4 ਸਾਲਾਂ ''ਚ 4 ਵਾਰ ਗ੍ਰਿਫ਼ਤਾਰ ਹੋਇਆ ਏਜਾਜ਼ ਖ਼ਾਨ, ਡਰੱਗਜ਼ ਕੇਸ ''ਚ ਪਹਿਲਾਂ ਵੀ ਫਸ ਚੁੱਕੈ ਨਾਂ

3/31/2021 4:07:37 PM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਤੇ 'ਬਿੱਗ ਬੌਸ 7' ਫੇਮ ਏਜਾਜ਼ ਖ਼ਾਨ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਏਜਾਜ਼ ਖ਼ਾਨ ਨੂੰ ਡਰੱਗਜ਼ ਕੇਸ 'ਚ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ ਨੂੰ ਨੇ ਅਦਾਕਾਰ ਨੂੰ ਪੁੱਛਗਿੱਚ ਲਈ ਹਿਰਾਸਤ 'ਚ ਲਿਆ, 8 ਘੰਟਿਆਂ ਤਕ ਪੁੱਛਗਿੱਛ ਚੱਲੀ, ਜਿਸ ਤੋਂ ਬਾਅਦ ਐੱਨ. ਸੀ. ਬੀ. ਨੇ ਅਦਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ। ਰਿਪੋਰਟਸ 'ਚ ਕਿਹਾ ਜਾ ਰਿਹਾ ਹੈ ਕਿ ਇਕ ਡਰੱਗ ਪੈਡਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ 'ਚ ਏਜਾਜ਼ ਖ਼ਾਨ ਦਾ ਨਾਂ ਸਾਹਮਣੇ ਆਇਆ ਸੀ।
ਮੰਨਿਆ ਜਾ ਰਿਹਾ ਹੈ ਕਿ ਏਜਾਜ਼ ਦੇ ਸਬੰਧ ਕਿਸੇ ਡਰੱਗ ਗੈਂਗ ਨਾਲ ਹਨ, ਇਸੇ ਸਿਲਸਿਲੇ 'ਚ ਅਦਾਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜਾਜ਼ ਖ਼ਾਨ ਨੂੰ ਉਸ ਵੇਲੇ ਏਅਰਪੋਰਟ 'ਤੇ ਹਿਰਾਸਤ 'ਚ ਲਿਆ ਗਿਆ ਜਦੋਂ ਉਹ ਰਾਜਸਥਾਨ ਤੋਂ ਵਾਪਸ ਆ ਰਹੇ ਸਨ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਦਾਕਾਰ ਇੰਨੇ ਵੱਡੇ ਵਿਵਾਦ 'ਚ ਫਸੇ ਹੋਣ ਜਾਂ ਗ੍ਰਿਫ਼ਤਾਰ ਹੋਏ ਹੋਣ। ਏਜਾਜ਼ ਖ਼ਾਨ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਪਹਿਲਾਂ ਵੀ ਕਈ ਵਾਰ ਉਹ ਜੇਲ੍ਹ ਦੀ ਹਵਾ ਖਾ ਚੁੱਕੇ ਹਨ। ਚੱਲੋ ਅਸੀਂ ਤੁਹਾਨੂੰ ਦੱਸਦੇ ਹਾਂ ਏਜਾਜ਼ ਦੇ ਕੁਝ ਵੱਡੇ ਵਿਵਾਦਾਂ ਬਾਰੇ :

ਡਰੱਗਜ਼ ਰੱਖਣ ਦੇ ਦੋਸ਼ 'ਚ ਹੋਏ ਗ੍ਰਿਫ਼ਤਾਰ
ਸਾਲ 2018 'ਚ ਏਜਾਜ਼ ਖ਼ਾਨ ਨੂੰ ਮੰਬਈ ਦੀ ਐਂਟੀ ਨਾਰਕੋਟਿਕਸ ਸੈੱਲ ਨੇ ਬੇਕਸੂਰ ਹੋਟਲ ਤੋਂ 8 ਨਸ਼ੇ ਦੀਆਂ ਪਾਬੰਦੀਸ਼ੁਦਾ ਡਰੱਗਜ਼ ਰੱਖਣ ਦੇ ਜੁਰਮ 'ਚ ਗ੍ਰਿਫ਼ਤਾਰ ਕੀਤਾ ਸੀ। ਜਦੋਂ ਏਜਾਜ਼ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹ ਪੂਰੀ ਤਰ੍ਹਾਂ ਨਸ਼ੇ 'ਚ ਟੱਲੀ ਸਨ।

