ਫ਼ਿਲਮੀ ਪਰਦੇ ''ਤੇ ਦਹਿਸ਼ਤ ਪਾਉਣ ਵਾਲਾ ਅਮਰੀਸ਼ ਪੁਰੀ, ਜਾਣੋ ਫ਼ਰਸ਼ ਤੋਂ ਅਰਸ਼ ਤੱਕ ਦਾ ਸਫ਼ਰ

6/22/2020 11:09:34 AM

ਮੁੰਬਈ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਅਮਰੀਸ਼ ਪੁਰੀ ਨੂੰ ਫ਼ਿਲਮੀ ਪਰਦੇ 'ਤੇ ਐਂਟਰੀ 40 ਸਾਲ ਦੀ ਉਮਰ 'ਚ ਜਾ ਕੇ ਮਿਲੀ ਪਰ ਫਿਰ ਉਨ੍ਹਾਂ ਨੇ ਆਪਣੀ ਸੰਜੀਦਾ ਅਦਾਕਾਰੀ ਤੇ ਦਮਦਾਰ ਨੈਗੇਟਿਵ ਕਿਰਦਾਰਾਂ ਸਦਕਾ ਜਲਦ ਹੀ ਖ਼ੁਦ ਨੂੰ ਬਾਲੀਵੁੱਡ 'ਚ ਪੱਕੇ ਪੈਰੀਂ ਕਰ ਲਿਆ ਸੀ। ਹਿੰਦੀ ਸਿਨੇਮਾ 'ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਇਕ ਤੋਂ ਇਕ ਕਲਾਕਾਰਾਂ ਨਾਲ ਬਾਲੀਵੁੱਡ ਭਰਿਆ ਹੋਇਆ ਹੈ। ਬਹੁਤ ਸਾਰੇ ਕਲਾਕਾਰ ਆਪਣੀ ਅਦਾਕਾਰੀ ਅਤੇ ਬੋਲਣ ਦੇ ਅੰਦਾਜ਼ ਤੋਂ ਹੀ ਪਛਾਣੇ ਜਾਂਦੇ ਹਨ। ਇਸ ਦੇ ਉੱਲਟ ਕੁਝ ਕਲਾਕਾਰ ਇਹੋ ਜਿਹੇ ਹੁੰਦੇ ਹਨ, ਜਿਨ੍ਹਾਂ 'ਚ ਸਰਵ-ਵਿਆਪਕ ਗੁਣ ਹੁੰਦੇ ਹਨ, ਇਹ ਕਹਿਣਾ ਸ਼ਾਇਦ ਗ਼ਲਤ ਨਹੀਂ ਹੋਵੇਗਾ ਉਹ ਗੁਣਾਂ ਦੀ ਖਾਣ ਹੁੰਦੇ ਹਨ। ਅਜਿਹਾ ਹੀ ਇਕ ਬਾਲੀਵੁੱਡ ਦਾ ਦਮਦਾਰ ਖਲਨਾਇਕ ਹੋਇਆ ਹੈ ਅਮਰੀਸ਼ ਪੁਰੀ, ਜਿਸ ਦੇ ਸਕ੍ਰੀਨ 'ਤੇ ਨਜ਼ਰੀ ਆਉਂਦਿਆਂ ਹੀ ਸਿਨੇਮਾ ਹਾਲ 'ਚ ਬੈਠੇ ਦਰਸ਼ਕਾਂ ਦੀ ਨਿਗਾਹਾਂ ਇਕੋਂ ਜਗ੍ਹਾ ਠਹਿਰ ਜਾਂਦੀਆਂ ਸਨ। ਇਸ ਅਦਾਕਾਰ ਨੇ ਆਪਣੀ ਕਲਾ ਦੇ ਦਮ ਤੇ ਬਾਲੀਵੁੱਡ 'ਚ ਚਾਰ ਦਹਾਕੇ (40 ਸਾਲ) ਤਕ ਰਾਜ ਕੀਤਾ। ਭਾਵੇਂ ਉਸ ਦੇ ਭਰਾ ਮਦਨ ਪੁਰੀ ਤੇ ਚਮਨ ਲਾਲ ਪੁਰੀ ਬਾਲੀਵੁੱਡ ਦੇ ਸ਼ੁਰੂਆਤੀ ਸਟਾਰ ਕਲਾਕਾਰ ਸਨ ਪਰ ਅਮਰੀਸ਼ ਨੇ ਆਪਣੀ ਵੱਖਰੀ ਪਛਾਣ ਖ਼ੁਦ ਦੀ ਮਿਹਨਤ ਤੇ ਲਗਨ ਨਾਲ ਬਣਾਈ।
Amrish Puri Play A Positive Role In These Films- Inext Live
