ਇਸ ਮਾਮਲੇ ''ਚ ਅਕਸ਼ੈ ਕੁਮਾਰ ਫਿਰੇ ਆਪਣੀ ਜ਼ੁਬਾਨ ਤੋਂ, ਸੋਸ਼ਲ ਮੀਡੀਆ ''ਤੇ ਖ਼ੂਬ ਵਾਇਰਲ ਹੋ ਰਹੀ ਹੈ ਵੀਡੀਓ

Thursday, Jan 21, 2021 - 08:47 AM (IST)

ਇਸ ਮਾਮਲੇ ''ਚ ਅਕਸ਼ੈ ਕੁਮਾਰ ਫਿਰੇ ਆਪਣੀ ਜ਼ੁਬਾਨ ਤੋਂ, ਸੋਸ਼ਲ ਮੀਡੀਆ ''ਤੇ ਖ਼ੂਬ ਵਾਇਰਲ ਹੋ ਰਹੀ ਹੈ ਵੀਡੀਓ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਰਾਮ ਮੰਦਰ ਦੀ ਉਸਾਰੀ ਲਈ ਦਾਨ ਦਿੱਤਾ ਹੈ। ਇਕ ਵੀਡੀਓ ਜ਼ਰੀਏ ਉਨ੍ਹਾਂ ਨੇ ਲੋਕਾਂ ਨੂੰ ਦਾਨ ਕਰਨ ਦੀ ਅਪੀਲ ਵੀ ਕੀਤੀ। ਇਸ ਵੀਡੀਓ ਦੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਅਕਸ਼ੈ ਦੀ ਪੁਰਾਣੀ ਵੀਡੀਓ ਵਾਇਰਲ ਹੋ ਗਈ ਹੈ, ਜਿਸ 'ਚ ਉਹ ਮੰਦਰ 'ਚ ਦਾਨ ਨਾ ਦੇਣ ਦੀ ਗੱਲ ਕਰ ਰਹੇ ਹਨ। ਇਹ ਪੁਰਾਣੀ ਵੀਡੀਓ ਸਾਲ 2012 ਦੀ ਹੈ ਜਦੋਂ ਅਕਸ਼ੈ ਕੁਮਾਰ ਦੀ ਫ਼ਿਲਮ 'ਓਐਮਜੀ' ਰਿਲੀਜ਼ ਹੋਈ ਸੀ। ਇਸ ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਅਕਸ਼ੈ ਕੁਮਾਰ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਪਤਾ ਨਹੀਂ ਕਿਉਂ ਲੋਕ ਮੰਦਰ 'ਚ ਦਾਨ ਕਰਦੇ ਹਨ। ਅਕਸ਼ੈ ਕੁਮਾਰ ਨੇ ਕਿਹਾ ਸੀ, "ਮੈਨੂੰ ਨਹੀਂ ਪਤਾ ਕਿ ਲੋਕ ਰੱਬ ਦੇ ਨਾਮ 'ਤੇ ਦੁੱਧ ਤੇ ਤੇਲ ਦੀ ਬਰਬਾਦੀ ਕਿਉਂ ਕਰਦੇ ਹਨ। ਇਹ ਕਿੱਥੇ ਲਿਖਿਆ ਹੈ ਕਿ ਰੱਬ ਦੁੱਧ ਚਾਹੁੰਦਾ ਹੈ? ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਕਿਸਾਨ ਭੁੱਖ ਨਾਲ ਮਰ ਰਹੇ ਹਨ। ਮੈਂ ਮੰਦਰ 'ਚ ਵੇਖਦਾ ਹਾਂ ਕਿ ਕਿੰਨਾ ਕੁਝ ਬਰਬਾਦ ਹੁੰਦਾ ਹੈ। ਮੈਨੂੰ ਲਗਦਾ ਹੈ ਕਿ ਜੇ ਰੱਬ ਲਈ ਕੁਝ ਕਰਨਾ ਹੈ, ਤਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਬਿਹਤਰ ਹੋਵੇਗਾ।''

ਇਸ ਇੰਟਰਵਿਊ 'ਚ ਅਕਸ਼ੈ ਕੁਮਾਰ ਨੇ ਇਹ ਵੀ ਕਿਹਾ ਕਿ ਵੈਸ਼ਨੋ ਦੇਵੀ ਵਰਗੇ ਮੰਦਰ 'ਚ ਜਾਣ ਵਾਲੇ ਲੋਕਾਂ ਦੀ ਬਜਾਏ ਲੋੜਵੰਦਾਂ ਦੀ ਭਲਾਈ ਲਈ ਪੈਸੇ ਦਾਨ ਕੀਤੇ ਜਾਣੇ ਚਾਹੀਦੇ ਹਨ। ਇਹ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੋਕ ਅਕਸ਼ੈ ਕੁਮਾਰ ਨੂੰ ਪੁੱਛ ਰਹੇ ਹਨ ਕਿ ਉਨ੍ਹਾਂ ਦੀ ਸੋਚ ਕਿਵੇਂ ਬਦਲ ਗਈ? ਹਾਲ ਹੀ 'ਚ ਅਕਸ਼ੈ ਕੁਮਾਰ ਨੇ ਇਕ ਵੀਡੀਓ ਜਾਰੀ ਕੀਤੀ ਤੇ ਕੈਪਸ਼ਨ 'ਚ ਲਿਖਿਆ, 'ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਯੁੱਧਿਆ 'ਚ ਸਾਡੇ ਸ਼੍ਰੀ ਰਾਮ ਦੇ ਵਿਸ਼ਾਲ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਹੁਣ ਸਾਡੀ ਯੋਗਦਾਨ ਪਾਉਣ ਦੀ ਵਾਰੀ ਆਈ ਹੈ। ਮੈਂ ਸ਼ੁਰੂਆਤ ਕਰ ਦਿੱਤੀ ਹੈ, ਉਮੀਦ ਹੈ ਕਿ ਤੁਸੀਂ ਵੀ ਨਾਲ ਜੁੜੋਗੇ। ਜੈ ਸਿਆਰਾਮ।'

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News