ਟਿਕ-ਟਾਕ 'ਤੇ ਬਣਾਇਆ ਵਿਵਾਦਤ ਵੀਡੀਓ
ਸਾਲ 2019 'ਚ ਏਜਾਜ਼ ਖ਼ਾਨ ਨੂੰ ਮੁੰਬਈ ਪੁਲਸ ਦੀ ਸਾਈਬਰ ਸੈੱਲ ਨੇ ਗ੍ਰਿਫ਼ਤਾਰ ਕੀਤਾ ਸੀ। ਏਜਾਜ਼ ਖ਼ਾਨ 'ਤੇ ਟਿਕ-ਟਾਕ ਵੱਲੋਂ ਇਕ ਵਿਵਾਦਤ ਵੀਡੀਓ ਪੋਸਟ ਕਰਨ ਦਾ ਦੋਸ਼ ਸੀ। ਏਜਾਜ਼ ਖ਼ਾਨ ਨੇ ਇਕ ਮੌਬਲਿੰਚਿੰਗ ਕੇਸ ਸਬੰਧੀ ਇਕ ਵਿਵਾਦਤ ਵੀਡੀਓ ਬਣਾਇਆ ਸੀ, ਜਿਸ ਲਈ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵੀਡੀਓ 'ਚ ਏਜਾਜ਼ ਖ਼ਾਨ ਨੇ ਮੁੰਬਈ ਪੁਲਸ ਦਾ ਮਜ਼ਾਕ ਵੀ ਉਡਾਇਆ ਸੀ।

ਕੋਰੋਨਾ ਵਾਇਰਸ ਬਾਰੇ ਵਿਵਾਦਤ ਵੀਡੀਓ
ਸਾਲ 2020 'ਚ ਏਜਾਜ਼ ਖ਼ਾਨ ਨੂੰ ਮੁੰਬਈ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਏਜਾਜ਼ ਖ਼ਾਨ ਨੇ ਆਪਣੀ ਫੇਸਬੁੱਕ 'ਤੇ ਇਕ ਵੀਡੀਓ ਅਪਲੋਡ ਕਰ ਕੇ ਕੋਰੋਨਾ ਵਾਇਰਸ ਸਬੰਧੀ ਸਰਕਾਰ ਤੇ ਕੁਝ ਨਾਮੀ ਪੱਤਰਕਾਰਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਏਜਾਜ਼ ਖ਼ਾਨ ਨੂੰ ਮੁੰਬਈ ਦੇ ਖਾਰ ਪੁਲਸ ਸਟੇਸ਼ਨ ਬੁਲਾਇਆ ਗਿਆ ਤੇ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਾਲਾਂਕਿ 6 ਦਿਨਾਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।

ਇਹ ਵਿਵਾਦ ਵੀ ਰਹੇ ਏਜਾਜ਼ ਦੇ ਨਾਂ :
ਇਨ੍ਹਾਂ ਵਿਵਾਦਾਂ ਤੋਂ ਇਲਾਵਾ ਕੁਝ ਅਜਿਹੇ ਵੀ ਕਾਂਡ ਹਨ, ਜਿਹੜੇ ਏਜਾਜ਼ ਖ਼ਾਨ ਦੇ ਨਾਂ ਰਹੇ ਹਨ। ਜਿਵੇਂ ਸਾਲ 2019 'ਚ ਅਮਿਤਾਭ ਬੱਚਨ ਦੀ ਸੈਲਫੀ ਕਾਫ਼ੀ ਵਾਇਰਲ ਹੋਈ ਸੀ, ਜਿਸ ਵਿਚ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਿਆਹੂ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਸਨ। ਅਮਿਤਾਭ ਦੀ ਇਸ ਤਸਵੀਰ 'ਤੇ ਏਜਾਜ਼ ਖ਼ਾਨ ਨੇ ਕੁਝ ਅਜਿਹਾ ਕੁਮੈਂਟ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਟਰੋਲ ਕੀਤਾ ਗਿਆ ਸੀ। 
ਉੱਥੇ ਹੀ ਇਕ ਮਾਡਲ ਐਸ਼ਵਰਿਆ ਚੌਬੇ ਨੇ ਏਜਾਜ਼ ਖ਼ਾਨ 'ਤੇ ਬਦਸਲੂਕੀ ਕਰਨ ਅਤੇ ਅਸ਼ਲੀਲ ਤਸਵੀਰਾਂ ਭੇਜਣ ਦਾ ਦੋਸ਼ ਲਗਾਇਆ ਸੀ। ਏਜਾਜ਼ ਖ਼ਾਨ ਖ਼ਿਲਾਫ਼ ਮਾਡਲ ਨੇ ਐੱਫ. ਆਈ. ਆਰ. ਵੀ ਦਰਜ ਕਰਵਾਈ ਸੀ। ਇਸ ਮਾਮਲੇ 'ਚ ਪੁਲਸ ਨੇ ਏਜਾਜ਼ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਇਸ ਤੋਂ ਬਾਅਦ ਏਜਾਜ਼ ਨੂੰ ਬੋਰੀਵਾਲੀ ਹਾਲੀਡੇਅ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਐਸ਼ਵਰਿਆ ਦਾ ਦੋਸ਼ ਸੀ ਕਿ ਅਦਾਕਾਰ ਨੇ ਤਸਵੀਰਾਂ ਤੋਂ ਇਲਾਵਾ ਕਈ ਅਸ਼ਲੀਲ ਮੈਸੇਜ ਵੀ ਭੇਜੇ ਸਨ।


sunita

Content Editor sunita