰੇਟ' ਬਾਰੇ ਅਪਡੇਟ ਦਿੰਦਿਆਂ ਦੱਸਿਆ ਕਿ ਸ਼ੂਟਿੰਗ ਦਾ 34ਵਾਂ ਦਿਨ ਚੱਲ ਰਿਹਾ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਇਸ ਫਿਲਮ ਵਿਚ ਸਤੀਸ਼ ਕੌਸ਼ਿਕ ਦੁਆਰਾ ਦਿੱਤੇ ਗਏ ਚੰਗੇ ਸੁਝਾਵਾਂ ਨੂੰ ਲਾਗੂ ਕਰ ਰਹੇ ਹਨ ਅਤੇ ਉਨ੍ਹਾਂ ਦੀ ਕਮੀ ਨੂੰ ਬਹੁਤ ਮਹਿਸੂਸ ਕਰ ਰਹੇ ਹਨ।
