ਜਦੋਂ ਨਿਰਦੇਸ਼ਕ ਦਾ ਵਿਜ਼ਨ ਸਪੱਸ਼ਟ ਹੁੰਦਾ ਹੈ ਤਾਂ ਅਭਿਨੇਤਾ ਵੀ ਆਪਣਾ ਬਿਹਤਰੀਨ ਦਿੰਦੇ ਹਨ: ਰੁਚਿਕਾ ਕਪੂਰ ਸ਼ੇਖ਼

Friday, Apr 26, 2024 - 01:03 PM (IST)

ਜਦੋਂ ਨਿਰਦੇਸ਼ਕ ਦਾ ਵਿਜ਼ਨ ਸਪੱਸ਼ਟ ਹੁੰਦਾ ਹੈ ਤਾਂ ਅਭਿਨੇਤਾ ਵੀ ਆਪਣਾ ਬਿਹਤਰੀਨ ਦਿੰਦੇ ਹਨ: ਰੁਚਿਕਾ ਕਪੂਰ ਸ਼ੇਖ਼

ਨੈੱਟਫਲਿਕਸ ’ਤੇ 12 ਅਪ੍ਰੈਲ ਨੂੰ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਫਿਲਮ ‘ਚਮਕੀਲਾ’ ਰਿਲੀਜ਼ ਹੋ ਚੁੱਕੀ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਹਰ ਕੋਈ ਦਿਲਜੀਤ ਅਤੇ ਪਰਿਣੀਤੀ ਦੀ ਅਦਾਕਾਰੀ ਦੀ ਤਾਰੀਫ਼ ਕਰ ਰਿਹਾ ਹੈ। ਫਿਲਮ ਨੂੰ ਇਮਤਿਆਜ਼ ਅਲੀ ਨੇ ਨਿਰਦੇਸ਼ਿਤ ਕੀਤਾ ਹੈ। ਇਹ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਫਿਲਮ ਨੂੰ ਮਿਲ ਰਹੀ ਲਗਾਤਾਰ ਸਫ਼ਲਤਾ ਦਰਮਿਆਨ ਨੈੱਟਫਲਿਕਸ ਓਰਿਜ਼ਨਲ ਫਿਲਮਜ਼ ਦੀ ਨਿਰਦੇਸ਼ਕ ਰੁਚਿਕਾ ਕਪੂਰ ਸ਼ੇਖ਼ ਨਾਲ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਪੱਤਰਕਾਰ ਜਯੋਤਸਨਾ ਰਾਵਤ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਮੁੱਖ ਅੰਸ਼ :