ਰੰਗਮੰਚ ਨਾਲ ਜੁੜਨਾ
ਇਸ ਮਹਾਨ ਅਦਾਕਾਰ ਦਾ ਜਨਮ 22 ਜੂਨ 1932 ਨੂੰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ 'ਚ ਹੋਇਆ। ਪਿਤਾ ਦਾ ਨਾਂ ਬਾਲਾ ਨਿਹਾਲ ਸਿੰਘ ਅਤੇ ਮਾਤਾ ਦਾ ਨਾਂ ਵੈਦ ਕੌਰ ਸੀ। ਅਮਰੀਸ਼ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕਰਨ ਉਪਰੰਤ ਉੱਚ ਸਿੱਖਿਆ ਬੀ. ਐੱਸ. ਕਾਲਜ ਸ਼ਿਮਲਾ ਤੋਂ ਹਾਸਲ ਕੀਤੀ। ਪੜ੍ਹਾਈ ਪੂਰੀ ਕਰਨ ਮਗਰੋਂ ਉਹ ਵੀ ਆਪਣੇ ਵੱਡੇ ਭਰਾ ਮਦਨ ਪੁਰੀ ਕੋਲ ਹੀਰੋ ਬਣਨ ਦਾ ਸੁਫ਼ਨਾ ਪੂਰਾ ਕਰਨ ਲਈ ਮੁੰਬਈ ਜਾ ਪਹੁੰਚੇ। ਉੱਥੇ ਪਹੁੰਚ ਕੇ ਉਨ੍ਹਾਂ ਨੇ ਕਈ ਫ਼ਿਲਮਾਂ ਲਈ ਸਕ੍ਰੀਨ ਟੈਸਟ ਦਿੱਤੇ ਪਰ ਹਰ ਵਾਰ ਅਸਫ਼ਲਤਾ ਹੀ ਹੱਥ ਲੱਗੀ। ਫਿਰ ਆਪਣੇ ਨਿੱਜੀ ਖ਼ਰਚ ਪੂਰੇ ਕਰਨ ਲਈ ਅਮਰੀਸ਼ ਨੇ 'ਬੀਮਾ ਵਿਭਾਗ' 'ਚ ਨੌਕਰੀ ਕਰ ਲਈ ਪਰ ਇਸ ਨਾਲ ਹੀ ਅਦਾਕਾਰੀ ਵਾਲੇ ਕੀੜੇ ਨੂੰ ਸ਼ਾਂਤ ਕਰਨ ਲਈ ਉਹ ਥੀਏਟਰ ਨਾਲ ਜੁੜ ਗਿਆ। ਉਨ੍ਹਾਂ ਦੇ ਇਸ ਸਫ਼ਰ ਦੀ ਸ਼ੁਰੂਆਤ 1960 'ਚ ਸਹਿਦੇਵ ਦੂਬੇ ਅਤੇ ਗਰੀਸ਼ ਕਰਨਾਡ ਦੇ ਨਾਟਕਾਂ ਤੋਂ ਹੋਈ। ਅਮਰੀਸ਼ ਪੁਰੀ ਕਾਫ਼ੀ ਸਾਲ ਥੀਏਟਰ ਨਾਲ ਜੁੜੇ ਰਹੇ ਪਰ ਇਸ ਨਾਲ ਹੀ ਉਨ੍ਹਾਂ ਨੇ ਫ਼ਿਲਮਾਂ 'ਚ ਕੰਮ ਕਰਨ ਲਈ ਵੀ ਆਪਣਾ ਸੰਘਰਸ਼ ਜਾਰੀ ਰੱਖਿਆ।
Mogambo Memoirs: Little-Known Stories About the Legendary Amrish Puri
ਫ਼ਿਲਮੀ ਪਰਦੇ 'ਤੇ ਐਂਟਰੀ
1961 'ਚ ਅਮਰੀਸ਼ ਪੁਰੀ ਦੀ 'ਪਦਮ ਵਿਭੂਸ਼ਨ' ਨਾਲ ਸਨਮਾਨਿਤ ਰੰਗਕਰਮੀ ਅਲਕਾਈ ਨਾਲ ਮੁਲਾਕਾਤ ਹੋਈ। ਇਸ ਮੁਲਾਕਾਤ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੀ ਅਦਾਕਾਰੀ 'ਚ ਹੋਰ ਵੀ ਪਰਪੱਕਤਾ ਆਈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਇੰਦਰਾ ਗਾਂਧੀ ਨੇ ਵੀ ਪੁਰੀ ਦੇ ਨਾਟਕ ਵੇਖੇ ਤੇ ਉਨ੍ਹਾਂ ਦੀ ਤਾਰੀਫ਼ ਵੀ ਕੀਤੀ। ਚੰਗੀ ਅਦਾਕਾਰੀ ਸਦਕਾ ਹੀ ਅਮਰੀਸ਼ ਨੂੰ 1979 'ਚ ਭਾਰਤੀ ਸੰਗੀਤ ਅਕੈਡਮੀ ਵੱਲੋਂ ਵਿਸ਼ੇਸ਼ ਪੁਰਸਕਾਰ ਮਿਲਿਆ। ਭਾਵੇਂ ਉਹ ਅਦਾਕਾਰੀ 'ਚ ਪਰਪੱਕ ਹੋ ਗਿਆ ਸੀ ਪਰ ਉਨ੍ਹਾਂ ਨੂੰ ਫ਼ਿਲਮਾਂ 'ਚ ਦਾਖ਼ਲਾ ਫਿਰ ਵੀ ਨਹੀਂ ਸੀ ਮਿਲ ਰਿਹਾ। ਆਖ਼ਰ ਸਾਲ 1971 ਵਿਚ ਉਨ੍ਹਾਂ ਦਾ ਫ਼ਿਲਮਾਂ ਕਰਨ ਵਾਲਾ ਸੁਫ਼ਨਾ ਸਾਕਾਰ ਹੋ ਹੀ ਗਿਆ। ਉਸ ਸਮੇਂ ਅਮਰੀਸ਼ ਪੁਰੀ ਦੀ ਉਮਰ 40 ਸਾਲ ਦੇ ਕਰੀਬ ਸੀ। ਫ਼ਿਲਮ 'ਰੇਸ਼ਮਾ ਔਰ ਸ਼ੇਰਾ' ਨਾਲ ਉਨ੍ਹਾਂ ਨੇ ਸਿਲਵਰ ਸਕ੍ਰੀਨ 'ਤੇ ਬਤੌਰ ਖਲਨਾਇਕ ਦਮਦਾਰ ਐਂਟਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਨਹੀਂ ਵੇਖਿਆ ਤੇ ਇਕ ਤੋਂ ਇਕ ਫਿਲਮ 'ਚ ਦਮਦਾਰ ਕਿਰਦਾਰ ਨਿਭਾਇਆ। 'ਨਿਸ਼ਾਂਤ', 'ਭੂਮਿਕਾ', 'ਮੰਥਨ', 'ਨਸੀਬ', 'ਵਿਜੇਤਾ', 'ਗਹਿਰਾਈ', 'ਸ਼ਕਤੀ', 'ਹੀਰੋ', 'ਅੰਧਾ ਕਾਨੂੰਨ', 'ਮੇਰੀ ਜੰਗ', 'ਨਗੀਨਾ', 'ਦਾਮਿਨੀ', 'ਵਾਰਿਸ', 'ਚੰਨ ਪ੍ਰਦੇਸੀ' (ਪੰਜਾਬੀ ਫ਼ਿਲਮ), 'ਮਿਸਟਰ ਇੰਡੀਆ', 'ਕੋਇਲਾ', 'ਘਾਇਲ', 'ਅਜੂਬਾ', 'ਸੌਦਾਗਰ', 'ਤਹਿਲਕਾ', 'ਆਜ ਕਾ ਅਰਜੁਨ', 'ਨਾਗਿਨ', 'ਤ੍ਰਿਦੇਵ', 'ਦੀਵਿਆ ਸ਼ਕਤੀ', 'ਸੌਦਾਗਰ', 'ਵਾਰਿਸ', 'ਕਰਨ ਅਰਜੁਨ', 'ਰਾਮ ਲਖਨ', 'ਫੂਲ ਔਰ ਕਾਂਟੇ', 'ਨਾਈਕ', 'ਤਹਿਲਕਾ', 'ਗਦਰ' ਆਦਿ ਸਮੇਤ ਉਨ੍ਹਾਂ ਨੇ 400 ਦੇ ਕਰੀਬ ਫ਼ਿਲਮਾਂ 'ਚ ਆਪਣੀ ਕਲਾ ਦਾ ਲੋਹਾ ਮਨਵਾਇਆ।
Remembering Amrish Puri - The OG Villain Of Bollywood Films ...
