ਹਵਾਈ ਅੱਡੇ ''ਤੇ ਆਪਣੀ ਕਾਰ ''ਚ ਬੈਠਣ ਦੀ ਕੋਸ਼ਿਸ਼ ਕਰਦੇ ਸਮੇਂ ਡਿੱਗ ਪਏ ਅਦਾਕਾਰ ਵਿਜੇ (ਵੀਡੀਓ)
Monday, Dec 29, 2025 - 01:20 PM (IST)
ਚੇਨਈ (ਏਜੰਸੀ)- ਅਦਾਕਾਰ ਅਤੇ ਤਮਿਲਗਾ ਵੇਤਰੀ ਕਜ਼ਗਮ (TVK) ਮੁਖੀ ਵਿਜੇ ਐਤਵਾਰ ਨੂੰ ਇੱਥੇ ਹਵਾਈ ਅੱਡੇ 'ਤੇ ਆਪਣੀ ਕਾਰ ਵਿਚ ਬੈਠਣ ਦੀ ਕੋਸ਼ਿਸ਼ ਕਰਦੇ ਸਮੇਂ ਡਿੱਗ ਪਏ। ਮਲੇਸ਼ੀਆ ਤੋਂ ਵਾਪਸ ਆਉਣ ਤੋਂ ਬਾਅਦ ਭਾਰੀ ਭੀੜ ਨਾਲ ਘਿਰੇ ਵਿਜੇ ਐਗਜ਼ਿਟ ਏਰੀਆ ਵੱਲ ਵਧੇ ਅਤੇ ਕਾਰ ਵਿਚ ਬੈਠਣ ਤੋਂ ਕੁੱਝ ਪਲ ਪਹਿਲਾਂ ਡਿੱਗ ਪਏ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਨ੍ਹਾਂ ਨੂੰ ਚੁੱਕਿਆ ਅਤੇ ਕਾਰ ਵਿਚ ਬੈਠਣ ਵਿਚ ਮਦਦ ਕੀਤੀ।
ਦੱਸ ਦੇਈਏ ਕਿ ਵਿਜੇ ਐਤਵਾਰ ਰਾਤ ਮਲੇਸ਼ੀਆ ਤੋਂ ਪਰਤੇ ਸਨ, ਜਿੱਥੇ ਉਨ੍ਹਾਂ ਨੇ ਫਿਲਮ 'ਜਨ ਨਾਇਕਨ' (Jana Nayagan) ਦੇ ਆਡੀਓ ਲਾਂਚ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ। ਇਸ ਪ੍ਰੋਗਰਾਮ ਦੌਰਾਨ ਵਿਜੇ ਨੇ ਆਪਣੇ 33 ਸਾਲਾਂ ਦੇ ਲੰਬੇ ਫਿਲਮੀ ਸਫ਼ਰ ਨੂੰ ਅਲਵਿਦਾ ਕਹਿਣ ਦਾ ਰਸਮੀ ਐਲਾਨ ਕਰ ਦਿੱਤਾ ਹੈ। 51 ਸਾਲਾ ਅਦਾਕਾਰ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਕਰੀਅਰ ਦੀ ਆਖਰੀ ਫਿਲਮ ਹੋਵੇਗੀ।
ਮੰਚ ਤੋਂ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਵਿਜੇ ਨੇ ਕਿਹਾ ਕਿ ਉਹ ਹੁਣ ਆਪਣਾ ਪੂਰਾ ਧਿਆਨ ਰਾਜਨੀਤੀ 'ਤੇ ਲਗਾਉਣਗੇ। ਵਿਜੇ ਨੇ ਕਿਹਾ ਕਿ ਮੈਂ ਸਿਨੇਮਾ ਵਿੱਚ ਇੱਕ ਛੋਟਾ ਜਿਹਾ ਰੇਤ ਦਾ ਘਰ ਬਣਾਉਣ ਦੀ ਉਮੀਦ ਨਾਲ ਕਦਮ ਰੱਖਿਆ ਸੀ, ਪਰ ਪ੍ਰਸ਼ੰਸਕਾਂ ਨੇ ਉਨ੍ਹਾਂ ਲਈ ਇੱਕ ਮਹਿਲ ਉਸਾਰ ਦਿੱਤਾ ਹੈ। ਇਸ ਲਈ ਮੈਂ ਉਨ੍ਹਾਂ ਲਈ 'ਖੜ੍ਹੇ ਹੋਣ' ਦਾ ਫੈਸਲਾ ਕੀਤਾ ਹੈ।