ਕਿਵੇਂ ਮਹਿਸੂਸ ਹੋ ਰਿਹਾ ਹੈ ‘ਚਮਕੀਲਾ’ ਦੀ ਸਫ਼ਲਤਾ ’ਤੇ? ਕੀ ਤੁਸੀਂ ਸੋਚਿਆ ਸੀ ਕਿ ਇੰਨੀ ਕਾਮਯਾਬੀ ਮਿਲੇਗੀ?
ਦਰਅਸਲ ਇਮਤਿਆਜ਼ ਸਰ ਨੇ ਇਹ ਕਹਾਣੀ ਭੇਜੀ ਤੇ ਫੋਨ ਕਰ ਕੇ ਕਿਹਾ ਕਿ ਜਦੋਂ ਵੀ ਸਮਾਂ ਮਿਲੇ, ਇਸ ਨੂੰ ਪੜ੍ਹਨਾ। ਛੋਟੀ ਜਿਹੀ ਕਹਾਣੀ ਹੈ। ਸੱਚ ਦੱਸਾਂ ਤਾਂ ਜਦੋਂ ਮੈਂ ਪਹਿਲੀ ਵਾਰ ਇਹ ਕਹਾਣੀ ਪੜ੍ਹੀ ਤਾਂ ਸਵੇਰ 4 ਵਜੇ ਉਨ੍ਹਾਂ ਨੂੰ ਮੈਸੇਜ਼ ਕੀਤਾ ਕਿ ਸਰ ਜਿਵੇਂ ਹੀ ਉੱਠਣਾ ਕਾਲ ਕਰਨਾ। ਇਸ ਕਹਾਣੀ ’ਚ ਮੈਨੂੰ ਜਿਸ ਚੀਜ਼ ਨੇ ਸਭ ਤੋਂ ਜ਼ਿਆਦਾ ਖਿੱਚਿਆ, ਉਹ ਸੀ ਬਹਾਦਰੀ। ਮੈਨੂੰ ਲੱਗਾ ਕਿ ਇਮਤਿਆਜ਼ ਸਰ ਨੂੰ ਜੋ ਕਹਾਣੀ ਪਸੰਦ ਆਈ ਹੈ, ਉਸ ’ਚ ਕੁਝ ਤਾਂ ਗੱਲ ਹੋਵੇਗੀ। ਦੂਜੀ ਗੱਲ, ਇਸ ਤੋਂ ਪਹਿਲਾਂ ਕਿਸੇ ਸੰਗੀਤਕਾਰ ਦੇ ਜੀਵਨ ’ਤੇ ਕਦੇ ਕੋਈ ਫਿਲਮ ਨਹੀਂ ਸੀ ਬਣੀ। ਇਸ ’ਚ ਇੱਕ ਨਹੀਂ ਸਗੋਂ ਕਈ ਗੱਲਾਂ ਸਨ, ਜਿਸ ਨੂੰ ਬਣਾਉਣ ਤੋਂ ਮਨ੍ਹਾ ਨਹੀਂ ਸੀ ਕੀਤਾ ਜਾ ਸਕਦਾ। ਇਸ ’ਚ ਆਸਕਰ ਐਵਾਰਡ ਜੇਤੂ ਏ.ਆਰ. ਰਹਿਮਾਨ ਦੇ ਗਾਣੇ ਹਨ, ਫਿਰ ਹੋਰ ਕੀ ਚਾਹੀਦਾ ਹੈ। ਮੈਨੂੰ ਪਹਿਲਾਂ ਤੋਂ ਹੀ ਲੱਗਿਆ ਸੀ ਕਿ ਕੁਝ ਲੋਕਾਂ ਨੂੰ ਇਹ ਬਹੁਤ ਪਸੰਦ ਆਵੇਗੀ ਤੇ ਕੁਝ ਲੋਕਾਂ ਨੂੰ ਸ਼ਾਇਦ ਨਹੀਂ, ਇਸ ਲਈ ਅਸੀਂ ਇਹ ਗ਼ਲਤੀ ਨਹੀਂ ਕੀਤੀ ਕਿ ਸਭ ਨੂੰ ਧਿਆਨ ’ਚ ਰੱਖ ਕੇ ਇਸ ਫਿਲਮ ਨੂੰ ਬਣਾਈਏ। ਅਜਿਹਾ ਕਰਦੇ ਤਾਂ ਇਹ ਫਿਲਮ ਖ਼ਰਾਬ ਹੋ ਜਾਂਦੀ।