ਜ਼ਿਕਰਯੋਗ ਹੈ ਕਿ ਭਾਵੇਂ ਉਨ੍ਹਾਂ ਨੇ ਜ਼ਿਆਦਾਤਰ ਨੈਗੇਟਿਵ ਕਿਰਦਾਰ ਹੀ ਨਿਭਾਏ ਪਰ 'ਸਾਵਣ ਕੋ ਆਨੇ ਦੋ', 'ਜਗੀਰਦਾਰ', 'ਜਾਲ ਦੀ ਟ੍ਰੈਪ', 'ਗਰਦਿਸ਼', 'ਸਧਾਰਨ ਸਿਪਾਹੀ', 'ਬਾਦਲ' 'ਘਾਤਿਕ' ਆਦਿ ਫ਼ਿਲਮਾਂ 'ਚ ਉਨ੍ਹਾਂ ਨੇ ਇਮਾਨਦਾਰ ਪੁਲਿਸ ਅਫਸਰ ਤੇ ਆਦਰਸ਼ ਪਿਤਾ ਦਾ ਕਿਰਦਾਰ ਵੀ ਬਾਖ਼ੂਬੀ ਨਿਭਾਇਆ।
Remembering Amrish Puri's top four timeless movies on his 15th ...
ਕਈ ਭਾਸ਼ਾਵਾਂ ਦੀਆਂ ਕੀਤੀਆਂ ਫਿਲਮਾਂ
ਅਮਰੀਸ਼ ਪੁਰੀ ਨੇ ਇੰਟਰਨੈਸ਼ਨਲ ਫ਼ਿਲਮ 'ਗਾਂਧੀ' 'ਚ ਅਹਿਮ ਕਿਰਦਾਰ ਨਿਭਾਇਆ ਹੈ। ਇਸ ਮਹਾਨ ਅਦਾਕਾਰ ਨੇ ਹਿੰਦੀ ਤੋਂ ਇਲਾਵਾ ਪੰਜਾਬੀ, ਮਲਿਆਲਮ, ਤੇਲੁਗੂ, ਤਾਮਿਲ ਆਦਿ ਭਾਸ਼ਾਵਾਂ ਦੀ ਫ਼ਿਲਮਾਂ 'ਚ ਵੀ ਆਪਣੀ ਕਲਾ ਦੇ ਜੌਹਰ ਵਿਖਾਏ। ਕਦੀ ਸਮਾਂ ਸੀ ਜਦ ਬਾਲੀਵੁੱਡ 'ਚ ਕਲਾਤਮਿਕ ਫਿਲਮਾਂ ਦਰਸ਼ਕਾਂ ਦੀ ਪਹਿਲੀ ਪਸੰਦ ਹੁੰਦੀਆਂ ਸਨ। ਫਿਰ ਸਮੇਂ ਨੇ ਕਰਵੱਟ ਬਦਲੀ ਤਾਂ ਇਨ੍ਹਾਂ ਫ਼ਿਲਮਾਂ ਦਾ ਦੌਰ ਖ਼ਤਮ ਹੋ ਗਿਆ। ਅਮਰੀਸ਼ ਪੁਰੀ ਨੇ ਵੀ ਕੁਝ ਕਲਾਤਮਿਕ ਫ਼ਿਲਮਾਂ 'ਚ ਸ਼ਾਨਦਾਰ ਕਿਰਦਾਰ ਨਿਭਾਏ ਹਨ। ਟੀ. ਵੀ. ਸੀਰੀਅਲ 'ਤਪਸ਼' 'ਚ ਉਨ੍ਹਾਂ ਨੇ ਸਰਦਾਰ ਵਿਅਕਤੀ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ। ਸੁਪਰਹਿੱਟ ਪੰਜਾਬੀ ਫ਼ਿਲਮ 'ਚੰਨ ਪ੍ਰਦੇਸੀ' 'ਚ ਉਨ੍ਹਾਂ ਨੇ ਰਾਜ ਬੱਬਰ ਦੇ ਪਿਤਾ ਦੀ ਦਿਲਚਸਪ ਭੂਮਿਕਾ ਨਿਭਾਈ। ਅਮਰੀਸ਼ ਪੁਰੀ ਦੀ ਕਲਾ ਦੀ ਅਸਲ ਸਿਖ਼ਰ ਫਿਲਮ 'ਮਿਸਟਰ ਇੰਡੀਆ' ਬਣੀ। ਇਸ ਫ਼ਿਲਮ 'ਚ ਉਨ੍ਹਾਂ ਵੱਲੋਂ ਬੋਲਿਆ ਡਾਇਲਾਗ 'ਮਗੈਂਬੋ ਖ਼ੁਸ਼ ਹੋਇਆ' ਤਾਂ ਬੱਚੇ-ਬੱਚੇ ਦੀ ਜ਼ੁਬਾਨ 'ਤੇ ਸੀ।
