‘ਅਕੇਲੀ’ ਦਿਲ ਝੰਜੋੜ ਦੇਣ ਵਾਲੀ ਕਹਾਣੀ

Monday, Aug 14, 2023 - 10:46 AM (IST)

‘ਅਕੇਲੀ’ ਦਿਲ ਝੰਜੋੜ ਦੇਣ ਵਾਲੀ ਕਹਾਣੀ

ਨੁਸਰਤ ਭਰੂਚਾ ਆਪਣੀ ਆਗਾਮੀ ਫ਼ਿਲਮ ‘ਅਕੇਲੀ’ ਨੂੰ ਲੈ ਕੇ ਸੁਰਖ਼ੀਆਂ ’ਚ ਬਣੀ ਹੋਈ ਹੈ। ਹਾਲ ਹੀ ’ਚ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਫ਼ਿਲਮ ’ਚ ਨੁਸਰਤ ਭਰੂਚਾ ਇਕਦਮ ਨਵੇਂ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਪ੍ਰਣਯ ਮੇਸ਼ਰਾਮ ਦੇ ਨਿਰਦੇਸ਼ਨ ’ਚ ਬਣੀ ‘ਅਕੇਲੀ’ ਦਿਲ ਝੰਜੋੜ ਦੇਣ ਵਾਲੀ ਕਹਾਣੀ ਹੈ। ਇਹ ਫ਼ਿਲਮ 18 ਅਗਸਤ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਨੂੰ ਲੈ ਕੇ ਅਦਾਕਾਰਾ ਨੁਸਰਤ ਭਰੂਚਾ, ਨਿਰਦੇਸ਼ਕ ਪ੍ਰਣਯ ਮੇਸ਼ਰਾਮ ਤੇ ਪ੍ਰੋਡਿਊਸਰ ਨਿਨਾਦ ਵੈਦ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਸਵਾਲ– ਤੁਸੀਂ ਇਸ ਫ਼ਿਲਮ ਲਈ ਪਹਿਲਾਂ ਇਨਕਾਰ ਕਿਉਂ ਕੀਤਾ ਸੀ?
ਨੁਸਰਤ ਭਰੂਚਾ–
ਇਸ ਦੇ ਪਿੱਛੇ ਦੀ ਵਜ੍ਹਾ ਇਹ ਸੀ ਕਿ ਇਹ ਫ਼ਿਲਮ ਬਹੁਤ ਵੱਡੇ ਸਕੇਲ ਦੀ ਸੀ, ਜਿਸ ’ਚ ਤੁਸੀਂ ਇਕ ਅਲੱਗ ਦੇਸ਼ ’ਚ ਜਾ ਕੇ ਵੱਡਾ ਮੁੱਦਾ ਚੁੱਕ ਰਹੇ ਹੋ, ਇਹ ਕੋਈ ਆਸਾਨ ਗੱਲ ਨਹੀਂ ਹੁੰਦੀ। ਪੂਰੀ ਫ਼ਿਲਮ ’ਚ ਦਿਖਾਇਆ ਗਿਆ ਹੈ ਕਿ ਇਕ ਕੁੜੀ ਕਿਸ ਤਰ੍ਹਾਂ ਦੂਜੇ ਦੇਸ਼ ’ਚ ਫਸ ਜਾਂਦੀ ਹੈ, ਜਿਥੇ ਭਿਆਨਕ ਲੜਾਈ ਚੱਲ ਰਹੀ ਹੈ। ਇਹ ਸਭ ਕੁਝ ਸ਼ੂਟ ਲਈ ਕ੍ਰਿਏਟ ਕਰਨਾ ਆਸਾਨ ਨਹੀਂ ਹੈ। ਜਦੋਂ ਪ੍ਰਣਯ ਨੇ ਮੈਨੂੰ ਕਿਹਾ ਕਿ ਤੁਹਾਨੂੰ ਇਹ ਫ਼ਿਲਮ ਕਰਨੀ ਹੈ ਤਾਂ ਮੇਰੇ ਲਈ ਇਹ ਸਭ ਕੁਝ ਇੰਨਾ ਆਸਾਨ ਨਹੀਂ ਸੀ। ਬਤੌਰ ਅਦਾਕਾਰਾ ਮੈਨੂੰ ਡਰ ਲੱਗ ਰਿਹਾ ਸੀ ਕਿ ਇੰਨਾ ਕੁਝ ਤੁਸੀਂ ਲਿਖ ਤਾਂ ਦਿੱਤਾ ਪਰ ਤੁਸੀਂ ਇਹ ਸਭ ਕਰੋਗੇ ਕਿਵੇਂ? ਇਸ ਲਈ ਮੈਂ ਇਸ ਦੇ ਲਈ ਮਨ੍ਹਾ ਕਰ ਦਿੱਤਾ ਸੀ।

