ਅੰਬਾਨੀਆਂ ਦੇ ਫੰਕਸ਼ਨ ''ਚ ਅਮਿਤਾਭ ਬੱਚਨ ਨਾਲ ਡੋਨਾਲਡ ਟਰੰਪ ਦੀ ਧੀ ਇਵਾਂਕਾ ਨੇ ਕੀਤੀ ਖ਼ਾਸ ਮੁਲਾਕਾਤ (ਵੀਡੀਓ)

Monday, Mar 04, 2024 - 06:27 PM (IST)

ਅੰਬਾਨੀਆਂ ਦੇ ਫੰਕਸ਼ਨ ''ਚ ਅਮਿਤਾਭ ਬੱਚਨ ਨਾਲ ਡੋਨਾਲਡ ਟਰੰਪ ਦੀ ਧੀ ਇਵਾਂਕਾ ਨੇ ਕੀਤੀ ਖ਼ਾਸ ਮੁਲਾਕਾਤ (ਵੀਡੀਓ)

ਮੁੰਬਈ/ਜਾਮਨਗਰ : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ 'ਚ ਸ਼ਾਮਲ ਹੋਣ ਲਈ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ। ਅੰਬਾਨੀਆਂ ਦੇ ਇਸ ਫੰਕਸ਼ਨ 'ਚ ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਆਪਣੇ ਪਰਿਵਾਰ ਨਾਲ ਪਹੁੰਚੀ ਸੀ। ਉਹ 1 ਮਾਰਚ ਨੂੰ ਆਪਣੇ ਪਰਿਵਾਰ ਨਾਲ ਗੁਜਰਾਤ ਦੇ ਜਾਮਨਗਰ ਪਹੁੰਚੀ ਸੀ। 

ਤੀਜੇ ਦਿਨ ਜਾਮਨਗਰ ਪਹੁੰਚੇ ਅਮਿਤਾਭ
ਜਸ਼ਨਾਂ ਦੇ ਤੀਜੇ ਦਿਨ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ, ਸੰਜੇ ਦੱਤ, ਦੱਖਣ ਭਾਰਤੀ ਫ਼ਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਅਤੇ ਸੇਨੇਗਾਲੀ-ਅਮਰੀਕੀ ਗਾਇਕ ਏਕੋਨ ਗੁਜਰਾਤ ਪਹੁੰਚੇ। ਤਿੰਨ ਦਿਨਾਂ ਪ੍ਰੀ-ਵੈਡਿੰਗ ਸਮਾਰੋਹ 1 ਮਾਰਚ ਨੂੰ ਸ਼ੁਰੂ ਹੋਇਆ ਸੀ, ਜਿਸ 'ਚ ਮਨੋਰੰਜਨ, ਉਦਯੋਗ, ਰਾਜਨੀਤੀ ਅਤੇ ਖੇਡਾਂ ਦੇ ਖੇਤਰਾਂ ਦੇ ਦਿੱਗਜ ਕਲਾਕਾਰ ਸ਼ਾਮਲ ਹੋਣ ਲਈ ਗੁਜਰਾਤ ਪਹੁੰਚੇ ਸਨ। ਜਸ਼ਨ ਦੇ ਆਖਰੀ ਦਿਨ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਧੀ ਸ਼ਵੇਤਾ ਬੱਚਨ ਸੰਜੇ ਦੱਤ ਨਾਲ ਜਾਮਨਗਰ ਪਹੁੰਚੇ।