Amrish Puri, Bollywood's 'Mogambo' who was more than just an ...
ਸੰਸਾਰ ਨੂੰ ਅਲਵਿਦਾ
ਅਮਰੀਸ਼ ਪੁਰੀ ਨੇ ਲਗਭਗ ਹਰ ਪੀੜ੍ਹੀ ਦੇ ਸਟਾਰ ਕਲਾਕਾਰ ਨਾਲ ਫ਼ਿਲਮਾਂ ਕੀਤੀਆਂ ਜਿਵੇਂ ਦਲੀਪ ਕੁਮਾਰ, ਰਾਜ ਕੁਮਾਰ, ਧਰਮਿੰਦਰ, ਰਾਜ ਬੱਬਰ, ਗੁਲਸ਼ਨ ਗਰੋਵਰ, ਕਾਦਰ ਖ਼ਾਨ, ਸ਼ਕਤੀ ਕਪੂਰ, ਪ੍ਰੇਮ ਚੋਪੜਾ, ਅਨਿਲ ਕਪੂਰ, ਸਲਮਾਨ ਖਾਨ, ਆਮਿਰ ਖ਼ਾਨ, ਸ਼ਾਹਰੁਖ ਖ਼ਾਨ, ਸੰਨੀ ਦਿਓਲ, ਬੌਬੀ ਦਿਓਲ ਆਦਿ। ਸੰਨੀ ਦਿਓਲ ਨਾਲ ਤਾਂ ਉਨ੍ਹਾਂ ਦੀ ਅਦਾਕਾਰੀ ਵੇਖਣ ਵਾਲੀ ਰਹੀ। ਇਸ ਮਹਾਨ ਅਦਾਕਾਰ ਨੂੰ ਬ੍ਰੇਨ ਟਿਊਮਰ ਹੋ ਗਿਆ ਸੀ। ਆਖ਼ਿਰ 12 ਫਰਵਰੀ 2005 'ਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ। ਅਮਰੀਸ਼ ਪੁਰੀ ਦੀ ਆਖ਼ਰੀ ਫ਼ਿਲਮ 'ਕਿਸ਼ਨਾ' ਉਸ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ। ਜਦੋਂ ਵੀ ਬਾਲੀਵੁੱਡ ਦੇ ਇਤਿਹਾਸ ਬਾਰੇ ਚਰਚਾ ਛਿੜੇਗੀ ਉਦੋਂ ਅਮਰੀਸ਼ ਪੁਰੀ ਦੇ ਨਿਭਾਏ ਕਿਰਦਾਰ ਤੇ ਉਨ੍ਹਾਂ ਦੀ ਪ੍ਰਤਿਭਾ ਦਾ ਜ਼ਿਕਰ ਜ਼ਰੂਰ ਹੋਵੇਗਾ।
Amrish Puri birthday special 5 iconic performances of the ...


sunita

Content Editor sunita