ਸਵਾਲ– ਇਸ ਤੋਂ ਪਹਿਲਾਂ ਤੁਸੀਂ ‘ਛੋਰੀ’ ਫ਼ਿਲਮ ’ਚ ਵੀ ਮੁੱਖ ਭੂਮਿਕਾ ’ਚ ਸੀ। ਕੀ ਹੁਣ ਤੁਸੀਂ ਅਜਿਹੀਆਂ ਫ਼ਿਲਮਾਂ ਨੂੰ ਹੀ ਪ੍ਰਮੁੱਖਤਾ ਦੇਵੋਗੇ ਜਾਂ ਕੋਈ ਹੋਰ ਪਲਾਨ ਹੈ?
ਨੁਸਰਤ ਭਰੂਚਾ–
ਮੈਂ ਤਾਂ ਕਦੇ ਅਜਿਹਾ ਕਿਹਾ ਹੀ ਨਹੀਂ ਕਿ ਮੈਨੂੰ ਇਕ ਸੋਲੋ ਲੀਡ ਫ਼ਿਲਮ ਚਾਹੀਦੀ ਹੈ। ਹਾਂ, ਮੈਂ ਇਹ ਜ਼ਰੂਰ ਕਿਹਾ ਹੋਵੇਗਾ ਕਿ ਇਸ ਹੀਰੋ ਜਾਂ ਇਸ ਡਾਇਰੈਕਟਰ ਤੇ ਪ੍ਰੋਡਿਊਸਰ ਦੇ ਨਾਲ ਫ਼ਿਲਮ ਕਰਨੀ ਹੈ। ‘ਅਕੇਲੀ’ ਲਈ ਵੀ ਲੋਕ ਮੇਰੇ ਤੋਂ ਪੁੱਛਦੇ ਹਨ ਕਿ ਤੁਸੀਂ ਇਕ ਨਵੇਂ ਨਿਰਦੇਸ਼ਕ ਤੇ ਇਕ ਨਵੇਂ ਪ੍ਰੋਡਿਊਸਰ ਦੇ ਨਾਲ ਫ਼ਿਲਮ ਕਿੰਝ ਕਰ ਸਕਦੇ ਹੋ? ਇਸ ’ਤੇ ਮੈਂ ਕਹਿਣਾ ਚਾਹਾਂਗੀ ਕਿ ਇਹ ਬਿਲਕੁਲ ਮਾਇਨੇ ਨਹੀਂ ਰੱਖਦਾ ਕਿ ਲੋਕ ਕੀ ਕਹਿੰਦੇ ਹਨ, ਬਸ ਤੁਸੀਂ ਜੋ ਕੰਮ ਕਰ ਰਹੇ ਹੋ, ਉਹ ਆਪਣੀ ਲਗਨ ਤੇ ਸ਼ਿੱਦਤ ਨਾਲ ਕਰਦੇ ਰਹੋ।

ਸਵਾਲ– ਤੁਸੀਂ ਪਹਿਲੀ ਵਾਰ ਅਜਿਹਾ ਕਿਰਦਾਰ ਨਿਭਾਅ ਰਹੇ ਹੋ। ਤੁਹਾਨੂੰ ਕਿੰਨੀ ਤਿਆਰੀ ਕਰਨੀ ਪਈ?
ਨੁਸਰਤ ਭਰੂਚਾ–
ਫ਼ਿਲਮ ਬਹੁਤ ਹੀ ਇਮੋਸ਼ਨਲ ਹੈ। ਇਸ ਦੇ ਲਈ ਚੈਲੇਂਜ ਇਹ ਸੀ ਕਿ ਤੁਹਾਨੂੰ ਇਕ ਲੜਕੀ ਦੇ ਵਰਤਮਾਨ ਤੇ ਪਾਸਟ ਬਾਰੇ ਸਭ ਕੁਝ ਸੋਚਣਾ ਪੈਂਦਾ ਹੈ। ਇਸ ਤੋਂ ਬਾਅਦ ਇਕ ਹੋਰ ਚੈਲੇਂਜ ਹੈ ਕਿ ਤੁਹਾਨੂੰ ਆਪਣੇ ਕਿਰਦਾਰ ਨਾਲ ਪੂਰਾ ਨਿਆਂ ਕਰਨਾ ਹੈ। ਪਹਿਲਾਂ ਮੈਂ ਆਪਣੇ ਕਿਰਦਾਰ ਨੂੰ ਸਮਝਣ ਲਈ ਇਕ ਕਮਰੇ ’ਚ ਬੰਦ ਹੋ ਜਾਂਦੀ ਸੀ, ਫੋਨ ਬੰਦ, ਇੰਸਟਾਗ੍ਰਾਮ ਬੰਦ, ਕਿਸੇ ਨਾਲ ਗੱਲ ਨਾ ਕਰਨੀ ਪਰ ਹੁਣ ਮੈਂ ਸੋਚਦੀ ਹਾਂ ਕਿ ਮੈਨੂੰ ਫ਼ਿਲਮ ’ਚ ਕਿਵੇਂ ਤੇ ਕਿਸ ਤਰ੍ਹਾਂ ਕੰਮ ਕਰਨਾ ਹੈ।

