ਅਕਸ਼ੇ ਕੁਮਾਰ ਨੂੰ ਰਿਪੋਰਟਰ ਨੇ ਪੁੱਛਿਆ ‘ਪ੍ਰਿਥਵੀਰਾਜ’ ਦਾ ਜਨਮ ਸਥਾਨ, ਅੱਗੋਂ ਮਿਲਿਆ ਇਹ ਜਵਾਬ

Wednesday, May 11, 2022 - 10:31 AM (IST)

ਅਕਸ਼ੇ ਕੁਮਾਰ ਨੂੰ ਰਿਪੋਰਟਰ ਨੇ ਪੁੱਛਿਆ ‘ਪ੍ਰਿਥਵੀਰਾਜ’ ਦਾ ਜਨਮ ਸਥਾਨ, ਅੱਗੋਂ ਮਿਲਿਆ ਇਹ ਜਵਾਬ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਸਟਾਰਰ ਫ਼ਿਲਮ ‘ਪ੍ਰਿਥਵੀਰਾਜ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਇਸ ਦੇ ਕਾਫੀ ਚਰਚੇ ਹਨ। ਫ਼ਿਲਮ ’ਚ ਉਹ ਸਮਰਾਟ ਪ੍ਰਿਥਵੀਰਾਜ ਦੇ ਕਿਰਦਾਰ ’ਚ ਹਨ ਤੇ ਮਾਨੁਸ਼ੀ ਛਿੱਲਰ ਸੰਯੋਗਿਤਾ ਦੇ ਕਿਰਦਾਰ ’ਚ ਨਜ਼ਰ ਆਵੇਗੀ। ਟਰੇਲਰ ਲਾਂਚ ਇਵੈਂਟ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ।

ਇਨ੍ਹਾਂ ’ਚ ਅਕਸ਼ੇ ਕੁਮਾਰ ਨੂੰ ਇਮੋਸ਼ਨਲ ਹੁੰਦੇ ਦੇਖਿਆ ਗਿਆ। ਉਨ੍ਹਾਂ ਨੇ ਫ਼ਿਲਮ ਦੀ ਤਾਰੀਫ਼ ’ਚ ਕਿਹਾ ਕਿ ਇਹ ਐਜੂਕੇਸ਼ਨਲ ਫ਼ਿਲਮ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਵਿਦਿਆਰਥੀਆਂ ਲਈ ਜ਼ਰੂਰੀ ਕਰ ਦੇਣ। ਟਰੇਲਰ ਲਾਂਚ ਦੌਰਾਨ ਅਕਸ਼ੇ ਕੁਮਾਰ ਤੋਂ ਇਕ ਰਿਪੋਰਟਰ ਨੇ ਸਵਾਲ ਕੀਤਾ ਕਿ ਪ੍ਰਿਥਵੀਰਾਜ ਗੁਜਰਾਤ ਤੋਂ ਸਨ ਜਾਂ ਰਾਜਸਥਾਨ ਤੋਂ?

ਇਸ ’ਤੇ ਅਕਸ਼ੇ ਕੁਮਾਰ ਨੇ ਤੁਰੰਤ ਜਵਾਬ ਦਿੱਤਾ, ਮਾਇਨੇ ਸਿਰਫ ਇਹ ਰੱਖਦਾ ਹੈ ਕਿ ਪ੍ਰਿਥਵੀਰਾਜ ਚੌਹਾਨ ਭਾਰਤ ਤੋਂ ਸਨ। ਅਕਸ਼ੇ ਕੁਮਾਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸਮਰਾਟ ਪ੍ਰਿਥਵੀਰਾਜ ਚੌਹਾਨ ਹਿੰਦੁਸਤਾਨ ਤੋਂ ਸਨ। ਉਹ ਹਿੰਦੁਸਤਾਨ ਤੋਂ ਸਨ ਤੇ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਇਹ ਸਭ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਹਨ। ਉਹ ਹਿੰਦੁਸਤਾਨ ਤੋਂ ਸਨ, ਭਾਵੇਂ ਹੀ ਕਿਤੇ ਵੀ ਰਹਿੰਦੇ ਹੋਣ। ਉਹ ਭਾਰਤ ਮਾਤਾ ਦੇ ਪੁੱਤਰ ਸਨ, ਬਸ ਇਹੀ ਅਹਿਮ ਹੈ।’’

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਸੌਂਕਣ ਸੌਂਕਣੇ' ਦਾ ਗੀਤ 'ਟੌਰ੍ਹ ਸਰਦਾਰ ਸਾਬ ਦੀ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਨੱਚਣ ਲਈ ਕਰ ਰਿਹਾ ਮਜਬੂਰ

ਫ਼ਿਲਮ ‘ਪ੍ਰਿਥਵੀਰਾਜ’ ਦੇ ਡਾਇਰੈਕਟਰ ਚੰਦਰਪ੍ਰਕਾਸ਼ ਦਿਵੇਦੀ ਹਨ ਤੇ ਯਸ਼ਰਾਜ ਪ੍ਰੋਡਕਸ਼ਨ ’ਚ ਬਣ ਰਹੀ ਹੈ। ਫ਼ਿਲਮ ਪ੍ਰਿਥਵੀਰਾਜ ਰਾਸੋ ’ਤੇ ਆਧਾਰਿਤ ਹੈ। ਟਰੇਲਰ ਲਾਂਚ ਇਵੈਂਟ ’ਤੇ ਅਕਸ਼ੇ ਕੁਮਾਰ ਨੇ ਕਿਹਾ, ‘‘ਡਾਕਟਰ ਸਾਹਿਬ (ਫ਼ਿਲਮ ਦੇ ਡਾਇਰੈਕਟਰ) ਨੇ ਮੈਨੂੰ ਪ੍ਰਿਥਵੀਰਾਜ ਰਾਸੋ ਪੜ੍ਹਨ ਲਈ ਕਿਹਾ ਤੇ ਕਿਹਾ ਕਿ ਹੌਲੀ-ਹੌਲੀ ਪੜ੍ਹਨਾ। ਪੜ੍ਹਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਸਮਰਾਟ ਪ੍ਰਿਥਵੀਰਾਜ ਚੌਹਾਨ ਕਿੰਨੇ ਮਹਾਨ ਯੌਧਾ ਸਨ। ਜਦੋਂ ਅਸੀਂ ਇਤਿਹਾਸ ਦੀਆਂ ਕਿਤਾਬਾਂ ’ਚ ਪੜ੍ਹਦੇ ਹਾਂ ਤਾਂ ਉਨ੍ਹਾਂ ਬਾਰੇ ਇਕ ਪੈਰਾ ਹੀ ਹੁੰਦਾ ਹੈ।’’

ਇਸ ਦੇ ਨਾਲ ਹੀ ਅਕਸ਼ੇ ਕੁਮਾਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਡੇ ਦੇਸ਼ ਦਾ ਹੀ ਨਹੀਂ, ਸਗੋਂ ਦੁਨੀਆ ਭਰ ਦਾ ਹਰ ਬੱਚਾ ਇਸ ਨੂੰ ਦੇਖੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News