ਐਮੀ ਵਿਰਕ ਨੇ ਪੰਜਾਬੀ ਸਿਨੇਮਾ 'ਚ ਪੂਰੇ ਕੀਤੇ 10 ਸਾਲ

Thursday, Jul 31, 2025 - 02:16 PM (IST)

ਐਮੀ ਵਿਰਕ ਨੇ ਪੰਜਾਬੀ ਸਿਨੇਮਾ 'ਚ ਪੂਰੇ ਕੀਤੇ 10 ਸਾਲ

ਐਂਟਰਟੇਨਮੈਂਟ ਡੈਸਕ - ਗਾਇਕ ਅਤੇ ਅਦਾਕਾਰਾ ਐਮੀ ਵਿਰਕ ਅੱਜ ਯਾਨੀ 31 ਜੁਲਾਈ 2025 ਨੂੰ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੇ 10 ਸਾਲ ਪੂਰੇ ਕਰ ਰਹੇ ਹਨ। 2015 ਵਿੱਚ ਆਈ ਫ਼ਿਲਮ ‘ਅੰਗਰੇਜ’ ਰਾਹੀਂ ਹਾਕਮ ਦੇ ਕਿਰਦਾਰ ਨਾਲ ਕੀਤੀ ਸ਼ੁਰੂਆਤ ਨੇ ਉਨ੍ਹਾਂ ਨੂੰ ਤੁਰੰਤ ਹੀ ਪ੍ਰਸਿੱਧੀ ਦਿਵਾਈ। ਇਸ ਭੂਮਿਕਾ ਲਈ ਉਨ੍ਹਾਂ ਨੂੰ ਪੀ.ਟੀ.ਸੀ. ਬੈਸਟ ਡੈਬਿਊ ਐਕਟਰ ਦਾ ਐਵਾਰਡ ਵੀ ਮਿਲਿਆ, ਜੋ ਉਨ੍ਹਾਂ ਦੇ ਕਰੀਅਰ ਦੀ ਉਡਾਣ ਦੀ ਸ਼ੁਰੂਆਤ ਸੀ।

PunjabKesari

ਪਿਛਲੇ ਦਹਾਕੇ ਦੌਰਾਨ, ਐਮੀ ਵਿਰਕ ਨੇ 'ਬੰਬੂਕਾਟ', 'ਕਿਸਮਤ', 'ਨਿੱਕਾ ਜੈਲਦਾਰ' ਵਰਗੀਆਂ ਕਈ ਹਿੱਟ ਫ਼ਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਅਭਿਨੇਤਾ ਦੇ ਨਾਲ-ਨਾਲ, ਐਮੀ ਵਿਰਕ ਨੇ ਗਾਇਕ ਅਤੇ ਨਿਰਮਾਤਾ ਵਜੋਂ ਵੀ ਆਪਣਾ ਨਾਮ ਚਮਕਾਇਆ ਹੈ। ਉਨ੍ਹਾਂ ਦੇ ਗੀਤਾਂ ਨੇ ਦੁਨੀਆ ਭਰ ਵਿਚ ਲੋਕਪ੍ਰਿਯਤਾ ਹਾਸਲ ਕੀਤੀ ਹੈ, ਜਦੋਂਕਿ ਉਨ੍ਹਾਂ ਦੀ ਨਿਰਮਾਤਾ ਵਜੋਂ ਕੀਤੀ ਯਾਤਰਾ ਨੇ ਨਵੇਂ ਤੇ ਅਸਲ ਪੰਜਾਬੀ ਕਹਾਣੀਆਂ ਨੂੰ ਪੇਸ਼ ਕਰਨ ਦਾ ਮੰਚ ਤਿਆਰ ਕੀਤਾ।

ਐਮੀ ਵਿਰਕ ਨੇ ਹੌਲੀ-ਹੌਲੀ ਬਾਲੀਵੁੱਡ ਵਿਚ ਵੀ ਆਪਣੀ ਪਕੜ ਬਣਾਈ ਹੈ। 'ਭੁਜ: ਦਿ ਪ੍ਰਾਈਡ ਆਫ ਇੰਡੀਆ', '83', 'ਬੈਡ ਨਿਊਜ਼' ਅਤੇ 'ਖੇਲ ਖੇਲ ਵਿੱਚ' ਵਰਗੀਆਂ ਫ਼ਿਲਮਾਂ ਵਿੱਚ ਉਨ੍ਹਾਂ ਦੇ ਕਿਰਦਾਰਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਜ਼ਾਨਰ ਜਾਂ ਭਾਸ਼ਾ ਵਿੱਚ ਆਪਣਾ ਲੋਹਾ ਮਨਵਾ ਸਕਦੇ ਹਨ। ਉਨ੍ਹਾਂ ਦੀ ਇਹ ਯਾਤਰਾ ਪੰਜਾਬੀ ਕਲਾਕਾਰਾਂ ਦੀ ਹਿੰਦੀ ਸਿਨੇਮਾ ਵਿੱਚ ਵੱਧ ਰਹੀ ਪਹੁੰਚ ਦੀ ਨਿਸ਼ਾਨੀ ਹੈ। ਉਨ੍ਹਾਂ ਦੀ ਇਹ 10 ਸਾਲਾਂ ਦੀ ਯਾਤਰਾ ਕਲਾਤਮਕ ਹੁਨਰ, ਦੂਰਦਰਸ਼ਿਤਾ ਅਤੇ ਦਰਸ਼ਕਾਂ ਪ੍ਰਤੀ ਸਮਰਪਣ ਦੀ ਵਖਰੀ ਮਿਸਾਲ ਹੈ, ਜੋ ਉਨ੍ਹਾਂ ਨੂੰ ਰੀਜ਼ਨਲ ਤੋਂ ਲੈ ਕੇ ਨੈਸ਼ਨਲ ਮਨੋਰੰਜਨ ਦੀ ਦੁਨੀਆ ਤੱਕ ਇੱਕ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ।


author

cherry

Content Editor

Related News