''ਪੁਸ਼ਪਾ'' ਫੇਮ ਅੱਲੂ ਅਰਜੁਨ ਦੀਆਂ ਵਧੀਆਂ ਮੁਸ਼ਕਲਾਂ, ਅਭਿਨੇਤਾ ਖਿਲਾਫ ਦਰਜ ਹੋਇਆ ਮਾਮਲਾ
Thursday, Dec 05, 2024 - 11:17 PM (IST)
ਐਂਟਰਟੇਨਮੈਂਟ ਡੈਸਕ- ਹੈਦਰਾਬਾਦ 'ਚ ਫਿਲਮ ਪੁਸ਼ਪਾ-2 ਦੀ ਸਕ੍ਰੀਨਿੰਗ ਦੌਰਾਨ ਭਾਜੜ ਪੈਣ ਕਾਰਨ ਇਕ ਔਰਤ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਅਭਿਨੇਤਾ ਅੱਲੂ ਅਰਜੁਨ, ਥੀਏਟਰ ਅਤੇ ਸੁਰੱਖਿਆ ਏਜੰਸੀ ਦੇ ਖਿਲਾਫ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਹੈ।
ਦਰਅਸਲ, ਅੱਲੂ ਅਰਜੁਨ ਬੁੱਧਵਾਰ ਰਾਤ ਬਿਨਾਂ ਦੱਸੇ ਸੰਧਿਆ ਥਿਏਟਰ 'ਚ ਫਿਲਮ ਦੀ ਸਕਰੀਨਿੰਗ ਲਈ ਆਏ ਸਨ। ਥਿਏਟਰ ਦੇ ਬਾਹਰ ਇਕੱਠੇ ਹੋਏ ਫੈਨਜ਼ ਅੱਲੂ ਅਰਜੁਨ ਨੂੰ ਮਿਲਣ ਲਈ ਉਤਾਵਲੇ ਹੋ ਗਏ। ਵੱਡੀ ਗਿਣਤੀ 'ਚ ਫੈਨਜ਼ ਨੇ ਉਨ੍ਹਾਂ ਦੇ ਨਾਲ ਥਿਏਟਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸਦੇ ਚਲਦੇ ਥਿਏਟਰ 'ਚ ਭਾਰੀ ਭੀੜ ਜਮ੍ਹਾ ਹੋ ਗਏ। ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੋਣ ਲੱਗੀ।
ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਹਲਕਾ ਲਾਠੀਚਾਰਜ ਕੀਤਾ। ਭੀੜ ਘੱਟ ਹੋਣ ਤੋਂ ਬਾਅਦ ਦਮ ਘੁਟਣ ਕਾਰਨ ਬੇਹੋਸ਼ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਡਾਕਟਰ ਨੇ ਇਕ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਤਿੰਨ ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 105 (ਗੈਰ-ਇਰਾਦਤਨ ਕਤਲ) ਅਤੇ 118 (1) (ਜਾਣਬੁੱਝ ਕੇ ਸੱਟ ਪਹੁੰਚਾਉਣ) ਦੇ ਤਹਿਤ ਅੱਲੂ ਅਰਜੁਨ, ਉਸ ਦੀ ਸੁਰੱਖਿਆ ਟੀਮ ਅਤੇ ਥਿਏਟਰ ਪ੍ਰਬੰਧਕਾਂ ਖਿਲਾਫ ਚਿੱਕੜਪੱਲੀ ਥਾਣੇ 'ਚ ਮਾਮਲਾ ਦਰਜ ਕੀਤਾ ਹੈ।