ਅਮਰ ਸਿੰਘ ਚਮਕੀਲਾ ਇਕ ਲੋਕਲ ਰੂਟਡ ਫਿਲਮ ਹੈ, ਜਦੋਂ ਤੁਸੀਂ ਇਸ ਦੀ ਪਟਕਥਾ ਸੁਣੀ ਤਾਂ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਸੀ।
ਮੈਂ ਜਦੋਂ ਇਹ ਕਹਾਣੀ ਪੜ੍ਹੀ ਤਾਂ ਪਹਿਲਾਂ ਚਮਕੀਲਾ ਬਾਰੇ ਕੁਝ ਰਿਸਰਚ ਕੀਤੀ ਤੇ ਮਹਿਸੂਸ ਕੀਤਾ ਕਿ ਇੱਥੇ-ਉੱਥੇ ਅਸੀਂ ਜੋ ਗਾਣੇ ਸੁਣਦੇ ਹਾਂ, ਉਹ ਇਨ੍ਹਾਂ ਦੇ ਸਨ ਤੇ ਨੈੱਟਫਲਿਕਸ ਹਮੇਸ਼ਾ ਸਭ ਦੇ ਸਾਹਮਣੇ ਪ੍ਰਮਾਣਿਕ ਕਹਾਣੀਆਂ ਲਿਆਉਣਾ ਚਾਹੁੰਦਾ ਹੈ। ਚਮਕੀਲਾ ਦੀ ਜ਼ਿੰਦਗੀ ਏਨੀ ਦਿਲਚਸਪ ਸੀ ਕਿ ਤੁਸੀਂ ਉਨ੍ਹਾਂ ਬਾਰੇ ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ, ਉਨ੍ਹਾਂ ਨੂੰ ਨਫ਼ਰਤ ਕਰਨ ਵਾਲਿਆਂ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਸਭ ਤੋਂ ਸੁਣ ਸਕਦੇ ਹੋ। ਤੁਸੀਂ ਦੇਖੋ ਜੋ ਫਿਲਮ ਦੀ ਤਾਰੀਫ਼ ਕਰ ਰਹੇ ਹਨ, ਉਹ ਸਾਰੇ ਅਲੱਗ-ਅਲੱਗ ਤਰ੍ਹਾਂ ਨਾਲ ਕਰ ਰਹੇ ਹਨ। ਅਜਿਹਾ ਨਹੀਂ ਹੈ ਕਿ ਸਭ ਇਕ ਹੀ ਤਰ੍ਹਾਂ ਦੀ ਤਾਰੀਫ਼ ਕਰ ਰਹੇ ਹਨ।

ਅਮਰ ਸਿੰਘ ਚਮਕੀਲਾ ਵਿਚ ਅਜਿਹਾ ਕੀ ਵੱਖਰਾ ਹੈ, ਜੋ ਇਸ ਨੂੰ ਓ.ਟੀ.ਟੀ. ਪਲੇਟਫਾਰਮਾਂ ਦੀਆਂ ਬਾਕੀ ਫਿਲਮਾਂ ਤੋਂ ਅਲੱਗ ਕਰਦਾ ਹੈ?
ਦਰਅਸਲ ਅਜਿਹੀ ਇਕ ਨਹੀਂ, ਬਹੁਤ ਸਾਰੀਆਂ ਚੀਜ਼ਾਂ ਹਨ। ਇੱਕ ਤਾਂ ਇਸ ਦੇ ਵਿਜੂਅਲਜ਼ ਬਹੁਤ ਸਿਨੇਮੈਟਿਕ ਹਨ ਅਤੇ ਦੂਜਾ ਅਸੀਂ ਐਨੀਮੇਸ਼ਨ ਵੀ ਵਰਤਿਆ ਹੈ। ਮੈਂ ਦੱਸਣਾ ਚਾਹੁੰਦੀ ਹਾਂ ਜਦੋਂ ਫਿਲਮ ਰਿਲੀਜ਼ ਹੋ ਜਾਂਦੀ ਹੈ ਤਾਂ ਉਹ ਸਾਡੀ ਨਹੀਂ, ਦਰਸ਼ਕਾਂ ਦੀ ਹੋ ਜਾਂਦੀ ਹੈ। ਜਿਨ੍ਹਾਂ ਨੂੰ ਠੇਠ ਪੰਜਾਬ ਸਮਝ ਨਹੀਂ ਆਉਂਦੀ, ਉਨ੍ਹਾਂ ਦਾ ਧਿਆਨ ਰੱਖਦਿਆਂ ਅਸੀਂ ਹਿੰਦੀ ’ਚ ਵੀ ਲਿਖਿਆ ਹੈ ਤਾਂ ਕਿ ਉਹ ਵੀ ਜੁੜ ਸਕਣ।

