ਅਦਾਕਾਰ ਜੀ. ਕ੍ਰਿਸ਼ਨ ਕੁਮਾਰ ਤੇ ਉਨ੍ਹਾਂ ਦੇ ਪਰਿਵਾਰ ’ਤੇ ਅਗਵਾ ਦਾ ਮਾਮਲਾ ਦਰਜ

Sunday, Jun 08, 2025 - 04:21 PM (IST)

ਅਦਾਕਾਰ ਜੀ. ਕ੍ਰਿਸ਼ਨ ਕੁਮਾਰ ਤੇ ਉਨ੍ਹਾਂ ਦੇ ਪਰਿਵਾਰ ’ਤੇ ਅਗਵਾ ਦਾ ਮਾਮਲਾ ਦਰਜ

ਤਿਰੂਵਨੰਤਪੁਰਮ (ਭਾਸ਼ਾ)- ਅਦਾਕਾਰ ਜੀ. ਕ੍ਰਿਸ਼ਨ ਕੁਮਾਰ ਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਉਨ੍ਹਾਂ ਦੀ ਬੇਟੀ ਦੀਆ ਦੀ ਕੰਪਨੀ ’ਚ ਕੰਮ ਕਰਨ ਵਾਲੀ ਇਕ ਮਹਿਲਾ ਮੁਲਾਜ਼ਮ ਦੀ ਸ਼ਿਕਾਇਤ ਦੇ ਆਧਾਰ ’ਤੇ ਅਗਵਾ ਤੇ ਜਬਰੀ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਕ੍ਰਿਸ਼ਨ ਕੁਮਾਰ ਤੇ ਦੀਆ ਨੇ ਉਸ ਨੂੰ ਅਗਵਾ ਕੀਤਾ ਤੇ ਉਸ ਕੋਲੋਂ ਪੈਸੇ ਵਸੂਲੇ। ਨਾਲ ਹੀ ਪੁਲਸ ਨੇ ਕ੍ਰਿਸ਼ਨ ਕੁਮਾਰ ਅਤੇ ਉਨ੍ਹਾਂ ਦੀ ਧੀ ਦੀ ਸ਼ਿਕਾਇਤ ’ਤੇ ਉਕਤ ਮਹਿਲਾ ਮੁਲਾਜ਼ਮ ਵਿਰੁੱਧ ਵੀ ਗਬਨ ਦਾ ਮਾਮਲਾ ਦਰਜ ਕੀਤਾ ਹੈ। ਮਿਊਜ਼ੀਅਮ ਪੁਲਸ ਸਟੇਸ਼ਨ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੋਵੇਂ ਮਾਮਲੇ ਦਰਜ ਕਰ ਲਏ ਗਏ ਹਨ। ਅਸੀਂ ਸ਼ਿਕਾਇਤਾਂ ਦੇ ਨਾਲ ਪੇਸ਼ ਕੀਤੇ ਗਏ ਸਾਰੇ ਸਬੂਤਾਂ ਦੀ ਜਾਂਚ ਕਰ ਰਹੇ ਹਾਂ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਦੌਰਾਨ ਕ੍ਰਿਸ਼ਨ ਕੁਮਾਰ ਨੇ ਇਕ ਟੀ. ਵੀ. ਚੈਨਲ ਨੂੰ ਦੱਸਿਆ ਕਿ ਜਦੋਂ ਦੀਆ ਗਰਭਵਤੀ ਸੀ ਤਾਂ ਉਹ ਆਪਣੇ ਕਾਰੋਬਾਰ ’ਤੇ ਧਿਆਨ ਕੇਂਦ੍ਰਿਤ ਨਹੀਂ ਕਰ ਸਕਦੀ ਸੀ। ਉਸ ਸਮੇਂ ਦੌਰਾਨ ਉੱਥੇ ਕੰਮ ਕਰਨ ਵਾਲੀਆਂ ਤਿੰਨ ਮਹਿਲਾ ਮੁਲਾਜ਼ਮਾਂ ਨੇ ਕੰਪਨੀ ਨਾਲ ਲਗਭਗ 69 ਲੱਖ ਰੁਪਏ ਦਾ ਗਬਨ ਕੀਤਾ। ਅਦਾਕਾਰ ਨੇ ਦਾਅਵਾ ਕੀਤਾ ਕਿ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤੇ ਮੈਂ ਪੁਲਸ ਕਾਰਵਾਈ ਕਰਨ ਦੀ ਗੱਲ ਕੀਤੀ ਤਾਂ ਉਹ ਔਰਤਾਂ ਆਪਣੇ ਪਤੀਆਂ ਨਾਲ ਉਸ ਨੂੰ ਮਿਲਣ ਆਈਆਂ ਅਤੇ ਗਬਨ ਦਾ ਇਕਬਾਲ ਕੀਤਾ।


author

cherry

Content Editor

Related News