ਅਮਿਤਾਭ ਨੇ ਇਵਾਂਕਾ ਟਰੰਪ ਨਾਲ ਮਿਲਾਇਆ ਹੱਥ, ਪੁੱਛਿਆ ਹਾਲ-ਚਾਲ
ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਮੁਕੇਸ਼ ਅੰਬਾਨੀ ਅਮਿਤਾਭ ਨਾਲ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੂੰ ਮਿਲਵਾਉਂਦੇ ਹਨ। ਅਮਿਤਾਭ ਬੱਚਨ ਨੇ ਇਵਾਂਕਾ ਨਾਲ ਹੱਥ ਮਿਲਾਇਆ ਅਤੇ ਉਸ ਦਾ ਹਾਲ-ਚਾਲ ਪੁੱਛਿਆ। ਇਸ ਤੋਂ ਬਾਅਦ ਮੁਕੇਸ਼ ਅੰਬਾਨੀ ਨੇ ਟਰੰਪ ਦੀ ਧੀ ਨੂੰ ਅਭਿਸ਼ੇਕ ਬੱਚਨ ਨਾਲ ਵੀ ਮਿਲਾਇਆ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਦੇ ਨਾਲ ਪਤਨੀ ਜਯਾ, ਬੇਟਾ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਬੱਚਨ ਅਤੇ ਪੋਤੀ ਆਰਾਧਿਆ ਬੱਚਨ ਵੀ ਸਨ। ਬਿੱਗ ਬੀ ਨੇ ਇਸ ਸੈਲੀਬ੍ਰੇਸ਼ਨ ਨੂੰ ਲੈ ਕੇ ਆਪਣਾ ਅਨੁਭਵ ਦੱਸਿਆ। ਉਸ ਨੇ ਕਿਹਾ ਹੈ ਕਿ ਉਸ ਨੇ ਇਸ ਤਰ੍ਹਾਂ ਦੀਆਂ ਸ਼ਾਨਦਾਰ ਚੀਜ਼ਾਂ ਪਹਿਲਾਂ ਕਦੇ ਨਹੀਂ ਦੇਖੀਆਂ ਸਨ।
ਅਭਿਨੇਤਾ ਨੇ ਆਪਣੇ ਬਲਾਗ 'ਚ ਲਿਖਿਆ- ਐਤਵਾਰ ਨੂੰ ਸਾਡੇ ਜਲਸੇ ਦੇ ਦਰਵਾਜ਼ੇ ਨਹੀਂ ਖੁੱਲ੍ਹੇ ਪਰ ਵਿਆਹ ਦੇ ਦਰਵਾਜ਼ੇ ਜ਼ਰੂਰ ਖੁੱਲ੍ਹੇ ਹਨ। ਵਿਆਹ ਦੇ ਸਥਾਨ ਤੋਂ ਲੈ ਕੇ ਹਰ ਚੀਜ਼ ਨੂੰ ਦੇਖਦੇ ਹੋਏ, ਸਾਡਾ ਕਹਿਣਾ ਹੈ ਕਿ ਅਸੀਂ ਪਹਿਲਾਂ ਕਦੇ ਅਜਿਹਾ ਅਨੁਭਵ ਨਹੀਂ ਕੀਤਾ ਸੀ, ਹਰ ਸੀਨ ਅਦਭੁਤ ਸੀ।  ਅਮਿਤਾਭ ਨੇ ਅੱਗੇ ਲਿਖਿਆ, 'ਸ਼ਲੋਕਾਂ ਦੀ ਮਹਿਮਾ ਅਤੇ ਮੰਤਰਾਂ ਦੇ ਜਾਪ ਨੇ ਪੂਰੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ ਸੀ।'

ਪੰਜਾਬੀ ਰੰਗ 'ਚ ਰੰਗੀ ਟਰੰਪ ਦੀ ਧੀ ਤੇ ਦੋਹਤੀ
ਦਰਅਸਲ ਟਰੰਪ ਦੀ ਧੀ ਅਤੇ ਦੋਹਤੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਦੋਵਾਂ ਨੂੰ ਭਾਰਤੀ ਪਹਿਰਾਵੇ 'ਚ ਦੇਖਿਆ ਜਾ ਸਕਦਾ ਹੈ। 1 ਤੋਂ 3 ਮਾਰਚ ਦੇ ਪ੍ਰੀ-ਵੈਡਿੰਗ ਦੇ ਜਸ਼ਨਾਂ ਦੇ ਤੀਜੇ ਦਿਨ ਇਵਾਂਕਾ ਟਰੰਪ ਹਰੇ ਰੰਗ ਦੇ ਲਹਿੰਗਾ ਚੋਲੀ 'ਚ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਦੀ ਧੀ ਨੇ ਵੀ ਪੀਲੇ ਰੰਗ ਦਾ ਲਹਿੰਗਾ ਚੋਲੀ ਪਾਇਆ ਹੋਇਆ ਸੀ। ਇਸ ਵੀਡੀਓ 'ਚ ਇਵਾਂਕਾ ਟਰੰਪ ਆਪਣੀ ਧੀ ਨਾਲ ਝੂਲੇ 'ਤੇ ਨਜ਼ਰ ਆ ਰਹੀ ਹੈ। ਭਾਰਤੀ ਪਹਿਰਾਵੇ ਵਿਚ ਦੋਵੇਂ ਬਹੁਤ ਹੀ ਖ਼ੂਬਸੂਰਤ ਲੱਗ ਰਹੀਆਂ ਸਨ। ਪਹਿਲੀ ਦਿਨ ਇਵਾਂਕਾ ਨੇ ਗੋਲਡਨ ਅਤੇ ਸਿਲਵਰ ਰੰਗ ਦੀ ਸਾੜ੍ਹੀ ਪਾਈ ਸੀ, ਜਦੋਂ ਕਿ ਦੂਜੇ ਦਿਨ ਚਿੱਟੇ ਰੰਗ ਦੇ ਲਹਿੰਗਾ ਚੋਲੀ ਵਿਚ ਨਜ਼ਰ ਆਈ ਸੀ। ਇੱਥੇ ਦੱਸ ਦੇਈਏ ਕਿ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾ ਸਭ ਤੋਂ ਛੋਟਾ ਬੇਟਾ ਅਨੰਤ ਅੰਬਾਨੀ ਜਲਦੀ ਹੀ ਉਦਯੋਗਪਤੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਤਿੰਨ ਦਿਨਾਂ ਪ੍ਰੀ-ਵੈਡਿੰਗ ਜਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਜਾਮਨਗਰ 'ਚ ਵਿਸ਼ਾਲ ਅੰਬਾਨੀ ਅਸਟੇਟ ਵਿੱਚ ਮਨੋਰੰਜਨ ਅਤੇ ਕਾਰੋਬਾਰ ਦੀ ਦੁਨੀਆ ਦੇ ਕੁਝ ਵੱਡੇ ਨਾਵਾਂ ਦੇ ਨਾਲ ਹੋਈ ਸੀ।


author

sunita

Content Editor

Related News