ਅਮਰ ਸਿੰਘ ਚਮਕੀਲਾ ਨੈੱਟਫਲਿਕਸ ਦੇ ਦਰਸ਼ਕਾਂ ਦੇ ਵਿਜ਼ਨ ਅਨੁਸਾਰ ਕਿਵੇਂ ਫਿੱਟ ਬੈਠਦੀ ਹੈ।
ਜਦੋਂ ਅਸੀਂ ਇਮਤਿਆਜ਼ ਸਰ ਨਾਲ ਜੁੜੇ, ਅਸੀ ਉਨ੍ਹਾਂ ਨੂੰ ਇੱਕ ਹੀ ਗੱਲ ਕਹੀ ਕਿ ਤੁਸੀਂ ਕਹਾਣੀ ਨੂੰ ਲੈ ਕੇ ਇਮਾਨਦਾਰ ਰਹਿਣਾ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਮਤਿਆਜ਼ ਸਰ ਨੂੰ ਪਤਾ ਹੈ ਕਿ ਦਰਸ਼ਕ ਨੂੰ ਕੀ ਚਾਹੀਦਾ ਹੈ। ਇਹ ਇੱਕ ਅਜਿਹੀ ਫਿਲਮ ਹੈ , ਜਿਸ ਨੂੰ ਲੋਕ ਦੇਖ ਕੇ ਹਮੇਸ਼ਾ ਯਾਦ ਰੱਖਣਗੇ।

ਨੈੱਟਫਲਿਕਸ ’ਤੇ ਅਸੀਂ ਹਰ ਤਰ੍ਹਾਂ ਦਾ ਕੰਟੈਂਟ ਦੇਖਦੇ ਹਾਂ। ਤੁਹਾਡੀ ਵਿਸ਼ ਲਿਸਟ ਵਿਚ ਹੋਰ ਕੀ ਹੈ, ਜੋ ਤੁਸੀਂ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦੇ ਹੋ?
ਹੁਣ ਤੱਕ ਅਸੀਂ ਦਰਸ਼ਕਾਂ ਨੂੰ ਕਾਫ਼ੀ ਕੁਝ ਨਵਾਂ ਦਿੱਤਾ ਹੈ। ਮੇਰੇ ਹਿਸਾਬ ਨਾਲ ਮੇਰੀ ਸਿਰਫ਼ ਇਕ ਹੀ ਵਿਸ਼ ਲਿਸਟ ਹੈ ਕਿ ਕਿ ਮੈਂ ਲੋਕਾਂ ਨੂੰ ਖ਼ੁਸ਼ ਅਤੇ ਹੈਰਾਨ ਕਰ ਸਕਾਂ। ਲੋਕ ਹਮੇਸ਼ਾ ਪੁੱਛਦੇ ਹਨ ਕਿ ਸਟ੍ਰੀਮਿੰਗ ’ਤੇ ਕੀ ਚੱਲ ਰਿਹਾ ਹੈ। ਮੈਂ ਕਿਹਾ ਕਿ ਜੋ ਚੱਲ ਰਿਹਾ ਹੈ, ਉਹੀ ਦਿਖਾਉਣਾ ਹੈ। ਫਾਰਮੂਲਾ ਅਤੇ ਪਾਸਟ ਸਕਸੈੱਸ ਨੂੰ ਅਸੀਂ ਦਿਖਾ ਸਕੇ ਤਾਂ ਸਭ ਸਕਸੈੱਸਫੁਲ ਹੋ ਜਾਂਦਾ ਹੈ। ਮੇਰੀ ਹਮੇਸ਼ਾ ਹੀ ਯੋਜਨਾ ਹੁੰਦੀ ਹੈ ਕਿ ਮੈਂ ਦਰਸ਼ਕਾਂ ਨੂੰ ਹੈਰਾਨ ਕਰਾਂ। ਤੁਸੀਂ ਸ਼ਾਇਦ ਹੀ ਨੈੱਟਫਲਿਕਸ ਦੇ ਟਾਈਟਲ ਦੇਖ ਕੇ ਸੁਣਿਆ ਹੋਵੇ ਕਿ ਇਹ ਉਸ ਦੇ ਵਰਗਾ ਲੱਗ ਰਿਹਾ ਹੈ, ਇਹ ਓਦਾਂ ਹੈ। ਤਾਂ ਅਸੀਂ ਪੁਖ਼ਤਾ ਜਾਣਕਾਰੀ ਲੈ ਕੇ ਆਉਂਦੇ ਹਾਂ। ਇਹ ਕਹਾਣੀ ਸ਼ਾਇਦ ਲੋਕਾਂ ਲਈ ਬਣੀ ਹੈ ਤੇ ਉਨ੍ਹਾਂ ਨੂੰ ਇਸ ਨੂੰ ਦੇਖ ਕੇ ਬਹੁਤ ਮਜ਼ਾ ਆਉਣਾ ਚਾਹੀਦਾ ਹੈ। ਇਹ ਅਸੀਂ ਸ਼ੁਰੂਆਤ ਤੋਂ ਹੀ ਬਹੁਤ ਕਲੀਅਰ ਕੀਤਾ ਸੀ। ਜਦੋਂ ਤੁਸੀਂ ਫਿਲਮ ਇੱਕ ਖ਼ਾਸ ਦਰਸ਼ਕ ਵਰਗ ਨੂੰ ਲੈ ਕੇ ਬਣਾਉਂਦੇ ਹੋ ਤਾਂ ਤੁਹਾਡਾ ਵਿਜ਼ਨ ਬਿਲਕੁਲ ਸਟੀਕ ਹੁੰਦਾ ਹੈ।