ਇਹ ਖ਼ਬਰ ਵੀ ਪੜ੍ਹੋ : ਅੰਕਿਤਾ ਲੋਖੰਡੇ ਦੇ ਪਿਤਾ ਦਾ 68 ਸਾਲ ਦੀ ਉਮਰ ’ਚ ਦਿਹਾਂਤ, ਪਿਛਲੇ ਕਈ ਦਿਨਾਂ ਤੋਂ ਸਨ ਬੀਮਾਰ

ਸਵਾਲ– ਤੁਹਾਨੂੰ ਕਿਉਂ ਲੱਗਾ ਕਿ ‘ਅਕੇਲੀ’ ਲਈ ਨੁਸਰਤ ਹੀ ਸਭ ਤੋਂ ਬੈਸਟ ਹੈ?
ਪ੍ਰਣਯ ਮੇਸ਼ਰਾਮ–
ਜਦੋਂ ਮੈਂ ਕਹਾਣੀ ਨੂੰ ਲਿਖਣਾ ਸ਼ੁਰੂ ਕੀਤਾ ਤਾਂ ਮੇਰੇ ਦਿਮਾਗ ’ਚ ਇਸ ਕਿਰਦਾਰ ਲਈ ਨੁਸਰਤ ਹੀ ਸਨ। ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਸਨ। ਸਭ ਤੋਂ ਪਹਿਲਾਂ ਤਾਂ ਇਹ ਕਿ ਉਹ ਬਹੁਤ ਚੰਗੀ ਅਦਾਕਾਰਾ ਹਨ, ਦੂਜਾ ਉਨ੍ਹਾਂ ਨੇ ਅਜਿਹਾ ਕਿਰਦਾਰ ਪਹਿਲਾਂ ਕੀਤਾ ਨਹੀਂ ਹੈ। ਹਮੇਸ਼ਾ ਤੋਂ ਹੀ ਉਹ ਫ਼ਿਲਮਾਂ ’ਚ ਗਲੈਮਰ ਗਰਲ ਦੀ ਤਰ੍ਹਾਂ ਰਹੀ ਹੈ ਤਾਂ ਇਹ ਇਸ ਫ਼ਿਲਮ ਲਈ ਕਾਫੀ ਨਵਾਂ ਹੋਵੇਗਾ। ਉਥੇ ਹੀ ਜਦੋਂ ਮੈਂ ਸਰ ਨੂੰ ਮਿਲਿਆ ਤੇ ਮੈਂ ਉਨ੍ਹਾਂ ਨੂੰ ਸਕ੍ਰਿਪਟ ਸੁਣਾਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਲਈ ਨੁਸਰਤ ਠੀਕ ਰਹਿਣਗੇ ਤਾਂ ਮੈਂ ਕਿਹਾ ਹਾਂ ਸਾਨੂੰ ਉਹੀ ਤਾਂ ਚਾਹੀਦੀ ਹੈ।

ਸਵਾਲ– ਇਹ ਫ਼ਿਲਮ ਇਕ ਸੱਚੀ ਘਟਨਾ ’ਤੇ ਆਧਾਰਿਤ ਹੈ ਤਾਂ ਤੁਸੀਂ ਇਸ ’ਚ ਕੋਈ ਬਦਲਾਅ ਕੀਤੇ ਹਨ?
ਪ੍ਰਣਯ ਮੇਸ਼ਰਾਮ–
ਇਸ ਕਹਾਣੀ ਨੂੰ ਹੂ-ਬ-ਹੂ ਕਰਨਾ ਤਾਂ ਸੰਭਵ ਨਹੀਂ ਸੀ ਕਿਉਂਕਿ ਇਸ ’ਚ ਬਹੁਤ ਸਾਰੀਆਂ ਡਾਰਕ ਚੀਜ਼ਾਂ ਸਨ, ਜੋ ਮੈਂ ਪਰਦੇ ’ਤੇ ਨਹੀਂ ਵਿਖਾ ਸਕਦਾ ਸੀ। ਅਜਿਹੇ ’ਚ ਅਸੀਂ ਮੁੱਖ ਘਟਨਾਵਾਂ ’ਤੇ ਹੀ ਧਿਆਨ ਦਿੱਤਾ। ਫ਼ਿਲਮ ’ਚ 60 ਤੋਂ 70 ਫ਼ੀਸਦੀ ਚੀਜ਼ਾਂ ਨੂੰ ਅਸੀਂ ਬਿਲਕੁਲ ਉਹੋ ਜਿਹਾ ਹੀ ਪੇਸ਼ ਕੀਤਾ ਹੈ, ਜੋ ਜਿਵੇਂ ਘਟਿਆ ਸੀ। ਕੁਝ ਚੀਜ਼ਾਂ ਡਾਕਿਊਮੈਂਟਰੀ ’ਚ ਵੇਖੀਆਂ ਸਨ ਤਾਂ ਉਥੋਂ ਕੁਝ ਆਇਡੀਆ ਹੋ ਗਿਆ।