ਇਮਤਿਆਜ਼ ਅਲੀ ਤੇ ਸੰਜੇ ਲੀਲਾ ਭੰਸਾਲੀ ਵਰਗੇ ਬਿਹਤਰੀਨ ਨਿਰਦੇਸ਼ਕਾਂ ਦੇ ਨਾਲ ਤਾਂ ਤੁਸੀਂ ਕੰਮ ਕਰ ਚੁੱਕੇ ਹੋ, ਹੋਰ ਕਿਹੜਾ ਨਿਰਦੇਸ਼ਕ ਤੁਹਾਡੀ ਸੂਚੀ ’ਚ ਸ਼ਾਮਲ ਹੈ?
ਇਹ ਨੈੱਟਫਲਿਕਸ ਦੀ ਖ਼ੁਸ਼ਨਸੀਬੀ ਹੈ ਕਿ ਬਹੁਤ ਸਾਰੇ ਰਚਨਾਕਾਰ ਇਸ ਪਲੇਟਫਾਰਮ ਨਾਲ ਜੁੜੇ ਹਨ ਕਿਉਂਕਿ ਅਸੀਂ ਉਨ੍ਹਾਂ ਦੇ ਵਿਜ਼ਨ ਨੂੰ ਰਸਤਾ ਦਿੰਦੇ ਹਾਂ। ਜਿਵੇਂ ਦੀ ਦੁਨੀਆ ਅਤੇ ਜ਼ਿੰਦਗੀ ਉਹ ਚਾਹੁੰਦੇ ਹਨ, ਉਹ ਬਣਾ ਸਕਦੇ ਹਨ। ਅੱਗੇ ਅਸੀਂ ਜੋਯਾ ਅਖ਼ਤਰ ਵਰਗੇ ਨਿਰਦੇਸ਼ਕ ਨਾਲ ਕੰਮ ਕਰਨਾ ਚਾਹੁੰਦੇ ਹਾਂ। ਸਾਡੀ ਕੋਸ਼ਿਸ਼ ਸਿਰਫ਼ ਇਹੀ ਰਹਿੰਦੀ ਹੈ ਕਿ ਚਾਹੇ ਇਹ ਤੁਹਾਡੀ ਪਹਿਲੀ ਫਿਲਮ ਹੈ ਜਾਂ ਦਸਵੀਂ, ਉਹ ਬਿਹਤਰੀਨ ਅਤੇ ਅਸਲ ਹੋਣੀ ਚਾਹੀਦੀ ਹੈ। ਅਸੀਂ ‘ਖੋ ਗਏ ਹਮ ਕਹਾਂ’ ’ਚ ਅਰਜੁਨ ਵਰੈਨ ਸਿੰਘ ਨਾਲ ਕੰਮ ਕੀਤਾ, ਜੋ ਬਹੁਤ ਵੱਡੀ ਹਿੱਟ ਹੋਈ। ‘ਮਰਡਰ ਮੁਬਾਰਕ’, ‘ਭਖਸ਼ਕ’, ‘ਜਾਨੇ ਜਾਨ’ ਤੇ ‘ਖੁਫ਼ੀਆ’ ਵੀ ਇਸ ਕ੍ਰਮ ’ਚ ਸਨ। ‘ਹਸੀਨ ਦਿਲਰੂਬਾ’ ਆਉਣ ਵਾਲੀ ਹੈ। ਸਾਡਾ ਵਿਜ਼ਨ ਸਿਰਫ਼ ਇਹੀ ਰਹਿੰਦਾ ਹੈ ਕਿ ਅਸੀਂ ਦਰਸ਼ਕਾਂ ਨੂੰ ਬਿਹਤਰੀਨ ਕੰਟੈਂਟ ਦੇ ਸਕੀਏ। ਸਾਡੀ ਕਹਾਣੀ ਇੰਡੀਆ ਤੋਂ ਆਉਂਦੀ ਹੈ ਤਾਂ ਉਹ ਇੰਡੀਆ ਲਈ ਹੀ ਹੈ।

‘ਚਮਕੀਲਾ’ ਦੀ ਰਚਨਾਤਮਕ ਪ੍ਰਕਿਰਿਆ ’ਚ ਨੈੱਟਫਲਿਕਸ ਦਾ ਕੀ ਰੋਲ ਹੈ?
ਜਦੋਂ ਪਟਕਥਾ ਸਾਡੇ ਕੋਲ ਆਉਂਦੀ ਹੈ ਤਾਂ ਪਹਿਲਾਂ ਇਸ ਦਾ ਖਰੜਾ ਹੁੰਦਾ ਹੈ। ਇਸ ’ਚ ਅਸੀਂ ਜੋ ਬਦਲਾਅ ਕਰਨੇ ਹੁੰਦੇ ਹਨ, ਅਸੀਂ ਉਹ ਕਰਦੇ ਹਾਂ। ਇਸ ਤੋਂ ਬਾਅਦ ਸ਼ੂਟਿੰਗ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ। ਇਹ ਬਹੁਤ ਰਸ਼ ਫਿਲਮ ਸੀ ਪਰ ਸਭ ਕੁਝ ਬਹੁਤ ਸਲੀਕੇ ਤੇ ਆਸਾਨੀ ਨਾਲ ਪੂਰਾ ਹੋ ਗਿਆ ਪਰ ਅਜਿਹਾ ਉਦੋਂ ਹੁੰਦਾ ਹੈ ਜਦੋਂ ਨਿਰਦੇਸ਼ਕ ਆਪਣੇ ਵਿਜ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਸਪੱਸ਼ਟ ਹੁੰਦਾ ਹੈ ਅਤੇ ਉਦੋਂ ਅਦਾਕਾਰ ਵੀ ਆਪਣਾ ਬਿਹਤਰੀਨ ਦਿੰਦੇ ਹਨ।


author

sunita

Content Editor

Related News