ਸਵਾਲ– ਅੱਜ ਦੇ ਸਮੇਂ ’ਚ ਜਦੋਂ ਦਰਸ਼ਕ ਬਹੁਤ ਸੋਚ-ਵਿਚਾਰ ਕਰਕੇ ਥਿਏਟਰ ’ਚ ਆਉਂਦੇ ਹਨ ਤਾਂ ਕੀ ਤੁਹਾਡੀ ਫ਼ਿਲਮ ਉਨ੍ਹਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕੇਗੀ?
ਨਿਨਾਦ ਵੈਦ–
ਅਸੀਂ ਜਦੋਂ ਇਸ ਫ਼ਿਲਮ ਦੀ ਸ਼ੁਰੂਆਤ ਕੀਤੀ ਤਾਂ ਇਹ ਸੋਚਿਆ ਨਹੀਂ ਸੀ ਕਿ ਲੋਕ ਥਿਏਟਰ ’ਚ ਆਉਣਗੇ ਜਾਂ ਨਹੀਂ? ਇਸ ਤੋਂ ਬਾਅਦ ਫ਼ਿਲਮ ਕਿਵੇਂ ਵੇਖਣਗੇ? ਉਨ੍ਹਾਂ ਨੂੰ ਕਿਵੇਂ ਸਵੀਕਾਰ ਕਰਨਗੇ? ਇਨ੍ਹਾਂ ਸਾਰੇ ਸਵਾਲਾਂ ਨੂੰ ਦਰਕਿਨਾਰ ਕਰਦਿਆਂ ਅਸੀਂ ਸਿਰਫ ਇਕ ਚੰਗੀ ਫ਼ਿਲਮ ਬਣਾਉਣ ਦਾ ਫ਼ੈਸਲਾ ਲਿਆ।

ਸਵਾਲ– ਫ਼ਿਲਮ ਦੀ ਸ਼ੂਟਿੰਗ ਵੱਖ-ਵੱਖ ਦੇਸ਼ਾਂ ’ਚ ਹੋਈ ਹੈ, ਇਸ ਨੂੰ ਕਿਵੇਂ ਮੈਨੇਜ ਕੀਤਾ ਗਿਆ?
ਨਿਨਾਦ ਵੈਦ–
ਇਸ ਨਾਲ ਜੁੜਿਆ ਮਜ਼ੇਦਾਰ ਕਿੱਸਾ ਸੁਣਾਉਂਦਾ ਹਾਂ, ਅਸੀਂ ਇਸ ਫ਼ਿਲਮ ਦੀ ਲੋਕੇਸ਼ਨ 10 ਦਿਨ ਪਹਿਲਾਂ ਬਦਲ ਦਿੱਤੀ ਸੀ। ਅਸੀਂ ਜਾਣ ਵਾਲੇ ਸੀ ਕਿਸੇ ਹੋਰ ਦੇਸ਼ ’ਚ ਤੇ ਪਹੁੰਚ ਗਏ ਕਿਸੇ ਦੂਜੇ ਦੇਸ਼ ’ਚ। ਸ਼ੂਟ ਦੇ ਪਹਿਲੇ ਦਿਨ ਨੁਸਰਤ ਨੇ ਸਾਰੇ ਕਲਾਕਾਰਾਂ ਤੇ ਕਰਿਊ ਨੂੰ ਕਿਹਾ ਕਿ ਅਸੀਂ ਇਕ ਚੰਗੀ ਫ਼ਿਲਮ ਬਣਾਉਂਦੇ ਹਾਂ, ਸਾਰੇ ਮਿਲ ਕੇ ਕੰਮ ਕਰਦੇ ਹਾਂ ਤੇ ਸਫ਼ਲ ਕਹਾਣੀ ਵੱਲ ਲੈ ਜਾਂਦੇ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Rahul Singh

Content Editor

Related News